

ਇਸ ਸੱਚ ਦੀ ਸਿਆਣ ਵਿੱਚ ਪ੍ਰਸੰਨਤਾ ਦਾ ਭੇਤ ਹੈ। ਜਿਸ ਦੇ ਮਨ ਵਿੱਚ ਇਹ ਸ਼ੋਕ ਨਹੀਂ, ਉਹ ਪਰੰਪਰਾ-ਪਾਲਣ ਦੀ ਅਯੋਗਤਾ ਕਾਰਨ ਉਦਾਸ ਨਹੀਂ ਹੋਵੇਗਾ। ਇਹ ਨਹੀਂ ਕਿ ਲੋਕ ਉਸ ਦੀ ਅਯੋਗਤਾ ਦੀ ਚਰਚਾ ਨਹੀਂ ਕਰਨਗੇ, ਸਗੋਂ ਇਹ ਕਿ ਉਹ ਜਾਣਦਾ ਹੋਵੇਗਾ ਕਿ ਲੋਕ ਉਸਦੀ 'ਅਯੋਗਤਾ' ਦੀ ਜਾਂ ਪਰੰਪਰਾ-ਮੁਕਤ ਹੋਣ ਦੀ 'ਯੋਗਤਾ' ਦੀ ਗੱਲ ਨਹੀਂ ਕਰ ਰਹੇ; ਉਹ ਆਪਣਾ ਨਿੰਦਾ ਝੱਸ ਪੂਰਾ ਕਰ ਰਹੇ ਹਨ; ਉਨ੍ਹਾਂ ਨੂੰ 'ਪਰਸੀਕਿਊਸ਼ਨ ਦਾ ਮੇਨੀਆਂ' ਹੈ; ਉਹ ਬਦਖੋਈ ਰਾਹੀਂ ਆਪਣੀ ਇਹ ਭੁੱਖ ਪੂਰੀ ਕਰ ਰਹੇ ਹਨ ਕਿਉਂਜੁ ਅਸਲ ਵਿੱਚ ਉਹ ਕੁਝ ਵਿਗਾੜ ਸਕਣ ਦੇ ਅਸਮਰੱਥ ਹਨ।
ਜਿਸ ਨੂੰ ਲੋਕਾਂ ਦੇ ਕਾਰਜਾਂ ਵਿਚਲੇ ਕਜ ਵੇਖਣ ਦਾ ਬੱਸ ਹੈ ਉਸ ਨੂੰ ਆਪਣੇ ਕਾਰਜਾਂ ਸਮੇਂ ਰਿਵਾਜ ਅਤੇ ਪਰੰਪਰਾ ਦਾ ਉਚੇਚਾ ਧਿਆਨ ਰੱਖਣਾ ਪਵੇਗਾ। ਬਹੁਤਾ ਉਚੇਚ ਮਾਨਸਿਕ ਤਣਾਉ ਪੈਦਾ ਕਰ ਕੇ ਖ਼ੁਸ਼ੀ ਦੇ ਮੌਕਿਆਂ ਨੂੰ ਉਦਾਸ ਅਤੇ ਬੋਝਲ ਬਣਾ ਦਿੰਦਾ ਹੈ।
ਜੇ ਅਤੇ ਜਦੋਂ ਸਾਡਾ ਰਿਵਾਜ ਅਤੇ ਸਾਡੀ ਪਰੰਪਰਾ ਸਾਡੇ ਲਈ ਬੋਝਲ ਬਣ ਜਾਵੇ ਤਾਂ ਅਤੇ ਕਦੋਂ ਉਸ ਨੂੰ ਸਮਾਜ ਦੀ ਬੁਰੀ ਆਦਤ ਆਖਿਆ ਜਾਣ ਵਿੱਚ ਬੁਰਾਈ ਨਹੀਂ। ਕਿਸੇ ਵੀ ਆਦਤ ਦਾ ਤਿਆਗ ਸੁਖਦਾਇਕ ਹੋ ਸਕਦਾ ਹੈ ਪਰ ਸੌਖਾ ਨਹੀਂ।