

ਦਫ਼ਤਰਾਂ ਤੋਂ ਬਾਹਰ ਵੀ ਇਸ ਪ੍ਰਕਾਰ ਦੀ ਚੁਗਲੀ ਦਾ ਰਿਵਾਜ ਹੈ। ਮੰਨ ਲਉ ਅਸੀਂ ਕਿਸੇ ਸੁਨੇਹੀ ਜਾਂ ਸੰਬੰਧੀ ਦੇ ਘਰ ਕਿਸੇ ਪਾਰਟੀ ਆਦਿਕ ਉੱਤੇ ਜਾਂਦੇ ਹਾਂ। ਸਮਾਗਮ ਜਾਂ ਪਾਰਟੀ ਦੀ ਸਮਾਪਤੀ ਉੱਤੇ ਘਰਾਂ ਨੂੰ ਪਰਤਦੇ ਹੋਏ ਅਸੀਂ ਸਮਾਗਮ ਦੇ ਪ੍ਰਬੰਧ ਅਤੇ ਮਹਿਮਾਨਾਂ ਦੀ ਸੇਵਾ ਆਦਿਕ ਵਿੱਚ ਰਹੀਆਂ ਤੂਟੀਆਂ ਦੀ ਚਰਚਾ ਕਰਦੇ ਅਤੇ ਖਾਣ ਨੂੰ ਮਿਲੇ ਭੋਜਨ ਵਿੱਚ ਬਹੁਤੇ ਮਸਾਲਿਆਂ, ਬੇ-ਲੋੜੀਆਂ ਚਿਕਨਾਈਆਂ ਅਤੇ ਸਸਤੀਆਂ ਮਠਿਆਈਆਂ ਦੀ ਚਰਚਾ ਕਰਦੇ ਹਾਂ। ਇਹ ਚਰਚਾ ਚੁਗਲੀ ਇਸ ਕਰਕੇ ਹੈ ਕਿ ਘਰ ਵਾਲਿਆਂ ਦੇ ਸਾਹਮਣੇ ਅਸਾਂ ਪਾਰਟੀ ਦੇ ਪ੍ਰਬੰਧ ਨੂੰ ਸਲਾਹਿਆ ਸੀ: ਭੋਜਨ ਦੀ ਤਾਰੀਫ਼ ਕੀਤੀ ਸੀ; ਅਤੇ ਇੱਕ ਸੁਹਾਵਣੀ ਸ਼ਾਮ ਲਈ ਆਪਣੇ ਪ੍ਰਾਹੁਣਚਾਰ ਦੇ ਧਨਵਾਦੀ ਹੋਏ ਸਾਂ। ਇਸ ਪ੍ਰਕਾਰ ਦੀ ਚੁਗਲੀ ਜਾਂ ਆਲੋਚਨਾ ਸਾਡੇ ਸੰਬੰਧਾਂ ਦੇ ਪੇਤਲੇਪਨ ਦਾ ਪ੍ਰਗਟਾਵਾ ਕਰਨ ਤੋਂ ਵੱਧ ਕੁਝ ਨਹੀਂ ਕਰਦੀ। ਇਹ ਈਰਖਾ, ਅਸ਼ਿਸ਼ਟਤਾ ਅਤੇ ਅਹੰਮ-ਅਧਿਕਤਾ ਦਾ ਸਬੂਤ ਹੈ।