Back ArrowLogo
Info
Profile

ਭੇਤ ਅਤੇ ਪ੍ਰਸੰਨਤਾ

ਭੇਤ, ਪਰਦਾਦਾਰੀ ਜਾਂ ਉਹਲੇ ਨੂੰ ਜੀਵਨ ਵਿੱਚ ਮਹੱਤਵਪੂਰਣ ਥਾਂ ਪ੍ਰਾਪਤ ਹੈ। ਜੰਗਲੀ ਜੀਵਨ, ਭੈ ਦੀ ਇਸ ਉਪਜ ਨੂੰ, ਝੂਠ ਅਤੇ ਧੋਖੇ ਦੇ ਭਾਸ਼ਾਈ ਅਤੇ ਅਮਲੀ ਰੂਪ ਵਿੱਚ, ਸੁਰੱਖਿਆ ਦੇ ਸਾਧਨ ਵਜੋਂ ਵਰਤਦਾ ਰਿਹਾ ਹੈ। ਸੱਤਿਅ-ਸਮਾਜਕ ਜੀਵਨ ਵਿੱਚ ਲੋੜ ਜੋਗੀ ਸੁਰੱਖਿਆ ਪ੍ਰਾਪਤ ਹੋ ਗਈ ਹੋਣ ਕਰਕੇ, ਵਿਅਕਤੀਗਤ ਪੱਧਰ ਉੱਤੇ ਇਸ ਦੀ ਲੋੜ ਘਟਦੀ ਗਈ ਹੈ। ਅਤੇ ਕੌਮੀ ਪੱਧਰ ਉੱਤੇ ਇਸ ਦੀ ਲੋੜ ਵਧਦੀ ਗਈ ਹੈ ਕਿਉਂਕਿ ਕੌਮੀ ਰੂਪ ਵਿੱਚ ਮਨੁੱਖੀ ਸੰਗਠਨ ਅਜੇ ਵੀ ਜੰਗਲੀ ਹਨ ਅਤੇ ਆਪਣੇ ਵਿਚਲੀ ਜਾਂਗਲੀਅਤ ਨੂੰ ਕਾਇਮ ਰੱਖਣ ਅਤੇ ਵਧਾਉਣ-ਵਿਕਸਾਉਣ ਦੇ ਉਚੇਚੇ ਜਤਨ ਕਰਦੇ ਹਨ।

ਭਰੋਸੇ ਅਤੇ ਭੇਤ ਵਿੱਚ ਉਲਟ ਅਨੁਪਾਤੀ ਸੰਬੰਧ ਹੈ। ਇੱਕ ਦਾ ਵਾਧਾ ਦੂਜੇ ਨੂੰ ਘਟਾਉਂਦਾ ਹੈ। ਆਪਸੀ ਨਿਰਭਰਤਾ ਦੀ ਸੋਝੀ ਅਤੇ ਇਸ ਸੋਝੀ ਦਾ ਸਤਿਕਾਰ ਭਰੋਸੇ ਨੂੰ ਜਨਮ ਦਿੰਦੇ ਅਤੇ ਵਿਕਸਾਉਂਦੇ ਹਨ। ਦੁਨੀਆ ਦੇ ਦੇਸ਼ਾਂ ਜਾਂ ਕੌਮਾਂ ਨੂੰ ਆਪਣੀ ਨਿਰਭਰਤਾ ਦੀ ਸੋਝੀ ਹੈ ਪਰ ਇਸ ਦਾ ਸਤਿਕਾਰ ਨਹੀਂ। ਕੌਮਾਂ ਨਿਰਕਰਤਾ ਨੂੰ ਕਮਜੋਰੀ ਸਮਝਦੀਆਂ ਹਨ। ਕਮਜ਼ੋਰੀ ਦੇ ਅਹਿਸਾਸ ਤੋਂ ਪਿੱਛਾ ਛੁਡਾਉਣ ਲਈ 'ਖੋਹ ਲੈਣ' ਦੀ ਸਮਰੱਥਾ ਪੈਦਾ ਕਰਦੀਆਂ ਆਈਆਂ ਹਨ ਅਤੇ ਸਮਰੱਥਾਵਾਨ ਹੋ ਕੇ ਇੱਕ ਦੂਜੀ ਤੋਂ ਖੋਹਣ ਦਾ ਜੰਗਲੀ ਵਤੀਰਾ ਅਪਣਾਉਂਦੀਆਂ ਆਈਆਂ ਹਨ। ਇਸ ਨਾਲ ਕੌਮਾਂ ਦਾ ਆਪਸੀ ਭਰੋਸਾ ਘਟਦਾ ਗਿਆ ਹੈ ਅਤੇ ਭੇਤ, ਪਰਦਾਦਾਰੀ ਜਾਂ ਲੁਕਾਅ ਦੀ ਰੁਚੀ ਵਧਦੀ ਗਈ ਹੈ।

