

ਵੱਡੇ ਸ਼ਹਿਰਾਂ ਦੇ ਵਸਨੀਕਾਂ ਵਿੱਚ ਅਪਣੱਤ ਦੀ ਘਾਟ ਦਾ ਗਿਲਾ ਬਹੁਤ ਪੁਰਾਣਾ ਅਤੇ ਪ੍ਰਬਲ ਹੈ। ਸ਼ਹਿਰੀ ਦੇ ਅਰਥ ਹਨ ਨਾਗਰਿਕ ਜਾਂ ਸਿਟੀਜ਼ਨ ਪਰ "ਸ਼ਹਿਰੀਆਂ" ਦਾ ਅਰਥ ਹੈ ਅਪਣੱਤ ਦੀ ਭਾਵਨਾ ਤੋਂ ਸੱਖਣਾ ਆਦਮੀ। ਜਿੱਥੋਂ ਦੇ ਵਸਨੀਕਾਂ ਵਿੱਚ ਅਪਣੱਤ ਦੀ ਘਾਟ ਹੋਵੇ ਓਥੇ "ਰੂਲ ਆਵ ਲਾਅ" ਹੀ ਜੀਵਨ ਦੀ ਸੁਰੱਖਿਆ ਅਤੇ ਜੀਵਨ ਦੇ ਸਤਿਕਾਰ ਦਾ ਇੱਕੋ ਇੱਕ ਸਹਾਰਾ ਹੁੰਦਾ ਹੈ। ਰੂਲ ਆਵ ਲਾਅ (Rule of Law) ਦਾ ਮਤਲਬ ਹੈ ਕਾਨੂੰਨ ਦਾ ਮਜ਼ਬੂਤ, ਨਿਰਪੱਖ, ਸਤਿਕਾਰਯੋਗ ਅਤੇ ਸਰਵ ਵਿਆਪਕ ਹੋਣਾ। ਜਿਥੇ ਅਪਣੱਤ ਦੀ ਘਾਟ ਦੇ ਨਾਲ ਨਾਲ ਰੂਲ ਆਵ ਲਾਅ ਵੀ ਨਾ ਹੋਵੇ ਓਥੇ ਹਰ ਆਦਮੀ ਹਰ ਥਾਂ ਅਤੇ ਹਰ ਸਮੇਂ ਕਿਸੇ ਨਾ ਕਿਸੇ ਫੈਸਲੇ ਦੀ ਦੁਚਿੱਤੀ ਵਿੱਚ ਹੁੰਦਾ ਹੈ। ਇਹ ਮਨੁੱਖੀ ਮਨੋ-ਸਥਿਤੀ ਤਰਸਯੋਗ ਹੁੰਦੀ ਹੈ। ਇੱਕ ਉਦਾਹਰਣ ਨਾਲ ਇਸ ਮਨੋ-ਸਥਿਤੀ ਦੀ ਗੰਭੀਰਤਾ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰਦਾ ਹਾਂ।
ਅਸੀਂ ਸਾਰੇ ਹੀ ਥੋੜੀ ਜਹੀ ਕੋਸ਼ਿਸ਼ ਨਾਲ ਉਸ ਦਿਨ ਦੀ ਮੱਧਮ ਜਹੀ ਯਾਦ ਆਪਣੇ ਮਨਾਂ ਵਿੱਚ ਉਜਾਗਰ ਕਰ ਸਕਦੇ ਹਾਂ ਜਿਸ ਦਿਨ ਅਸੀਂ ਪਹਿਲੀ ਵੇਰ ਸਕੂਲ ਗਏ ਸਾਂ। ਸਾਡੇ ਮਾਸੂਮ ਮਨ ਵਿੱਚ ਕਿੰਨੇ ਸ਼ੰਕੇ ਸਨ, ਕਿੰਨੇ ਭੈ ਸਨ। ਅਸੀ ਕਿਨੇ ਉਦਾਸ ਅਤੇ ਬੇ-ਬੱਸ ਸਾਂ । ਸਾਨੂੰ ਸਮਝ ਨਹੀਂ ਸੀ ਆ ਰਹੀ ਕਿ ਸਾਡਾ ਆਪਣਾ ਹੀ ਕੋਈ ਸਕਾ ਸਨੇਹੀ, ਪਿਤਾ ਜਾਂ ਭਰਾ, ਸਾਨੂੰ ਆਪਣੇ ਘਰੋਂ, ਆਪਣਿਆਂ ਤੋਂ ਪਰੇ ਕਿਸੇ ਪਰਾਏ ਥਾਂ ਕਿਉਂ ਲੈ ਜਾ ਰਿਹਾ ਹੈ। ਜਦੋਂ ਸਾਡਾ ਪਿਤਾ ਸਾਨੂੰ ਸਕੂਲ ਦਾਖ਼ਲ ਕਰਵਾ ਕੇ ਸਕੂਲੋਂ ਪਰਤਣ ਲੱਗਾ ਸੀ ਤਾਂ ਸਾਡਾ ਜੀ ਕੀਤਾ ਸੀ ਕਿ ਉਹ ਸਾਨੂੰ ਓਥੇ ਛੱਡ ਕੇ ਨਾ ਜਾਵੇ; ਆਪਣੇ ਨਾਲ ਲੈ ਜਾਵੇ। ਉਹ ਸਾਨੂੰ ਛੱਡ ਕੇ ਚਲਾ ਗਿਆ ਸੀ: ਅਸੀਂ ਕਿੰਨੇ ਰੋਏ ਸਾਂ। ਅਧਿਆਪਕ ਦਾ ਸਾਰਾ ਜਤਨ ਸਾਨੂੰ ਸ਼ਾਂਤ ਨਹੀਂ ਸੀ ਕਰ ਸਕਿਆ; ਅੰਤ ਵਿੱਚ ਉਸ ਨੇ ਲੈ ਦਾ "ਧਾਰਮਕ" ਤਰੀਕਾ ਵਰਤ ਕੇ ਸਾਨੂੰ ਚੁੱਪ ਕਰਾ ਦਿੱਤਾ ਸੀ। ਅਸੀਂ ਚੁੱਪ ਕਰ ਗਏ ਸਾਂ ਪਰ ਉਸ ਓਪਰੇ, ਅਮਿੱਤ੍ਰ ਮਾਹੌਲ ਵਿੱਚ ਸਾਡੇ ਮਨ ਦੇ ਨਾਲ ਨਾਲ ਸਮਾਂ ਵੀ ਕਿਸੇ ਅਮਿਣਵੇਂ ਭਾਰ ਹੇਠ ਦੱਬਿਆ ਗਿਆ ਸੀ। ਹੌਲੀ ਹੌਲੀ ਬੀਤਦੇ ਸਮੇਂ ਨੇ ਸਾਡੇ ਸਕੂਲ ਵਿਚਲੇ ਪਹਿਲੇ ਦਿਨ ਨੂੰ ਕਈ ਦਿਨਾਂ ਜੇਡਾ ਲੰਮਾ ਕਰ ਦਿੱਤਾ ਸੀ। ਸਮਾਂ ਏਨਾ ਨਿਰਦਈ ਵੀ ਹੋ ਸਕਦਾ ਹੈ ਇਸ ਗੱਲ ਦਾ ਸਾਨੂੰ ਪਹਿਲੀ ਵੇਰ ਅਹਿਸਾਸ ਹੋਇਆ ਸੀ। ਅੱਧੀ ਛੁੱਟੀ ਹੋਈ ਸੀ ਤਾਂ ਸਾਨੂੰ ਘਰੋਂ ਲਿਆਂਦੀ ਹੋਈ ਪਰਾਉਂਠੀ ਦੇ ਸਵਾਦ ਨੇ ਆਕਰਸ਼ਿਤ ਨਹੀਂ ਸੀ ਕੀਤਾ। ਸਾਰੀ ਛੁੱਟੀ ਹੋਈ ਸੀ ਤਾਂ ਸਾਨੂੰ ਆਪਣੇ ਘਰ ਦਾ ਰਸਤਾ ਵੈਤਰਣੀ ਵਰਗਾ ਦੁਖਦਾਇਕ ਲੱਗਦਾ ਸੀ । ਜੇ ਸਾਡਾ ਕੋਈ ਆਪਣਾ ਸਾਨੂੰ ਲੈਣ ਨਾ ਆਇਆ ਹੁੰਦਾ ਤਾਂ ਅਸੀਂ ਆਪਣੇ ਘਰ ਵੀ ਨਾ ਜਾ ਸਕਦੇ। ਅਸੀਂ ਏਨੇ ਘਬਰਾਏ ਹੋਏ ਸਾਂ ਕਿ ਆਪਣੇ ਘਰ ਦੇ ਰਸਤੇ ਦਾ ਗਿਆਨ ਤਾਂ ਇੱਕ ਪਾਸੇ ਰਿਹਾ ਅਸੀਂ ਉਸ ਆਪਣੇ ਦੀ ਅਪਣੱਤ ਨੂੰ ਵੀ ਓਪਰਿਆਂ ਵਾਂਗ ਵੇਖ ਰਹੇ ਸਾਂ। ਸਾਨੂੰ ਆਪਣੇ ਨਾਲੋਂ ਦੂਰ ਕਰਨ ਵਾਲਾ ਇਹ ਕਿਹੋ ਜਿਹਾ ਆਪਣਾ ਹੈ!
ਮੈਂ ਆਪਣੀ ਪੋਤਰੀ, ਨੇਹਲ, ਨੂੰ ਨਰਸਰੀ ਛੱਡਣ ਜਾਂਦਾ ਰਿਹਾ ਹਾਂ । ਉਹ ਕਿਸੇ ਤਰ੍ਹਾਂ ਵੀ ਓਥੇ ਰਹਿਣਾ ਨਹੀਂ ਸੀ ਚਾਹੁੰਦੀ। ਅੰਤ ਇਹ ਤਰੀਕਾ ਵਰਤਿਆ ਗਿਆ ਕਿ ਸਕੂਲ ਦੇ ਇੱਕ ਕਮਰੇ ਵਿੱਚ ਮੇਰੇ ਬੈਠਣ ਦਾ ਪ੍ਰਬੰਧ ਕਰ ਦਿੱਤਾ ਗਿਆ। ਮੈਂ ਅੱਧੀ ਛੁੱਟੀ ਤਕ ਓਥੇ