

ਉੱਚਿਤ ਹੈ। ਮੈਂ ਏਥੇ ਸਾਧਾਰਣ ਲੋਕਾਂ ਦੀ ਸਾਧਾਰਣ ਖ਼ੁਸ਼ੀ ਦੀ ਗੱਲ ਕਰ ਰਿਹਾ ਹਾਂ। ਨਾ ਹੀ ਮੈਂ ਇਹ ਕਹਿ ਰਿਹਾ ਹਾਂ ਕਿ ਸਾਨੂੰ ਆਪਣੀਆਂ ਕਮਜ਼ੋਰੀਆਂ ਦਾ ਢੰਡੋਰਾ ਪਿੱਟਣਾ ਚਾਹੀਦਾ। ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਆਪਣੀਆਂ ਯੋਗਤਾਵਾਂ ਦੀ ਸੀਮਾ ਦਾ ਲੋੜੀਂਦਾ ਗਿਆਨ ਹੋਣਾ ਚਾਹੀਦਾ ਹੈ। ਸਾਡਾ ਹਰ ਜਤਨ ਆਪਣੀਆਂ ਯੋਗਤਾਵਾਂ ਦੇ ਗਿਆਨ ਦੀ ਰੋਸ਼ਨੀ ਵਿੱਚ ਹੋਣਾ ਲੋੜੀਂਦਾ ਹੈ। ਇਹ ਬਹੁਤ ਜ਼ਰੂਰੀ ਹੈ ਕਿ ਸਾਡਾ ਜਤਨ ਸਾਡੀ ਯੋਗਤਾ ਦੀ ਸੀਮਾ ਤਕ ਪਹੁੰਚਣ ਤੋਂ ਪਹਿਲਾਂ ਪਹਿਲਾਂ ਤਿਆਗ ਵਿੱਚ ਬਦਲ ਜਾਵੇ। ਪੱਥਰ ਚੱਟ ਕੇ ਮੁੜਨ ਵਾਲੀ ਮੱਛੀ ਮਾਹੀਗੀਰ ਦੀ ਸੁੱਟੀ ਹੋਈ ਕੁੰਡੀ ਨੂੰ ਮੂੰਹ ਮਾਰਨ ਦੀ ਭੁੱਲ ਕਰਨ ਬਚ ਨਹੀਂ ਸਕਦੀ। ਨਾਮੁਮਕਿਨ ਦੀ ਹੋਂਦ ਤੋਂ ਇਨਕਾਰੀ ਹੋਣਾ ਕੁਝ ਇੱਕ ਅਸਾਧਾਰਣ ਹੰਕਾਰੀਆਂ ਦੇ ਵੱਡੇ ਆਇਆ ਹੈ । ਉਹ ਨਾ ਤਾਂ ਜਨ-ਸਾਧਾਰਣ ਦੇ ਪ੍ਰਤੀਨਿਧੀ ਹੀ ਹਨ ਅਤੇ ਨਾ ਹੀ ਪ੍ਰਸੰਨ। ਉਹ ਨਾਮੁਮਕਿਨ ਦੇ ਸਨਮੁਖ ਹੋਣ ਦਾ ਹੀਆ ਨਹੀਂ ਕਰ ਸਕਦੇ; ਪਾਗਲ ਹੋ ਜਾਂਦੇ ਹਨ ਜਾਂ ਆਤਮ-ਹੱਤਿਆ ਕਰ ਲੈਂਦੇ ਹਨ।
ਸਾਧਾਰਣ ਵਿਅਕਤੀ ਨੂੰ ਮੁਮਕਿਨ ਅਤੇ ਨਾਮੁਮਕਿਨ ਦੇ ਫ਼ਰਕ ਤੋਂ ਜਾਣੂੰ ਹੋਣਾ ਚਾਹੀਦਾ ਹੈ ਅਤੇ ਇਹ ਔਖਾ ਕੰਮ ਨਹੀਂ। ਤਰੱਕੀ ਦੀ ਦੌੜ ਦੌੜਦਿਆਂ ਹੋਇਆ ਈਰਖਾ, ਲੋਭ ਅਤੇ ਹੰਕਾਰ ਵੱਸ ਆਪਣੀਆਂ ਯੋਗਤਾਵਾਂ ਅਤੇ ਅਯੋਗਤਾਵਾਂ ਵੱਲੋਂ ਬੇ-ਧਿਆਨ ਹੋ ਕੇ ਆਪਣੇ ਸਮੁੱਚੇ ਆਪੇ ਦਾ ਨਿਰਾਦਰ ਕਰਨ ਵਾਲਾ ਵਿਅਕਤੀ ਭਾਣੇ ਦੇ ਵਿਸ਼ਵਾਸ ਨੂੰ ਆਪਣੇ ਸਾਧਾਰਣ ਜੀਵਨ ਦਾ ਵਿਗਿਆਨਕ ਹਿੱਸਾ ਨਹੀਂ ਬਣਾ ਸਕਿਆ। ਉਸ ਲਈ ਇਹ ਵਿਚਾਰ ਕਿਸੇ ਅਟੱਲ ਬੇ-ਬਸੀ ਵਿੱਚ ਧਰਵਾਸ ਦਾ ਸਾਧਨ ਜ਼ਰੂਰ ਬਣ ਸਕਦਾ ਹੈ ਪਰ ਸਾਧਾਰਣ ਜੀਵਨ ਦੀ ਸਾਧਾਰਣ ਖ਼ੁਸ਼ੀ ਦਾ ਸੋਮਾ ਨਹੀਂ ਹੋ ਸਕਦਾ।
ਜਿਸ ਨੂੰ ਇਹ ਪਤਾ ਹੈ ਕਿ ਮੇਰਾ ਪੁਰਸ਼ਾਰਥ ਕਿਥੇ ਅੰਤ ਹੋ ਕੇ ਤਿਆਗ ਵਿੱਚ ਬਦਲ ਜਾਣਾ ਚਾਹੀਦਾ ਹੈ ਉਹ ਭਾਣੇ ਦੀ ਵਿਗਿਆਨਕ ਵਰਤੋਂ ਕਰ ਰਿਹਾ ਹੈ। ਉਹ ਥੱਕ ਕੇ ਡਿੱਗਣ ਤੋਂ ਪਹਿਲਾਂ ਆਰਾਮ ਨਾਲ ਬੈਠ ਜਾਂਦਾ ਹੈ। ਉਹ ਆਪਣੀ ਯੋਗਤਾ ਦੀ ਸੀਮਾ ਤੋਂ ਇੱਕ ਦੋ ਕਦਮ ਉਰੇ ਰੁਕ ਜਾਂਦਾ ਹੈ । ਉਸ ਨੂੰ ਪਤਾ ਹੈ ਕਿ ਤੀਹ ਕਿੱਲੋ ਭਾਰ ਚੁੱਕ ਸਕਣ ਵਾਲਾ ਆਦਮੀ ਜੇ ਵੀਹ ਕਿੱਲੇ ਚੁੱਕੇ ਤਾਂ ਉਸ ਨੂੰ ਸ਼ਰਮਿੰਦੇ ਹੋਣ ਦੀ ਲੋੜ ਨਹੀਂ ਅਤੇ ਨਾ ਹੀ ਸਹੂਲਤ ਦੀ ਚਿੰਤਾ ਕਰਨ ਦੀ ਲੋੜ ਹੈ। ਸਹੂਲਤ ਉਸ ਦਾ ਸਾਥ ਦੇ ਰਹੀ ਹੈ; ਸ਼ਰਮਿੰਦੇ ਉਹ ਹੋਣ ਜਿਨ੍ਹਾਂ ਦੀ ਕਮਰ ਭਾਰ ਨੇ ਕੁੱਬੀ ਕਰ ਰੱਖੀ ਹੈ।