

ਬੱਚਿਆਂ ਨੂੰ ਦੁਚਿੱਤੀ ਦੀ ਦੁਖਦਾਇਕ ਅਵਸਥਾ ਵਿੱਚੋਂ ਬਾਹਰ ਰੱਖਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਓਪਰਿਆਂ ਦੇ ਨੇੜ ਵਿੱਚ ਇਕੱਲੇ ਨਾ ਛੱਡਿਆ ਜਾਵੇ। ਇਉਂ ਕਰ ਕੇ ਅਸੀਂ ਉਨ੍ਹਾਂ ਨੂੰ ਫੈਸਲੇ ਦੀ ਜਾਚ ਨਹੀਂ ਸਿਖਾਅ ਸਕਦੇ ਸਗੋਂ ਦੁਚਿੱਤੀ ਦਾ ਕਸ਼ਟ ਭੋਗਣ ਲਈ ਮਜਬੂਰ ਕਰ ਰਹੇ ਹੋਵਾਂਗੇ। ਬੱਚੇ ਨੂੰ ਕਿਸ ਸਕੂਲ ਵਿੱਚ ਭੇਜਿਆ ਜਾਣਾ ਹੈ ਇਸ ਦਾ ਫੈਸਲਾ ਕੁਝ ਚਿਰ ਪਹਿਲਾਂ ਹੀ ਕਰ ਕੇ, ਉਸ ਸਕੂਲ ਨਾਲ ਬੱਚੇ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਸਾਡੇ ਆਂਢ-ਗੁਆਂਢ ਦੇ ਬੱਚਿਆਂ ਨੇ ਉਸੇ ਸਕੂਲ ਵਿੱਚ ਜਾਣਾ ਹੋਵੇ ਤਾਂ ਉਨ੍ਹਾਂ ਨਾਲ ਬੱਚੇ ਦੀ ਮਿੱਤ੍ਰਤਾ ਵਧਾਉਣ ਦਾ ਜਤਨ ਕਰਨਾ ਲਾਹੇਵੰਦਾ ਹੋ ਸਕਦਾ ਹੈ। ਜੇ ਸਾਡੇ ਬੱਚੇ ਤੋਂ ਵਡੇਰੀ ਉਮਰ ਦੇ ਬੱਚੇ ਉਸ ਸਕੂਲ ਵਿੱਚ ਜਾ ਰਹੇ ਹੋਣ ਤਾਂ ਉਨ੍ਹਾਂ ਨੂੰ ਸਮੇਂ ਸਮੇਂ ਘਰ ਬੁਲਾ ਕੇ, ਬੱਚਿਆਂ ਦੀਆਂ ਪਾਰਟੀਆਂ ਕਰ ਕੇ ਜਾਂ ਪਿਕਨਿਕ ਆਦਿਕਾਂ ਦਾ ਪ੍ਰਬੰਧ ਕਰ ਕੇ ਉਨ੍ਹਾਂ ਵਿੱਚ ਜਾਣਕਾਰੀ ਅਤੇ ਮਿੱਤਰਾ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ।
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਸਾਰੇ ਯਤਨਾਂ ਨਾਲ ਅਸੀਂ ਪਰਾਇਆ ਜਾਂ ਅਣਜਾਣੇ ਆਦਮੀਆਂ ਬਾਰੇ ਦੁਚਿੱਤੀ ਦੀ ਪਰਵਿਰਤੀ ਨੂੰ ਮਨੁੱਖੀ ਮਨ ਵਿੱਚੋਂ ਸਮੁੱਚੇ ਤੌਰ ਉੱਤੇ ਕੱਢਣ ਵਿੱਚ ਸਫਲ ਨਹੀਂ ਹੋ ਸਕਦੇ। ਅਸੀਂ ਆਪਣੀ ਸਾਂਝ ਅਤੇ ਜਾਣਕਾਰੀ ਦਾ ਘੇਰਾ ਕਿੰਨਾ ਵੀ ਵਿਸ਼ਾਲ ਕਿਉਂ ਨਾ ਕਰ ਲਈਏ, ਬਹੁਤੇ ਲੋਕ ਸਾਡੇ ਲਈ ਅਤੇ ਅਸੀਂ ਬਹੁਤਿਆਂ ਲਈ ਓਪਰੇ ਰਹਾਂਗੇ ਅਤੇ ਆਧੁਨਿਕ ਜੀਵਨ ਵਿੱਚ ਪੈਰ ਪੈਰ ਉੱਤੇ ਸਾਡਾ ਵਾਹ ਓਪਰਿਆਂ ਨਾਲ ਪਵੇਗਾ। ਜਿਸ ਬੱਸ ਜਾਂ ਟ੍ਰੇਨ ਵਿੱਚ ਬੈਠ ਕੇ ਅਸੀਂ ਸਵੇਰੇ ਕੰਮ ਉੱਤੇ ਜਾਂਦੇ ਹਾਂ ਉਸ ਵਿੱਚ ਬੈਠੇ ਸਾਰੇ ਆਦਮੀ ਸਾਡੇ ਲਈ ਓਪਰੇ ਹਨ। ਅਸੀਂ ਬੱਚੇ ਨਹੀਂ ਹਾਂ ਇਸ ਲਈ ਇਹ ਜਾਣਦੇ ਹਾਂ ਕਿ ਇਹ ਸਾਰੇ ਆਦਮੀ ਓਪਰੇ ਹੁੰਦਿਆ ਹੋਇਆਂ ਵੀ ਸਾਡੇ ਲਈ ਕਿਸੇ ਡਰ ਜਾਂ ਖ਼ਤਰੇ ਦਾ ਕਾਰਨ ਨਹੀਂ ਹਨ। ਇਹ ਕੁਝ ਜਾਣਦਿਆਂ ਹੋਇਆਂ ਵੀ ਸਾਡਾ ਅਰਧਚੇਤਨ ਮਨ ਦੁਚਿੱਤੀ ਦਾ ਦੁਖ ਭੋਗ ਰਿਹਾ ਹੁੰਦਾ ਹੈ ਜਦ ਕਿ ਸਾਡਾ ਚੇਤਨ ਮਨ ਇਸ ਦੁਖ ਵੱਲੋਂ ਬੇ-ਧਿਆਨ ਹੁੰਦਾ ਹੈ।
ਪ੍ਰਸ਼ਨ ਕੀਤਾ ਜਾ ਸਕਦਾ ਹੈ ਕਿ ਜਦੋਂ ਸਾਡੇ ਚੇਤਨ ਨੂੰ ਪਤਾ ਹੈ ਕਿ ਇਹ ਪਰਾਏ ਹੋ ਕੇ ਵੀ ਮੇਰੇ ਲਈ ਚਿੰਤਾ ਦਾ ਕਾਰਨ ਨਹੀਂ ਹਨ ਤਾਂ ਅਰਧਚੇਤਨ ਵਿੱਚ ਦੁਚਿੱਤੀ ਕਿਉਂ ? ਉੱਤਰ ਹੈ-ਪਰਵਿਰਤੀ ਦੇ ਕਾਰਣ। ਮੰਨ ਲਓ ਸਾਨੂੰ ਪੂਰਾ ਯਕੀਨ ਹੈ ਕਿ ਅੱਜ ਸਾਰਾ ਦਿਨ ਖਾਣ ਲਈ ਕੁਝ ਨਹੀਂ ਮਿਲੇਗਾ। ਸਾਡਾ ਇਹ ਗਿਆਨ ਸਾਡੀ ਭੁੱਖ ਦਾ ਇਲਾਜ ਨਹੀਂ ਕਰ ਸਕਦਾ ਜਾਂ ਸਾਨੂੰ ਭੁੱਖ ਮਹਿਸੂਸ ਕਰਨੋਂ ਨਹੀਂ ਰੋਕ ਸਕਦਾ। ਸਾਨੂੰ ਪਤਾ ਹੈ ਭੋਜਨ ਨਹੀਂ ਮਿਲੇਗਾ ਤਾਂ ਵੀ ਭੁੱਖ ਲੱਗੇਗੀ। ਇਵੇਂ ਹੀ ਸਾਨੂੰ ਪਤਾ ਹੈ ਕਿ ਇਹ ਓਪਰੇ ਲੋਕ ਸ਼ਰੂ ਨਹੀਂ ਹਨ ਨਾ ਹੀ ਸਾਨੂੰ ਇਨ੍ਹਾਂ ਪ੍ਰਤੀ ਮਿੱਤ੍ਰਤਾ ਜਾਂ ਬੜਤਾ ਦਾ ਵਤੀਰਾ ਅਪਣਾਉਣ ਬਾਰੇ ਕੋਈ ਫੈਸਲਾ ਕਰਨ ਦੀ ਲੋੜ ਹੀ ਪਵੇਗੀ, ਤਾਂ ਵੀ ਪਰਵਿਰਤੀ ਸਾਡੇ ਚੇਤਨ ਨੂੰ ਦੱਸੇ-ਪੁੱਛੇ ਬਿਨਾਂ, ਆਪਣਾ ਕੰਮ