

ਉਹ ਇੱਕ ਯਹੂਦੀ ਸੀ ਜਿਹੜਾ ਨਵੇਂ ਉਪਜੇ ਈਸਾਈ ਮੱਤ ਦਾ ਵਿਰੋਧੀ ਹੋਣ ਦੇ ਨਾਲ ਨਾਲ ਰੋਮਨ ਰਾਜ ਵਿੱਚ ਟੈਕਸ ਦੇ ਮਹਿਕਮੇ ਦਾ ਉੱਚ-ਅਧਿਕਾਰੀ ਸੀ। ਈਸਾਈਆਂ ਨੂੰ ਸਤਾਉਣ ਦਾ ਉਸ ਨੂੰ ਝੱਲ ਸੀ । ਆਪਣੀ ਇਸੇ ਇੱਛਾ ਦੀ ਪੂਰਤੀ ਲਈ ਉਹ ਦਮਿਸ਼ਕ ਵੱਲ ਨੂੰ ਜਾ ਰਿਹਾ ਸੀ ਕਿ ਉਸ ਨੂੰ, ਤੇਤੀ ਸਾਲ ਪਹਿਲਾਂ ਸੂਲੀ ਚੜ੍ਹਾਏ ਜਾ ਚੁੱਕੇ ਯਸੂ ਮਸੀਹ ਦੇ ਦਰਸ਼ਨ ਹੋਏ ਅਤੇ ਉਹ ਈਸਾਈ ਹੋ ਗਿਆ। ਇਸ ਦਰਸ਼ਨ-ਲੀਲ੍ਹਾ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਯਾਤ੍ਰਾ ਕਰਦਿਆਂ ਉਸ ਨੂੰ ਦਿਸਣੋਂ ਹਟ ਗਿਆ। ਉਸ ਨੇ ਇਸ ਸਫ਼ਰ ਦਾ ਇਰਾਦਾ ਛੱਡ ਕੇ ਪਿੱਛੇ ਮੁੜ ਜਾਣਾ ਚਾਹਿਆ ਤਾਂ ਉਹ ਮੁੜ ਸੁਜਾਖਾ ਹੋ ਗਿਆ। ਉਹ ਮੁੜ ਦਮਿਸ਼ਕ ਵੱਲ ਵਧਿਆ ਅਤੇ ਮੁੜ ਅੰਨ੍ਹਾ ਹੋ ਗਿਆ; ਮੁੜ ਪਿੱਛੇ ਮੁੜਿਆ ਅਤੇ ਮੁੜ ਸੁਜਾਖਾ ਹੋ ਗਿਆ। ਉਸ ਨੂੰ ਵਿਸਵਾਸ ਹੋ ਗਿਆ ਕਿ ਰੱਬ ਉਸ ਨੂੰ ਇਸ ਕੰਮੋਂ ਰੋਕ ਕੇ ਯਸੂ ਮਸੀਹ ਦੀ ਸੇਵਾ ਵਿੱਚ ਲੱਗ ਜਾਣ ਲਈ ਕਹਿ ਰਿਹਾ ਹੈ।
ਦੂਜੀ ਪ੍ਰਕਾਰ ਦਾ ਵਿਸ਼ਵਾਸ (ਜਾਂ ਕਿਸੇ ਵਿਅਕਤੀ ਦੇ ਮਨ ਵਿੱਚ ਵਿਸ਼ਵਾਸ ਉਪਜਣ ਦਾ ਦੂਜਾ ਤਰੀਕਾ) ਕਿਸੇ ਨਿਰੋਲ ਨਿੱਜੀ ਅਨੁਭਵ ਦਾ ਤਰੀਕਾ ਨਹੀਂ; ਇਹ ਅੰਤਰ-ਦ੍ਰਿਸ਼ਟੀ ਦੇ ਅਨੁਭਵੀ ਜਾਂ ਰੱਬ ਆਏ ਹੋਏ ਕਿਸੇ ਪੈਗੰਬਰ, ਅਵਤਾਰ ਜਾਂ ਸਤਿਗੁਰੂ ਦੀ ਆਖੀ ਹੋਈ ਅਜੇਹੀ ਗੱਲ ਨੂੰ ਹਰਫ਼-ਬ-ਹਰਫ਼ ਠੀਕ ਮੰਨਣ ਦੀ ਰੁਚੀ ਜਾਂ ਅਧੀਨਗੀ ਹੈ ਜਿਸ ਗੱਲ ਉੱਤੇ ਵਿਗਿਆਨਿਕ, ਲੋਕਿਕ, ਪਦਾਰਥਕ ਜਾਂ ਤਰਕਸ਼ੀਲ ਹੋਣ ਦੀ ਕੋਈ ਸ਼ਰਤ ਨਾ ਹੋਵੇ। ਏਥੋਂ ਤਕ ਕਿ ਇਨ੍ਹਾਂ ਮਹਾਨ ਆਤਮਾਵਾਂ ਬਾਰੇ ਪ੍ਰਚੱਲਤ ਹਰ ਗੱਲ ਨੂੰ ਠੀਕ ਮੰਨਣ ਦੀ ਰੁਚੀ ਨੂੰ ਵੀ ਵਿਸ਼ਵਾਸ ਕਹਿੰਦੇ ਹਨ ਭਾਵੇਂ ਉਹ ਗੱਲ ਕਿਸੇ ਸਾਧਾਰਣ ਆਦਮੀ ਨੂੰ ਲਿਖਤ ਜਾਂ ਨਿਰੋਲ ਦੰਦ-ਕਥਾ ਹੀ ਕਿਉਂ ਨਾ ਹੋਵੇ।
ਦੂਜੀ ਕਿਸਮ ਦਾ ਵਿਸ਼ਵਾਸ ਸ੍ਰੇਸ਼ਟ ਅਤੇ ਵਧੇਰੇ ਕਲਿਆਣਕਾਰੀ ਦੱਸਿਆ ਜਾਂਦਾ ਹੈ। ਇਹ ਹੈ ਵੀ ਬਹੁਤ ਆਮ। ਅੰਤਰ-ਦ੍ਰਿਸ਼ਟੀ ਅਤੇ ਰਹਿਸਵਾਦੀ ਅਨੁਭਵ ਤਕ, ਹਰ ਕਿਸੇ ਦੀ ਪਹੁੰਚ ਨਹੀਂ। ਮਹਾਂਪੁਰਸ਼ਾਂ ਦੀਆਂ ਗੱਲਾਂ ਅਤੇ ਉਨ੍ਹਾਂ ਦੇ ਕੱਤਕਾਂ ਦੀ ਵਾਸਤਵਿਕਤਾ ਅਤੇ ਰੂਹਾਨੀਅਤ ਵਿੱਚ ਅੱਖਾਂ ਮੀਟ ਕੇ ਵਿਸ਼ਵਾਸ ਕਰਨ ਵਿੱਚ ਨਾ ਕਿਸੇ ਉਚੇਚੇ ਜਤਨ ਦੀ ਲੋੜ ਹੈ ਨਾ ਬਹੁਤੀ ਸਿਆਣਪ ਦੀ। ਹਿੰਗ-ਫਟਕੜੀ ਲਾਏ ਬਿਨਾਂ ਹੀ ਚੋਖਾ ਰੰਗ ਚਾੜ੍ਹਨ ਦੀ ਵਿਧੀ (ਜੇ) ਮੁਫ਼ਤ ਹਾਥ ਆਏ ਤੋ ਬੁਰਾ ਕਿਆ ਹੈ ?