

ਪ੍ਰਤਿਸ਼ਠਾ ਅਤੇ ਪ੍ਰਸੰਨਤਾ
ਪ੍ਰਤਿਸ਼ਠਾ ਦਾ ਅਰਥ ਹੈ ਪੁਰਾਣੇ ਸੰਬੰਧਾਂ-ਸੰਪਰਕਾਂ ਵਿੱਚੋਂ ਉਪਜਿਆ ਹੋਇਆ ਅਤੇ ਭੂਤਕਾਲ ਦੀਆਂ ਪ੍ਰਾਪਤੀਆਂ ਉੱਤੇ ਆਧਾਰਤ ਆਦਰ-ਮਾਣ ਜਾਂ ਅਸਰ-ਰਸੂਖ਼ । ਇਹ ਸੰਖੇਪ ਜਹੀ ਪਰੀਭਾਸ਼ਾ ਥੋੜ੍ਹੇ ਜਹੇ ਵਿਸਥਾਰ ਦੀ ਮੰਗ ਕਰਦੀ ਹੈ।
ਮਨੁੱਖੀ ਸੰਬੰਧ ਬਹੁਪਰਕਾਰੀ ਅਤੇ ਬਹੁਆਧਾਰੀ ਹਨ। ਆਪਣੇ ਆਸ਼ੇ ਅਨੁਸਾਰ ਮੈਂ ਇਨ੍ਹਾਂ ਦੀਆਂ ਤਿੰਨ ਵੰਡਾਂ ਕਰ ਰਿਹਾ ਹਾਂ। ਉਹ ਵੰਡਾਂ ਹਨ-(1) ਪਰਿਵਾਰਕ ਸੰਬੰਧ; (2) ਵਿਵਹਾਰਕ ਸੰਬੰਧ; ਅਤੇ (3) ਅਵਿਵਹਾਰਕ ਸੰਬੰਧ। ਰਿਸ਼ਤੇ ਨਾਤਿਆਂ ਨੂੰ ਪਰਿਵਾਰਕ ਸੰਬੰਧ ਕਿਹਾ ਜਾ ਸਕਦਾ ਹੈ ਭਾਵੇਂ ਕੁਝ ਰਿਸ਼ਤੇ ਪਰਿਵਾਰ ਤੋਂ ਕਾਫ਼ੀ ਦੂਰ ਹੁੰਦੇ ਹਨ। ਵਿਵਹਾਰਕ ਸੰਬੰਧ ਉਹ ਹਨ ਜਿਹੜੇ ਕਾਰ-ਵਿਹਾਰ ਵਿੱਚੋਂ ਉਪਜਦੇ ਹਨ। ਦਫ਼ਤਰਾਂ, ਕਾਰਖ਼ਾਨਿਆਂ, ਵਪਾਰਕ ਸ਼ਾਵਾਂ, ਸਕੂਲਾਂ ਕਾਲਜਾਂ ਅਤੇ ਅਨੇਕ ਪ੍ਰਕਾਰ ਦੇ ਮਹਿਕਮਿਆਂ ਵਿੱਚ ਕੰਮ ਕਰਦਿਆਂ ਅਸੀਂ ਸੰਬੰਧ- ਸਿਰਜਣਾ ਕਰਦੇ ਰਹਿੰਦੇ ਹਾਂ। ਇਹ ਸੰਬੰਧ ਅਫਸਰੀ ਮਾਤਹਿਤੀ, ਮਿੱਤ੍ਰਤਾ, ਉਸਤਾਦੀ, ਸ਼ਾਗਿਰਦੀ ਅਤੇ ਸਹਿਕਾਰਤਾ ਆਦਿਕ ਦੇ ਸੰਬੰਧ ਹੋ ਸਕਦੇ ਹਨ। ਅਵਿਵਹਾਰਕ ਸੰਬੰਧਾਂ ਤੋਂ ਮੇਰਾ ਭਾਵ ਹੈ ਉਹ ਸੰਬੰਧ ਜਿਨ੍ਹਾਂ ਦਾ ਆਧਾਰ ਨਾ ਪਰਿਵਾਰਕ ਹੈ ਨਾ ਵਿਵਹਾਰਕ। ਜਿਨ੍ਹਾਂ ਸੰਬੰਧਾਂ ਦੀ ਰੂਪ-ਰੇਖਾ ਉਲੀਕਣ ਵਿੱਚ ਸਾਡੇ ਵਰਤਮਾਨ ਦਾ ਕੋਈ ਉਚੇਚਾ ਹੱਥ ਨਹੀਂ; ਜਿਨ੍ਹਾਂ ਰਿਸ਼ਤਿਆਂ ਬਾਰੇ ਸੋਚੇ ਬਿਨਾਂ ਵੀ ਅਸੀਂ ਸੱਭਿਅ ਸਮਾਜ ਦੇ ਸਹਿਯੋਗੀ, ਉਪਯੋਗੀ ਅਤੇ ਸਤਿਕਾਰਯੋਗ ਸਦੱਸ ਬਣ ਸਕਦੇ ਹਾਂ।
