

ਸਾਡਾ ਕੱਦ-ਬੁੱਤ, ਮੂੰਹ-ਮੁਹਾਂਦਰਾ ਸਾਝਾ ਰੰਗ-ਰੂਪ ਅਤੇ ਬੋਲ-ਚਾਲ ਸਾਡੇ ਭਾਵ-ਪਰਵਿਰਤੀਆਂ ਅਤੇ ਵਿਚਾਰ-ਵਿਸ਼ਵਾਸ: ਸਾਡੇ ਸ਼ੌਕ ਅਤੇ ਮਨੋਰੰਜਨ ਸਾਡੇ ਵਿਅਕਤਿਤਵ ਦੇ ਅੰਗ ਹਨ ਅਤੇ ਇਨ੍ਹਾਂ ਵਿੱਚੋਂ ਬਹੁਤਾ ਕੁਝ ਸਾਨੂੰ ਵਿਰਸੇ, ਚੋਗਿਰਦੇ ਅਤੇ ਪਰਕਿਰਤੀ ਵਿੱਚ ਮਿਲਿਆ ਹੋਇਆ ਹੈ। ਜੋ ਇਹ ਮੰਨਣਾ ਚਾਹੁਣ ਕਿ ਬਹੁਤ ਕੁਝ ਸਾਨੂੰ ਪਰਮਾਤਮਾ ਵੱਲੋਂ ਮਿਲਿਆ ਹੋਇਆ ਹੈ, ਉਹ ਆਪਣੀ ਥਾਂ ਠੀਕ ਹਨ। ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਵਿਅਕਤਿਤਵ ਦਾ ਜਿਹੜਾ ਭਾਗ ਪੈਸੇ ਨਾਲ ਸੰਬੰਧਤ ਹੈ (ਮਿਹਨਤ, ਵਿੱਦਿਆ, ਸਮਾਂ, ਸਿਆਣਪ, ਵਿਉਂਤ ਆਦਿਕ) ਉਹ ਬਾਹਰੋਂ ਮਿਲਿਆ ਹੋਇਆ ਨਹੀਂ ਸਗੋਂ ਸਾਡੇ ਆਪਣੇ ਉੱਦਮ ਦੀ ਉਪਜ ਹੈ। ਇਉਂ ਪੈਸਾ ਸਾਡੇ ਚੇਤਨ ਅਤੇ ਪੁਰਸ਼ਾਰਸੀ ਆਪੇ ਦਾ ਹਿੱਸਾ ਹੈ। ਪੈਸਾ ਸਾਡੇ ਲਈ ਬਹੁਤ ਸਤਿਕਾਰਯੋਗ ਹੋਣਾ ਚਾਹੀਦਾ ਹੈ। ਇਸ ਨੂੰ ਹਾਸਲ ਕਰਨ ਦੇ ਢੰਗ ਅਤੇ ਜਤਨ ਸਤਿਕਾਰਯੋਗ ਹੋਣੇ ਚਾਹੀਦੇ ਹਨ; ਇਸ ਨੂੰ ਸਾਧਨ ਮੰਨ ਕੇ ਪ੍ਰਾਪਤ ਕੀਤੇ ਜਾਣ ਵਾਲੇ ਮਨੋਰਥ ਉਪਯੋਗੀ ਅਤੇ ਉਚੇਰੇ ਹੋਣੇ ਚਾਹੀਦੇ ਹਨ। ਇਉਂ ਸਾਡੇ ਵਿਅਕਤਿਤਵ ਦਾ ਗਤੀਸ਼ੀਲ ਭਾਗ ਸਤਿਕਾਰਯੋਗ, ਉਪਯੋਗੀ ਅਤੇ ਉਚੇਰਾ ਹੋਵੇਗਾ। ਜੋ ਸਤਿਕਾਰਯੋਗ, ਉਪਯੋਗੀ ਅਤੇ ਉਚੇਰਾ ਹੈ ਉਹ ਸੁੰਦਰ ਹੈ; ਜੋ ਸੁੰਦਰ ਹੈ ਉਹ ਆਨੰਦਮਈ ਹੈ।
