

ਆਪਣੀ ਕਾਰ ਵਿੱਚ ਜਾਂ ਆਪਣੇ ਸਾਈਕਲ, ਮੋਟਰ ਸਾਈਕਲ ਆਦਿਕ ਉੱਤੇ ਕੰਮਾਂ ਉੱਤੇ ਜਾਣ ਵਾਲੇ ਲੋਕ ਓਨੀ ਦਿਮਾਗੀ ਥਕਾਵਟ ਨਹੀਂ ਭੋਗਦੇ ਜਿੰਨੀ ਬੱਸਾਂ-ਟ੍ਰੇਨਾਂ ਵਿਚ ਸਫ਼ਰ ਕਰਨ ਵਾਲੇ ਭੋਗਦੇ ਹਨ। ਬੱਸਾਂ-ਟ੍ਰੇਨਾਂ ਵਿੱਚ ਸਫ਼ਰ ਕਰਦਿਆਂ ਜੋ ਇੱਕ ਦੋ ਦੋਸਤ ਗੱਲਾਂ- ਬਾਤਾਂ ਕਰਨ ਲਈ ਨਾਲ ਹੋਣ ਤਾਂ ਇਹ ਥਕਾਵਟ ਨਹੀਂ ਹੁੰਦੀ। ਜਿਹੜੇ ਲੋਕ ਟ੍ਰੇਨ ਜਾਂ ਬੱਸ ਵਿੱਚ ਸਫ਼ਰ ਕਰਦਿਆਂ ਕੋਈ ਪੁਸਤਕ ਜਾਂ ਅਖ਼ਬਾਰ ਪੜ੍ਹਦੇ ਹਨ ਉਨ੍ਹਾਂ ਨੂੰ ਵੀ ਮਾਨਸਕ ਥਕਾਵਟ ਘੱਟ ਹੁੰਦੀ ਹੈ। ਭਾਰਤ ਦੀਆਂ ਰੇਲਵੇ ਟ੍ਰੇਨਾਂ ਵਿੱਚ ਦੋ-ਤਿੰਨ ਦਿਨ ਦੇ ਲੰਮੇ ਸਫ਼ਰ ਵਿੱਚ, ਹਲ ਕੇ ਤਾਸ਼ ਖੇਡਣ ਵਾਲੇ ਚਾਰ ਆਦਮੀ ਮਾਨਸਿਕ ਬਕਾਵਟ ਤੋਂ ਬਿਲਕੁਲ ਬਚੇ ਰਹਿੰਦੇ ਹਨ। ਕਾਰਨ ਇਹ ਹੈ ਕਿ ਉਨ੍ਹਾਂ ਦਾ ਚੇਤਨ ਕਿਸੇ ਕੰਮ ਵਿੱਚ ਲੱਗਾ ਰਹਿਣ ਕਰਕੇ ਅਰਧਚੇਤਨ ਨੂੰ ਓਪਰਿਆਂ ਬਾਰੇ ਫ਼ੈਸਲੇ ਦੀ ਦੁਚਿੱਤੀ ਦੀ ਪਰਵਿਰਤੀ ਵਿੱਚ ਪਰਵਿਰਤ ਨਹੀਂ ਹੋਣ ਦਿੰਦਾ।
ਮੈਂ ਸਫ਼ਰ ਦੀ ਇੱਕ ਮਿਸਾਲ ਦਿੱਤੀ ਹੈ। ਤੁਸੀਂ ਹੋਰ ਕਈ ਸੋਚ ਸਕਦੇ ਹੋ ਕਿਉਂਜੁ ਆਪੋ ਆਪਣੇ ਅਨੁਭਵ ਵਿੱਚ ਝਾਤੀ ਮਾਰ ਕੇ ਅਸੀਂ ਪਤਾ ਲਾ ਸਕਦੇ ਹਾਂ ਕਿ ਜੀਵਨ ਦੇ ਕਿਸ ਕਿਸ ਪੜਾਅ ਉੱਤੇ ਸਾਨੂੰ ਕਿਸ ਕਿਸ ਪ੍ਰਕਾਰ ਦੇ ਓਪਰਿਆਂ ਨਾਲ ਵਾਹ ਪੈਂਦਾ ਹੈ ਅਤੇ ਫੈਸਲੇ ਦੀ ਦੁਚਿੱਤੀ ਸਾਡੇ ਮਨ ਨੂੰ ਕਿੰਨਾ ਕੁ ਸਤਾਉਂਦੀ ਹੈ। ਜਦੋਂ ਅਸੀਂ ਨਹੀਂ ਜਾਣਦੇ ਕਿ ਕਿਸੇ ਦਫ਼ਤਰ ਦੇ ਬਾਬੂ ਨੇ ਸਾਡੇ ਕੋਲੋਂ ਕਿੰਨੀ ਰਿਸ਼ਵਤ ਲੈ ਕੇ ਸਾਡਾ ਕੰਮ ਕਰਨਾ ਹੈ ਉਦੋਂ ਅਸੀਂ ਕਿਸੇ ਜਾਣਕਾਰ ਨੂੰ ਵਿਚੋਲਾ ਬਣਾ ਕੇ ਫ਼ੈਸਲੇ ਦੀ ਖੇਚਲ ਤੋਂ ਬਚਣ ਦਾ ਉਪਰਾਲਾ ਕਰਦੇ ਹਾਂ। ਪਰਾਇਆਂ ਦਾ ਸਾਡੀ ਪ੍ਰਸੰਨਤਾ ਨਾਲ ਗੂਹੜਾ ਸੰਬੰਧ ਹੈ, ਪਰ ਹੈ ਜ਼ਰਾ ਉਲਟਾ ਜਿਹਾ। ਇਸ ਰੋਗ ਦਾ ਇਲਾਜ ਅਪਣੱਤ ਵਧਾਉਣ ਵਿੱਚ ਹੈ। ਮੈਂ ਓਪਰਿਆਂ ਨੂੰ ਆਪਣੇ ਬਣਾਉਣ ਦੀ ਹਾਸੋਹੀਣੀ ਸਲਾਹ ਨਹੀਂ ਦੇ ਰਿਹਾ ਸਗੋਂ ਆਪਣਿਆਂ ਨੂੰ ਓਪਰੇ ਬਣਾਉਣ ਦੀ ਗਲਤੀ ਨਾ ਕਰਨ ਨੂੰ ਕਹਿ ਰਿਹਾ ਹਾਂ। ਅਸੀਂ ਜਿਥੇ ਵੀ ਕੰਮ ਕਰਦੇ ਹਾਂ ਓਥੇ ਸਾਡੇ ਕੁਝ ਸਾਥੀ ਜ਼ਰੂਰ ਹਨ; ਉਹ ਸਾਡੇ ਕੁਲੀਗ ਹਨ ਸਾਡੇ ਆਪਣੇ ਹਨ। ਜੇ ਅਸੀਂ ਉਨ੍ਹਾਂ ਦੇ ਅਫ਼ਸਰ ਹਾਂ ਤਾਂ ਉਨ੍ਹਾਂ ਨਾਲ ਅਪਣੱਤ ਅਤੇ ਮਿੱਤ੍ਰਤਾ ਦਾ ਰਿਸ਼ਤਾ ਕਾਇਮ ਕਰਨ ਦੀ ਜ਼ਿੰਮੇਦਾਰੀ ਸਾਡੀ ਹੈ। ਇੱਕ ਮਿੱਠੀ ਜਹੀ ਮੁਸਕ੍ਰਾਹਟ; ਇੱਕ ਨਿੱਕੀ ਜਹੀ ਹੈਲੋ, ਹਊ ਆਰ ਯੂ ? ਥੋੜਾ ਜਿਹਾ ਦੋਸਤਾਨਾ ਰਵੱਈਆ, ਮਾਤਹਿਤਾਂ ਦੀਆਂ ਭੁੱਲਾਂ ਨੂੰ ਦਰਗੁਜ਼ਰ ਕਰਨ ਦੀ ਥੋੜੀ ਜਹੀ ਉਦਾਰਤਾ; ਉਨ੍ਹਾਂ ਦੇ ਬੱਚਿਆਂ ਦੀ ਤਾਲੀਮ ਅਤੇ ਸਿਹਤ ਬਾਰੇ ਥੋੜੀ ਜਹੀ ਪੁੱਛ-ਗਿੱਛ: ਕਿਸੇ ਲੋੜ ਸਮੇਂ ਘੰਟੇ-ਅੱਧੇ ਘੰਟੇ ਲਈ ਛੁੱਟੀ ਦੇ ਦੇਣ ਦੀ ਮਿੱਤਾ: ਲੰਚ ਵੇਲੇ ਕਦੇ ਕਦੇ ਉਨ੍ਹਾਂ ਨਾਲ ਬੈਠ ਕੇ ਖਾ ਲੈਣ ਦੀ ਖ਼ੁਸ਼ੀ ਸਾਲ ਵਿੱਚ ਇੱਕ ਦੋ ਵੇਰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲ ਕੇ ਨਿੱਕੀ ਮੋਟੀ ਪਿਕਨਿਕ ਅਤੇ ਏਹੋ ਜਹੇ ਕਈ ਹੋਰ ਕੰਮ ਹੋ ਸਕਦੇ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਓਪਰੇ ਬਣਨ ਤੋਂ ਰੋਕਿਆ ਜਾ ਸਕਦਾ ਹੈ ਅਤੇ ਅਪਣੱਤ ਦਾ ਆਨੰਦ ਲਿਆ ਜਾ ਸਕਦਾ ਹੈ। ਹਰ ਵੇਲੇ ਅਫ਼ਸਰੀ ਉਚਾਈ ਤੋਂ ਵੇਖਿਆਂ ਸਾਨੂੰ ਸਾਡੇ ਮਾਤਹਿਤ ਨੀਵੇਂ ਦਿਸਣਗੇ ਅਤੇ ਹਰ ਵੇਲੇ ਨੀਵਿਆਂ ਦੇ ਸਾਥ ਵਿੱਚ ਰਹਿਣ ਵਾਲਾ ਵਿਅਕਤੀ ਉੱਚੇ ਹੋਣ ਦਾ ਦਾਅਵਾ ਨਹੀਂ ਕਰ ਸਕਦਾ।
ਆਪਣੇ ਮਾਤਹਿਤਾਂ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ ਆਪਣੇ ਨਾਲੋਂ ਘਟੀਆ ਜਾਂ