ਆਧੁਨਿਕ ਯੁਗ ਵਿੱਚ ਕੰਮਾਂ ਵਿਚਲੀ ਆਪਸੀ ਨਿਰਭਰਤਾ ਦੀ ਚੇਤਨ ਸਵੀਕ੍ਰਿਤੀ ਵਪਾਰਕ ਵਿਸ਼ਵੀਕਰਣ ਦੀ ਪ੍ਰੇਰਣਾ ਦੇ ਰਹੀ ਹੈ ਅਤੇ ਖੋਹ ਲੈਣ ਦੀ ਸਮਰੱਥਾ ਦਾ 'ਗੌਰਵ' ਵਿਸ਼ਵੀਕਰਣ ਲਈ ਲੋੜੀਂਦੇ ਭਰੋਸੇ ਦੇ ਵਿਕਾਸ ਦਾ ਰਾਹ ਰੋਕ ਰਿਹਾ ਹੈ। ਇਹ ਗੌਰਵ ਉਨ੍ਹਾਂ ਕੰਮਾਂ ਨੂੰ ਵੀ ਹੈ ਜਿਨ੍ਹਾਂ ਕੋਲ ਖੋਹਣ ਦੀ ਸਮਰੱਥਾ ਨਹੀਂ ਅਤੇ ਜੋ ਕੁਝ ਆਪਣੇ ਕੋਲ ਹੈ ਉਸ ਨੂੰ ਵਰਤਣ ਦੀ ਜਾਚ ਨਹੀਂ। ਕੌਮਾਂ ਆਪਸੀ ਵਿਵਹਾਰ ਵਿੱਚ ਕਾਫ਼ੀ ਹੱਦ ਤਕ ਜੰਗਲੀ ਹਨ, ਸਿਰਫ਼ ਜੰਗੀ ਸੰਬੰਧਾਂ ਵਿੱਚ ਹੀ ਨਹੀਂ ਸਗੋਂ ਵਪਾਰਕ ਸੰਬੰਧਾਂ ਵਿੱਚ ਵੀ।

ਹਜ਼ਾਰਾਂ ਸਾਲਾਂ ਦੇ ਤੋਖਲੇ ਭਰਪੂਰ ਜੰਗਲੀ ਜੀਵਨ ਨੇ ਮਨੁੱਖੀ ਮਨ ਵਿੱਚ ਭੇੜ ਜਾਂ ਸੀਕ੍ਰੇਸੀ (Secrecy) ਦਾ ਮਹੱਤਵ ਇਸ ਹੱਦ ਤਕ ਵਧਾ ਦਿੱਤਾ ਹੈ ਕਿ ਸੰਸਾਰ ਦਾ ਉੱਨਤ ਅਤੇ ਅਵੁਨਤ ਧਰਮ ਇਸ ਨੂੰ ਲੋੜੀਂਦਾ ਸਮਝ ਕੇ ਇਸ ਦਾ ਸਤਿਕਾਰ ਕਰਦਾ ਹੈ। ਕੰਨਾਂ ਵਿੱਚ ਨਾਮ ਦੀ ਫੂਕ ਮਾਰੀ ਜਾਣੀ: ਅਤੇ ਸਮਾਧੀ ਦੇ ਗੁਪਤ ਅਭਿਆਸ: ਭੋਰਿਆਂ, ਗੁਫ਼ਾਵਾਂ ਅਤੇ ਮੜ੍ਹੀਆਂ-ਮਸਾਣਾਂ ਦਾ ਵਸੇਬਾ ਅਤੇ ਕਈ ਇੱਕ ਗੁਪਤ ਰਸਮਾਂ ਅਤੇ ਬਲੀਆਂ ਦਾ ਹੁਣ ਤਕ ਪ੍ਰਚੱਲਤ ਹੋਣਾ ਧਰਮ ਅਤੇ ਪਰਦਾਦਾਰੀ ਦੇ ਨੇੜਲੇ ਸੰਬੰਧਾਂ ਦੇ ਸਬੂਤ ਹਨ। ਇਸ ਭੇਤਾਚਾਰ ਨਾਲ ਆਪਸੀ ਭਰੋਸੇ ਦੀ ਹਾਨੀ ਬਾਰੇ ਧਰਮ ਨੂੰ ਕੋਈ ਚਿੰਤਾ ਨਹੀਂ ਹੁੰਦੀ ਕਿਉਂਕਿ ਧਰਮ ਭਰੋਸੇ ਦੀ ਥਾਂ ਵਿਸ਼ਵਾਸ (Belief) ਨੂੰ ਜ਼ਿਆਦਾ ਜ਼ਰੂਰੀ ਸਮਝਦਾ ਹੈ।

145 / 174
Previous
Next