ਕੇਵਲ ਉਹ ਪੈਸਾ ਹੀ ਸਾਡੇ ਵਿਅਕਤਿਤਵ ਦਾ ਗਤੀਸ਼ੀਲ ਭਾਗ ਬਣ ਸਕਦਾ ਹੈ ਜੋ ਸਾਡੇ ਦੈਨਿਕ ਜੀਵਨ ਵਿੱਚ ਵਰਤਿਆ-ਖ਼ਰਚਿਆ ਜਾ ਰਿਹਾ ਹੈ। ਜਿਹੜਾ ਪੈਸਾ ਅਸੀਂ ਲੋੜਾਂ, ਸੁੱਖਾਂ, ਸੁਹਜਾਂ ਅਤੇ ਸੁਪਨਿਆਂ ਉੱਤੇ ਖ਼ਰਚ ਕਰਦੇ ਹਾਂ ਉਸ ਰਾਹੀਂ ਅਸੀਂ ਆਪਣੇ ਆਪੇ ਦੀ ਅਭਿਵਿਅਕਤੀ ਕਰਦੇ ਹਾਂ। ਉਹ ਸਾਨੂੰ ਪ੍ਰਸੰਨਤਾ ਦਿੰਦਾ ਹੈ। ਵਾਪਾਰ ਵਿੱਚ ਲੱਗੇ ਹੋਏ ਕਰੋੜਾਂ ਰੁਪਏ; ਬੈਂਕਾਂ ਵਿੱਚ ਪਏ ਲੱਖਾਂ ਰੁਪਏ; ਸ਼ੇਅਰ ਬਾਜ਼ਾਰ ਵਿੱਚ ਲਾਏ ਹੋਏ ਹਜ਼ਾਰਾਂ ਰੁਪਏ ਬੇਸ਼ਕ ਸਾਡੇ ਹੁੰਦੇ ਹਨ ਪਰ ਉਹ ਸਾਡੀ ਪ੍ਰਸੰਨਤਾ ਉੱਤੇ ਭਾਰ ਬਣ ਜਾਂਦੇ ਹਨ। ਸਾਨੂੰ ਉਨ੍ਹਾਂ ਦੀ ਤੱਤਕਾਲੀਨ (immediate) ਲੋੜ ਨਹੀਂ ਹੁੰਦੀ। ਅਸਲ ਵਿੱਚ ਅਸੀਂ ਉਨ੍ਹਾਂ ਦੇ ਮਾਲਕ ਨਹੀਂ ਸਗੋਂ ਪ੍ਰਬੰਧਕ ਹੁੰਦੇ ਹਾਂ। ਮੇਰੀ ਜਾਚੇ ਉਨ੍ਹਾਂ ਦਾ ਪ੍ਰਬੰਧ ਵੀ ਕੋਈ ਹੋਰ ਹੀ ਕਰ ਰਿਹਾ ਹੁੰਦਾ ਹੈ; ਅਸੀਂ ਪ੍ਰਬੰਧਕਾਂ ਵੱਲੋਂ ਆਈ ਸੂਚਨਾ ਬਾਰੇ ਦਿੱਤਾ ਕਰਨ ਤੋਂ ਵੱਧ ਕੁਝ ਨਹੀਂ ਕਰ ਸਕਦੇ।
ਸਾਡੇ ਦੈਨਿਕ ਜੀਵਨ ਦੀਆਂ ਲੋੜਾਂ ਤੋਂ ਵਧੇ ਹੋਏ ਪੈਸੇ ਸਾਡੇ ਵਿਅਕਤਿਤਵ ਦਾ ਵਿਕਾਸ ਨਹੀਂ ਕਰਦੇ; ਜੇ ਅਸੀਂ ਪਹਿਲਾਂ ਹੁੰਦੇ ਹਾਂ ਉਹ ਪੈਸੇ ਉਸੇ ਵਿੱਚ ਗਿਣਨਾਤਮਕ (quantitative) ਵਾਧਾ ਕਰਦੇ ਹਨ: ਗੁਣਾਤਮਕ ਜਾਂ ਸਿਫਤੀ (qualitative) बिवान तों ਕਰਦੇ। ਜੋ ਅਸੀਂ ਹੰਕਾਰੀ ਹਾਂ ਤਾਂ ਹੋਰ ਹੰਕਾਰੀ ਹੋ ਜਾਵਾਂਗੇ ਅਤੇ ਜੇ ਯਾਰਾਂ ਦੇ ਯਾਰ ਹਾਂ ਤਾਂ ਇਸ ਗੁਣ ਦੀ ਅਭਿਵਿਅਕਤੀ ਵਿੱਚੋਂ ਵਧੇਰੇ ਆਨੰਦ ਲਵਾਂਗੇ। ਵਾਧੂ ਪੈਸਾ ਸਾਨੂੰ ਹੰਕਾਰੀ ਤੋਂ ਬਦਲ ਕੇ ਮਿਲਾਪੜੇ ਨਹੀਂ ਬਣਾ ਸਕਦਾ। ਇੱਕ ਨੁਕਸਾਨ ਸ਼ਾਇਦ ਇਹ ਹੋ ਸਕਦਾ ਹੈ ਕਿ ਕੁਝ ਲੋਕ ਸਾਡੇ ਮਿਲਵਰਤਣ ਦੇ ਸੁਭਾਅ ਨੂੰ ਬਹੁਤੇ ਪੈਸਾ ਦਾ ਵਿਖਾਲਾ ਪਾਉਣ ਦਾ ਜਤਨ ਸਮਝਣ ਦੀ ਭੁੱਲ ਕਰ ਸਕਦੇ ਹਨ।