ਆਪਣੀ ਇਸ ਗੱਲ ਨੂੰ ਸਪੱਸ਼ਟ ਕਰਨ ਲਈ ਇੱਕ ਮਿਸਾਲ ਦਾ ਸਹਾਰਾ ਲੈਂਦਾ ਹਾਂ। ਮੈਂ ਹਿੰਦੁਸਤਾਨ ਦਾ ਜੰਮ-ਪਲ ਹਾਂ। ਹਿੰਦੁਸਤਾਨ ਦੇ ਵੈਦਿਕ ਸਮੇਂ ਦੇ ਲੋਕਾਂ ਨਾਲ ਮੇਰਾ ਕੋਈ ਵਿਵਹਾਰਕ ਸੰਬੰਧ ਨਹੀਂ। ਪੁਸਤਕਾਂ ਵਿੱਚੋਂ ਵੈਦਿਕ ਕਾਲ ਦੇ ਲੋਕਾਂ ਬਾਰੇ ਪੜ੍ਹ ਕੇ ਮੈਂ ਉਨ੍ਹਾਂ ਨਾਲ ਇੱਕ ਸੰਬੰਧ ਸਥਾਪਤ ਕਰ ਸਕਦਾ ਹਾਂ। ਇਸ ਦਿਮਾਗੀ ਜਾਂ ਵਿਚਾਰਮੂਲਕ ਜਾਂ ਕਾਲਪਨਿਕ ਜਹੇ ਸੰਬੰਧ ਦਾ ਇੱਕੋ ਇੱਕ ਆਧਾਰ ਇਹ ਹੈ ਕਿ ਵੈਦਿਕ ਕਾਲ ਦੇ ਉਹ ਲੋਕ ਵੀ ਉਸੇ ਦੇਸ਼ ਦੇ ਵਸਨੀਕ ਸਨ ਜਿਸ ਵਿੱਚ ਮੈਂ ਜੰਮਿਆ ਪਲਿਆ ਹਾਂ। ਇਹ ਆਧਾਰ ਵਿਵਹਾਰਕ ਨਹੀਂ; ਐਵੇਂ ਖ਼ਿਆਲੀ ਹੈ। ਆਪਣੇ ਇਸ ਸੰਬੰਧ ਨੂੰ ਮੈਂ ਅਵਿਵਹਾਰਕ ਆਖਾਂਗਾ। ਜ਼ਰਾ ਕੁ ਲੰਮੀ ਨਦਰ ਨਿਹਾਲੀਏ ਤਾਂ ਅਸੀਂ ਵੇਖਾਂਗੇ ਕਿ ਸਾਡੇ ਪਰਿਵਾਰਕ ਸੰਬੰਧ ਵੀ ਦਾਦਾ-ਦਾਦੀ ਤੋਂ ਅਗੇਰੇ ਜਾ ਕੇ ਪਰਿਵਾਰਕ ਨਹੀਂ ਰਹਿੰਦੇ। ਇਸ ਸੱਚ ਨੂੰ ਪੰਜਾਬੀ ਦੀ ਇੱਕ ਲੋਕੋਕਤੀ ਰਾਹੀਂ ਅਸੀਂ ਇਸ ਤਰ੍ਹਾਂ ਦੁਹਰਾਉਂਦੇ ਹਾਂ, 'ਪੜ ਪਿਆ ਤਾਂ ਸਾਕ ਗਿਆ।' ਸੋਚਣ ਵਾਲੀ ਗੱਲ ਹੈ ਕਿ ਏਨਾ ਨੇੜਲਾ ਪਰਿਵਾਰਕ ਰਿਸ਼ਤਾ, ਜਿਸ ਨੂੰ ਅਸੀਂ ਖੂਨ ਦਾ ਰਿਸ਼ਤਾ ਆਖਦੇ ਹਾਂ, ਏਨੇ ਥੋੜੇ ਸਮੇਂ ਵਿੱਚ "ਗਿਆ" ਕਿਵੇਂ ਹੋ ਗਿਆ ? 'ਪੜ' ਵਾਲੀ ਗੱਲ ਜ਼ਰਾ ਦੂਰ ਦੀ ਗੱਲ ਹੈ। ਮੈਂ ਆਪਣੇ ਬਾਬਾ ਜੀ ਅਤੇ ਦਾਦੀ ਜੀ ਨੂੰ ਨਹੀਂ ਵੇਖਿਆ। ਮੇਰੇ ਜਨਮ ਤੋਂ ਪਹਿਲਾਂ ਹੀ ਉਹ ਪਰਲੋਕ ਸਿਧਾਰ ਗਏ ਸਨ। ਮੇਰਾ ਇਹ ਪਰਿਵਾਰਕ ਸੰਬੰਧ 'ਪੜ' ਪੈਣ