

ਇੱਕ ਹੋਰ ਜਰੂਰੀ ਗੱਲ ਲਿਖ ਕੇ ਇਸ ਲੇਖ ਦੀ ਸਮਾਪਤੀ ਕਰਾਂਗਾ। ਪੈਸੇ ਨੂੰ ਮੈਂ ਮਨੁੱਖ ਦੇ ਕਿਰਿਆਸ਼ੀਲ ਆਪੇ ਦਾ ਜ਼ਰੂਰੀ ਹਿੱਸਾ ਆਖਿਆ ਹੈ। ਇੱਕ ਪਰਿਵਾਰ ਵਿੱਚ ਰਹਿਣ ਵਾਲੇ ਸਾਰੇ ਮੈਂਬਰ, ਬੁੱਢੇ, ਜਵਾਨ ਅਤੇ ਬੱਚੇ, ਆਪੋ ਆਪਣੀ ਥਾਂ ਵੱਖਰੇ ਵੱਖਰੇ ਵਿਅਕਤੀ ਹੁੰਦੇ ਹਨ; ਹਰ ਕਿਸੇ ਦਾ ਆਪੋ ਆਪਣਾ ਆਪਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਪਰਿਵਾਰ ਦੇ ਹਰ ਮੈਂਬਰ ਕੋਲ ਕੁਝ ਪੈਸੇ ਉਸ ਦੇ ਨਿਰੋਲ ਨਿੱਜੀ ਹੋਣ ਜਿਨ੍ਹਾਂ ਨੂੰ ਉਹ ਆਪਣੀ ਮਰਜ਼ੀ ਮੁਤਾਬਕ ਖ਼ਰਚ ਜਾਂ ਖ਼ਰਾਬ ਕਰ ਸਕੇ। ਇਹ ਗੱਲ ਸਾਰਿਆਂ ਉੱਤੇ ਲਾਗੂ ਹੁੰਦੀ ਹੈ; ਪਰੰਤੂ ਮੈਂ ਬੱਚਿਆਂ ਦੇ ਸੰਬੰਧ ਵਿੱਚ ਇਸ ਦਾ ਕੁਝ ਵਧੇਰੇ ਵਿਸਥਾਰ ਕਰਾਂਗਾ।
ਅਸੀਂ ਬੱਚਿਆਂ ਨੂੰ ਜੇਬ ਖਰਚ ਦਿੰਦੇ ਹਾਂ। ਇਹ ਉਨ੍ਹਾਂ ਨੂੰ ਦਿੱਤੀ ਹੋਈ ਬੇਰਾਤ ਨਹੀਂ: ਉਨ੍ਹਾਂ ਦਾ ਹੱਕ ਹੈ ਜਿਸ ਦੇ ਉਹ ਹਰ ਤਰ੍ਹਾਂ ਹੱਕਦਾਰ ਹੁੰਦੇ ਹਨ। ਗੁੰਝਲਦਾਰ ਸਨਅਤੀ ਸਮਾਜਾਂ ਵਿੱਚ ਅਸੀਂ ਬਚਪਨ ਤੋਂ ਹੀ ਸਮਾਜ ਲਈ ਜਿਊਣਾ ਸ਼ੁਰੂ ਕਰ ਦਿੰਦੇ ਹਾਂ। ਮੁੱਢਲੇ ਸਕੂਲ ਨੂੰ ਜਾਣ ਵਾਲਾ ਬੱਚਾ ਗੁੰਝਲਦਾਰ ਸਮਾਜਕ ਮਸ਼ੀਨ ਦਾ ਉਪਯੋਗੀ ਪੁਰਜਾ ਬਣਨ ਦੇ ਜਤਨ ਵਿੱਚ ਹੈ, ਭਾਵੇਂ ਉਸ ਨੂੰ ਪਤਾ ਹੈ ਭਾਵੇਂ ਨਹੀਂ। ਉਸ ਦੇ ਮਾਤਾ ਪਿਤਾ ਇਹ ਸਮਝ ਸਕਦੇ ਹਨ ਕਿ ਉਹ ਬੱਚੇ ਲਈ ਜਾਂ ਆਪਣੇ ਕਿਸੇ ਮਨੋਰਥ ਲਈ ਬੱਚੇ ਨੂੰ ਚੰਗੀ ਵਿਦਿਆ ਦੇਣ ਦਾ ਉਪਰਾਲਾ ਕਰ ਰਹੇ ਹਨ। ਉਨ੍ਹਾਂ ਦੇ ਇਸ ਖ਼ਿਆਲ ਵਿੱਚ ਆਸ਼ਕ ਸੱਚ ਹੈ, ਸੰਪੂਰਣ ਸੱਚ ਨਹੀਂ। ਸਾਰੇ ਵਿਕਸਿਤ ਸਮਾਜਾਂ ਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਸਮਾਜਕ ਮਸ਼ੀਨ ਨੂੰ ਚੱਲਦੀ ਰੱਖਣ ਲਈ ਉਨ੍ਹਾਂ ਨੂੰ ਕਿਸ ਪ੍ਰਕਾਰ ਦੇ ਕਿੰਨੇ ਨਾਗਰਿਕ ਚਾਹੀਦੇ ਹਨ। ਉਹ ਸਮਝਦੇ ਹਨ ਕਿ ਹਰ ਵਿਅਕਤੀ ਬਚਪਨ ਤੋਂ ਹੀ ਸਾਡੀ ਵਿਉਂਤ ਦਾ ਹਿੱਸਾ ਬਣ ਕੇ ਕੰਮ ਕਰ ਰਿਹਾ ਹੈ। ਇਸ ਕੰਮ ਲਈ ਉਹ ਬੱਚਿਆਂ ਨੂੰ ਹਫ਼ਤਾਵਾਰੀ ਭੱਤਾ, ਅਲਾਉਂਸ ਜਾਂ ਤਨਖ਼ਾਹ ਦਿੰਦੇ ਹਨ। ਇਹ ਅਲਾਊਂਸ ਇੰਗਲੈਂਡ ਵਿੱਚ, ਅੱਜ-ਕੱਲ੍ਹ, ਸੋਲ੍ਹਾਂ ਕੁ ਪਾਊਂਡ ਹਫ਼ਤਾ ਹੈ ਅਤੇ ਮਾਪਿਆ ਨੂੰ ਦਿੱਤਾ ਜਾਂਦਾ ਹੈ।
ਕੋਈ ਵਿਅਕਤੀ ਰਿਟਾਇਰਮੈਂਟ ਤੋਂ ਪਿੱਛੋਂ ਹੀ ਆਪਣੇ ਲਈ ਜੀ ਸਕਦਾ ਹੈ। ਪੁਰਾਤਨ ਭਾਰਤ ਵਿੱਚ ਰਿਟਾਇਰਮੈਂਟ ਦੇ ਜੀਵਨ ਨੂੰ ਸੰਨਿਆਸ ਆਖਿਆ ਜਾਂਦਾ ਸੀ । ਅੱਜ-ਕੱਲ੍ਹ ਪੱਛਮੀ ਯੌਰਪ ਦੇ ਲੋਕ ਰਿਟਾਇਰ ਹੋ ਕੇ ਸਪੇਨ, ਇਟਲੀ ਆਦਿ ਧੁੱਪਾਲੇ ਦੇਸ਼ਾਂ ਵਿੱਚ ਜਾ ਵੱਸਦੇ ਹਨ। ਸਾਡੇ ਸਰਦੇ ਪੁੱਜਦੇ ਲੋਕ ਰਿਸ਼ੀਕੇਸ਼ ਚਲੇ ਜਾਂਦੇ ਹਨ। ਮੇਰੇ ਛੋਟੇ ਵੀਰ, ਵੀਰੇਂਦ ਸਿੰਘ, ਦੀ ਧਰਮ ਪਤਨੀ ਦੇ ਬਾਬਾ ਜੀ, ਸਰਦਾਰ ਪ੍ਰੀਤਮ ਸਿੰਘ ਜੀ, ਨੇ ਆਗਰੇ ਦੀ ਬਸਤੀ ਦਿਆਲਬਾਗ