

ਸਨਅਤੀ ਭੱਜ-ਦੌੜ ਨੇ ਮਨੁੱਖ ਦੇ ਬਚਪਨ ਨੂੰ ਬਹੁਤ ਛੋਟਾ ਕਰ ਦਿੱਤਾ ਹੈ। ਤਿੰਨ- ਚਾਰ ਸਾਲ ਦੇ ਬਚਪਨ ਵਿੱਚ ਕੋਈ ਬੱਚਾ ਆਪਣੇ ਲਈ ਜੀ ਰਿਹਾ ਨਹੀਂ ਆਖਿਆ ਜਾ ਸਕਦਾ, ਕਿਉਂਜੁ ਉਹ ਦੂਜਿਆਂ ਉੱਤੇ ਨਿਰਭਰ ਹੈ ਅਤੇ ਜੀਵਨ ਦੇ ਕਿਸੇ ਪ੍ਰਕਾਰ ਦੇ ਮਨੋਰਥ ਤੋਂ ਜਾਣੂੰ ਵੀ ਨਹੀਂ। ਸਕੂਲ ਜਾ ਕੇ ਉਹ ਸੁਸਾਇਟੀ ਲਈ ਪੜ੍ਹਾਈ ਕਰਨੀ ਸ਼ੁਰੂ ਕਰ ਦਿੰਦਾ ਹੈ। ਮੈਂ ਇਸ ਨੂੰ ਬੱਚੇ ਦੁਆਰਾ ਕੀਤਾ ਜਾਣ ਵਾਲਾ ਕੰਮ ਮੰਨਦਾ ਹਾਂ ਅਤੇ ਉਸ ਨੂੰ ਉਸ ਦੇ ਕੰਮ ਦੀ, ਥੋੜ੍ਹੀ ਜਹੀ ਤਨਖਾਹ ਦਿੱਤੀ ਜਾਣ ਦੀ ਸਿਫ਼ਾਰਸ਼ ਕਰਦਾ ਹਾਂ। ਇਸ ਤਨਖ਼ਾਹ ਦਾ ਨਾਂ ਜੇਬ-ਖਰਚ ਬਹੁਤ ਉਚਿਤ ਹੈ। ਜ਼ਰੂਰੀ ਗੱਲ ਇਹ ਹੈ ਕਿ ਬੱਚੇ ਨੂੰ ਦਿੱਤਾ ਹੋਇਆ ਜੇਬ ਖਰਚ ਉਸ ਦਾ ਆਪਣਾ ਸਮਝਿਆ ਜਾਵੇ। ਉਸ ਨੂੰ ਜੇਬ-ਖ਼ਰਚ ਦੇ ਕੇ ਉਸ ਉੱਤੇ ਆਪਣਾ ਹੱਕ ਨਾ ਜਤਾਇਆ ਜਾਵੇ । ਬੱਚਾ ਆਪਣਾ ਜੇਬ-ਖਰਚ ਕਿਵੇਂ ਖ਼ਰਚ ਕਰਦਾ ਹੈ ਇਸ ਗੱਲ ਦਾ ਖ਼ਿਆਲ ਇਸ ਢੰਗ ਨਾਲ ਰੱਖਿਆ ਜਾਵੇ ਕਿ ਬੱਚੇ ਨੂੰ ਇਹ ਸ਼ੱਕ ਕਦੇ ਨਾ ਪਵੇ ਕਿ ਉਸ ਦਾ ਚੌਕੀਦਾਰਾ ਕੀਤਾ ਜਾ ਰਿਹਾ ਹੈ। ਨਾ ਹੀ ਉਸ ਨੂੰ ਕਿਸੇ ਪ੍ਰਕਾਰ ਦੀ ਅਣਪੁੱਛੀ ਸਲਾਹ ਹੀ ਦਿੱਤੀ ਜਾਵੇ। ਪੈਸਾ ਮਾਨਵ ਦੇ ਕਿਰਿਆਸ਼ੀਲ ਆਪੇ ਦਾ ਵਡੇਰਾ ਭਾਗ ਹੈ। ਇਸ ਸੰਬੰਧ ਵਿੱਚ ਬੱਚੇ ਉੱਤੇ ਕਿਸੇ ਪ੍ਰਕਾਰ ਦਾ ਵਾਧੂ ਦਬਾਉ ਉਸ ਦੇ ਵਿਅਕਤਿਤਵ ਦੇ ਵਿਕਾਸ ਦੀ ਹਾਨੀ ਕਰ ਸਕਦਾ ਹੈ।
ਹੋ ਸਕੇ ਤਾਂ ਇਸ ਸੰਬੰਧ ਵਿੱਚ ਬੱਚੇ ਦੀ ਸਹਾਇਤਾ ਕਰਨੀ ਚਾਹੀਦੀ ਹੈ। ਸਹਾਇਤਾ ਇਸ ਰੂਪ ਵਿੱਚ ਨਾ ਕੀਤੀ ਜਾਵੇ ਕਿ ਬੱਚਾ ਇਉਂ ਮਹਿਸੂਸ ਕਰੇ ਕਿ ਉਸ ਦੀ ਸਹਾਇਤਾ ਕੀਤੀ ਜਾ ਰਹੀ ਹੈ; ਸਗੋਂ ਅਜੇਹੇ ਰੂਪ ਵਿੱਚ ਕਿ ਅਸੀਂ ਬੱਚੇ ਦੇ ਬਚਪਨ ਵਿੱਚ ਭਾਈਵਾਲ ਹੋ ਕੇ ਜੀਵਨ ਦਾ ਆਨੰਦ ਲੈ ਰਹੇ ਹਾਂ। ਬੱਚਿਆਂ ਦੇ ਛੋਟੇ ਛੋਟੇ ਸੰਗਠਨ ਹੋਣੇ ਚਾਹੀਦੇ ਹਨ। ਉਨ੍ਹਾਂ ਦੇ ਜੇਬ-ਖ਼ਰਚ ਵਿੱਚੋਂ ਬਚਾਅ ਕੇ ਰੱਖੋ ਪੈਸਿਆਂ ਨਾਲ ਪਿਕਨਿਕਾਂ ਅਤੇ ਵਿਸ਼ੇਸ਼ ਥਾਵਾਂ (ਨੇੜੇ ਨੇੜੇ ਦੀਆਂ) ਉੱਤੇ ਜਾਣ ਦੇ ਪ੍ਰੋਗਰਾਮ ਬਣਾਏ ਜਾਣੇ ਚਾਹੀਦੇ ਹਨ। ਸਾਰੀ ਵਿਉਂਤ ਅਤੇ ਸਾਰਾ ਪ੍ਰਬੰਧ ਬੱਚਿਆਂ ਦੁਆਰਾ ਹੋਵੇ। ਵੱਡੇ ਕੇਵਲ ਹਾਜ਼ਰੀ ਲਈ ਹੀ ਨਾਲ ਜਾਣ। ਇਨ੍ਹਾਂ ਪਿਕਨਿਕਾਂ ਅਤੇ ਯਾਤਾਵਾਂ ਦੀ ਰੀਪੋਰਟ ਪ੍ਰੈਸ ਨੂੰ ਘੱਲੀ ਜਾਵੇ। ਰੀਪੋਰਟ ਵਿੱਚ ਇੱਕ ਦੋ ਤਸਵੀਰਾਂ ਵੀ ਹੋਣ। ਪ੍ਰੈਸ ਵਿੱਚ ਰੀਪੋਰਟ ਕਰਨ ਲਈ ਹੋਣ ਵਾਲਾ ਖਰਚ ਮਾਪੇ ਕਰ ਸਕਦੇ ਹਨ। ਹੌਲੀ ਹੌਲੀ ਇਹ ਕੰਮ ਅਤੇ ਇਸਦਾ ਖਰਚ ਅਤੇ ਇਸ ਦਾ ਪ੍ਰਬੰਧ ਵੀ ਬੱਚਿਆਂ ਨੂੰ ਸੌਂਪਿਆ ਜਾ ਸਕਦਾ ਹੈ।
ਕੀ ਸਾਡੇ ਕੋਲ ਏਨਾ ਸਮਾਂ, ਏਨਾ ਉਤਸ਼ਾਹ ਅਤੇ ਏਨਾ ਚਾਅ ਹੈ ? ਕੀ ਸਾਡੇ ਬੱਚਿਆਂ ਕੋਲ ਏਨਾ ਸਮਾਂ ਅਤੇ ਆਪਣੇ ਮਾਪਿਆਂ ਦੀ ਦੋਸਤੀ ਦਾ ਏਨਾ ਭਰੋਸਾ ਹੈ? ਦੋਵੇਂ ਪ੍ਰਸ਼ਨ ਨਾਂਹ ਵਿੱਚ ਜਵਾਏ ਜਾਣਗੇ। ਦਸਵੀਂ ਅਤੇ ਬਾਰ੍ਹਵੀਂ ਦੇ ਇਮਤਿਹਾਨਾਂ ਦਾ "ਹਊਆ" ਬੱਚਿਆਂ ਵਿਚਲੇ ਮਨੁੱਖ ਨੂੰ, ਅਤੇ ਜੀਵਨ ਦੀ ਦੌੜ ਵਿੱਚ ਪਿੱਛੇ ਰਹਿ ਜਾਣ ਦਾ "ਡਰ" ਮਾਪਿਆਂ ਵਿਚਲੇ ਮਿੱਤ੍ਰ ਨੂੰ ਜੀਵਨ ਦੀਆਂ ਕਈ ਪ੍ਰਸੰਨਤਾਵਾਂ ਤੋਂ ਪਰੇ ਰਹਿਣ ਲਈ ਮਜਬੂਰ ਕਰਦਾ ਹੈ। ਨਤੀਜਾ ਇਹ ਹੈ ਕਿ ਪੈਸਾ ਸਾਡੇ ਲਈ ਪ੍ਰਸੰਨਤਾ ਦੀ ਥਾਂ ਪ੍ਰਤਿਸ਼ਠਾ ਦਾ ਪ੍ਰਤੀਕ ਬਣ ਗਿਆ ਹੈ। ਪ੍ਰਤਿਸ਼ਠਾ ਅਤੇ ਪ੍ਰਸੰਨਤਾ ਵਿੱਚ ਸੂਖਮ ਜਿਹਾ ਫਰਕ ਹੈ; ਜਿੰਨਾ ਸੂਖਮ ਹੈ ਓਨਾ ਹੀ ਮਹੱਤਵਪੂਰਣ ਹੈ। ਇਸ ਲੇਖ ਵਿੱਚ ਇਸ ਚਰਚਾ ਜੋਗੀ ਥਾਂ ਨਹੀਂ ਬਚੀ।