

ਮੈਂ ਇਹ ਨਹੀਂ ਕਹਿ ਰਿਹਾ ਕਿ ਰਿਵਾਜ ਸਦਾ ਹੀ ਸੁੰਦਰ ਅਤੇ ਸੁਖਾਵੇਂ ਹੁੰਦੇ ਹਨ ਅਤੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਜ਼ਰੂਰ ਹੀ ਗਲਤ ਹੁੰਦੇ ਹਨ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਰਿਵਾਜ ਸਮਾਂ ਪਾ ਕੇ ਗਲਤ ਹੋ ਜਾਂਦੇ ਹਨ ਪਰ ਉਨ੍ਹਾਂ ਦਾ ਵਿਰੋਧ ਆਪਣੇ ਜਨਮ ਤੋਂ ਹੀ ਗਲਤ ਹੁੰਦਾ ਹੈ। ਰਿਵਾਜਾਂ ਦਾ ਵਿਰੋਧ ਜਾਂ ਇਨ੍ਹਾਂ ਦੀ ਆਲੋਚਨਾ ਜੀਵਨ ਵਿੱਚ ਤਲਖ਼ੀ ਅਤੇ ਉਦਾਸੀ ਪੈਦਾ ਕਰਦੀ ਹੈ ਅਤੇ ਰਿਵਾਜਾਂ ਨੂੰ ਪਰੰਪਰਾਵਾਂ ਵਿੱਚ ਪਰਿਵਰਤਿਤ ਹੋਣ ਦਾ ਅਵਸਰ ਦਿੰਦੀ ਹੈ। ਇਸ ਲਈ ਰਿਵਾਜਾਂ ਦੀ ਆਲੋਚਨਾ ਕਰਨ ਦੀ ਥਾਂ ਕੇਵਲ ਉਨ੍ਹਾਂ ਰਿਵਾਜਾਂ ਦਾ ਪਾਲਣ ਕੀਤਾ ਜਾਵੇ ਜਿਨ੍ਹਾਂ ਦੀ ਪਾਲਣਾ ਕਰਨ ਜੋਗੀ ਸਮਰੱਥਾ ਸਾਡੇ ਵਿੱਚ ਹੈ; ਬਾਕੀਆਂ ਦੀ ਹੋਂਦ ਨੂੰ ਸਵੀਕਾਰ ਹੀ ਨਾ ਕੀਤਾ ਜਾਵੇ, ਉਨ੍ਹਾਂ ਵੱਲੋਂ ਬੇ-ਖ਼ਬਰ ਜਾਂ ਬੇ-ਧਿਆਨ ਰਿਹਾ ਜਾਵੇ; ਉਨ੍ਹਾਂ ਦੀ ਆਲੋਚਨਾ ਕਰਨ ਦਾ ਭਾਵ ਹੈ ਕਿ ਅਸੀਂ ਉਨ੍ਹਾਂ ਵੱਲੋਂ ਬੇ-ਖ਼ਬਰ ਜਾਂ ਅਣਜਾਣ ਨਹੀਂ ਹਾਂ ਅਤੇ ਆਲੋਚਨਾ ਦਾ ਨਤੀਜਾ ਭੁਗਤਣ ਨੂੰ ਤਿਆਰ ਹਾਂ।
ਮੱਧਕਾਲ ਵਿਅਕਤੀ ਵਿਸ਼ੇਸ਼ ਦਾ ਯੁਗ ਸੀ; ਵਿਅਕਤੀ ਵਿਸ਼ੇਸ਼ ਦਾ ਯੁਗ ਹੋਣ ਕਰਕੇ ਹਉਮੈ ਅਤੇ ਹੈਂਕੜ ਦਾ ਯੁਗ ਸੀ; ਹੈਂਕੜ ਦਾ ਯੁਗ ਹੋਣ ਕਰਕੇ ਪਰੰਪਰਾ ਦਾ ਯੁਗ ਸੀ। ਇੱਕ ਤਾਂ ਉਸ ਸਮੇਂ ਜੀਵਨ ਦੀ ਤੋਰ ਮੱਧਮ ਸੀ ਅਤੇ ਦੂਜੇ ਇਉਂ ਜਾਪਦਾ ਸੀ ਕਿ ਸੱਭਿਅਤਾ ਨੇ ਆਪਣੀ ਸਿਖਰ ਛੂਹ ਲਈ ਹੈ। ਖੇਤੀ ਅਤੇ ਵਪਾਰ ਮਨੁੱਖ ਦੇ ਮੁੱਖ ਧੰਦੇ, ਮਜ਼ਹਬ ਮਨੁੱਖ ਦੀ ਅੰਤਲੀ ਟੇਕ, ਰਾਜੇ ਅਤੇ ਹਜਵਾੜੇ ਸਮਾਜਾਂ ਦੇ ਸਦੀਵੀ ਸੰਚਾਲਕ, ਹਥਿਆਰ, ਹਿੰਸਾ ਅਤੇ ਹੱਤਿਆ ਤਾਜਾਂ ਤਖ਼ਤਾਂ ਦੇ ਵਟਾਂਦਰੇ ਦੇ ਸਤਿਕਾਰਯੋਗ ਸਾਧਨ ਬਣੇ ਰਹਿਣਗੇ; ਇਹ ਮਨੁੱਖਤਾ ਦਾ ਦ੍ਰਿੜ੍ਹ ਵਿਸ਼ਵਾਸ ਹੀ ਨਹੀਂ ਸਗੋਂ ਸਰਵਗਿਆ ਅਤੇ ਸਰਵ-ਸ਼ਕਤੀਮਾਨ ਦੀ ਇੱਛਾ ਵੀ ਮੰਨੀ ਜਾਂਦੀ ਸੀ। ਇਸ ਹਾਲਤ ਵਿੱਚ ਕੋਈ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ; ਕਠੋਰ ਅਤੇ ਅਟੱਲ ਭੂਗੋਲਿਕ ਪਰਿਸਥਿਤੀਆਂ ਵਿੱਚੋਂ ਜਿਸ ਜਿਸ ਪ੍ਰਕਾਰ ਦੀ ਜੀਵਨ- ਜਾਚ ਨੇ ਜਨਮ ਲਿਆ ਹੈ ਉਹ ਸਦਾ ਕਾਇਮ ਰਹੇਗੀ; ਇਹ ਸਾਰੇ ਵਿਸ਼ਵਾਸ ਪਰੰਪਰਾ ਦੇ ਸਤਿਕਾਰ ਦੀ ਸਲਾਹ ਦਿੰਦੇ ਸਨ। ਜੀਵਨ ਇਸ ਸਲਾਹ ਦਾ ਸਤਿਕਾਰ ਕਰਦਾ ਸੀ। ਧਰਤੀ ਦੇ ਜਿਸ ਜਿਸ ਹਿੱਸੇ ਉੱਤੇ ਖੇਤੀ ਦੀ ਪ੍ਰਧਾਨਤਾ ਹੈ ਓਥੇ ਓਥੇ ਹੁਣ ਵੀ ਜੀਵਨ ਆਪਣੇ ਮੱਧਕਾਲੀਨ ਅਸਲੇ ਅਨੁਸਾਰ ਜੀਵਿਆ ਜਾਂਦਾ ਹੈ ਅਤੇ ਰਵਾਇਤ ਸਤਿਕਾਰੀ ਜਾਂਦੀ ਹੈ। ਉੱਨਤ ਮਸ਼ੀਨੀ ਸਮਾਜਾਂ ਵਿੱਚ ਹਾਲਤ ਬਦਲ ਚੁੱਕੀ ਹੈ। ਓਸ਼ੋ ਜੋ ਕੋਈ ਪਰੰਪਰਾ ਦਾ ਆਦਰ ਕਰਦਾ ਹੈ ਤਾਂ ਕੇਵਲ ਆਪਣੀ ਮਰਜ਼ੀ ਨਾਲ, ਸਮਾਜਕ ਆਲੋਚਨਾ ਦੇ ਡਰ ਕਰ ਕੇ ਨਹੀਂ।
ਵਿੱਦਿਆ, ਵਾਪਾਰ ਅਤੇ ਸੂਚਨਾ-ਸੰਚਾਰ ਸਾਧਨਾਂ ਦੇ ਫੈਲਾਓ ਨਾਲ ਉੱਨਤੀ ਕਰ ਰਹੇ ਦੇਸ਼ਾਂ ਵਿੱਚ ਵੀ ਹਾਲਤ ਬਦਲ ਰਹੀ ਹੈ। ਪਰੰਤੂ ਅਸੀਂ ਸੁਧਾਰਾਂ ਦੀ ਸਫਲਤਾ ਨੂੰ ਉਡੀਕਦੇ ਰਹਿ ਕੇ ਆਪਣੇ ਵਰਤਮਾਨ ਦੀ ਖੁਸ਼ੀ ਤੋਂ ਵਿਰਵੇ ਨਹੀਂ ਰਹਿਣਾ ਚਾਹੁੰਦੇ। ਇਸ ਲਈ ਰਿਵਾਜਾਂ ਅਤੇ ਰਵਾਇਤਾਂ ਦੀ ਅਸਲੀਅਤ ਤੋਂ ਜਾਣੂੰ ਹੋ ਕੇ ਸਾਨੂੰ ਇਨ੍ਹਾਂ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਬਦਲਣ ਦੀ ਲੋੜ ਹੈ। ਇਨ੍ਹਾਂ ਨੂੰ ਧੁਰੋਂ ਆਈਆਂ ਹੋਈਆਂ ਮਜਬੂਰੀਆਂ ਨਾ ਮੰਨਦੇ ਹੋਏ ਆਪਣੀ ਮਰਜ਼ੀ ਨਾਲ ਉਪਜਾਈਆਂ ਹੋਈਆਂ ਸਹੂਲਤਾਂ ਸਮਝਣ ਨਾਲ ਸਾਡਾ ਦ੍ਰਿਸ਼ਟੀਕੋਣ ਬਦਲਣ ਲੱਗ ਪਵੇਗਾ।
ਜੀਵਨ ਵਿੱਚ ਬਹੁਤੀ ਚਿੰਤਾ ਪਰੰਪਰਾਵਾਂ ਦੇ ਪਾਲਣ ਦੀ ਅਯੋਗਤਾ ਵਿੱਚੋਂ ਨਹੀਂ