

ਗੌਰਵ ਅਤੇ ਪ੍ਰਤਿਸ਼ਠਾ ਮੱਧਕਾਲੀਨ ਆਦਰਸ਼ ਹਨ। ਪ੍ਰਬਲ ਪ੍ਰਚਾਰ ਅਤੇ ਲੰਮੇਰੇ ਅਭਿਆਸ ਨਾਲ ਇਹ ਮਨੁੱਖੀ ਮਨ ਨਾਲ ਡੂੰਘਾ ਅਤੇ ਪੱਕਾ ਸੰਬੰਧ ਸਥਾਪਤ ਕਰ ਚੁੱਕੇ ਹਨ। ਇਸ ਸੰਬੰਧ ਨੂੰ ਕਾਇਮ ਰੱਖਣ ਦੇ ਉਚੇਚੇ ਜਤਨ ਕੀਤੇ ਜਾਂਦੇ ਹਨ ਕਿਉਂਕਿ ਇਨ੍ਹਾਂ ਆਦਰਸ਼ਾਂ ਦਾ ਆਦਰ ਕਰਨ ਵਾਲੇ ਵਿਅਕਤੀ ਅਤੇ ਸਮਾਜ ਨੂੰ ਵਰਗਲਾਇਆ ਜਾਣਾ ਮੁਕਾਬਲਤਨ ਸੌਖਾ ਹੁੰਦਾ ਹੈ।
ਪ੍ਰਤਿਸ਼ਠਾ ਸਾਨੂੰ ਬੁਰਾਈ ਵੱਲੋਂ ਰੋਕਣ ਦਾ ਕੰਮ ਵੀ ਕਰਦੀ ਹੈ। ਇਸ ਪੱਖੋਂ ਸਾਰਥਕ ਹੁੰਦਿਆਂ ਹੋਇਆਂ ਵੀ ਪ੍ਰਤਿਸ਼ਠਾ ਸਤਿਕਾਰਯੋਗ ਨਹੀਂ। ਜਦੋਂ ਅਸੀਂ ਪ੍ਰਤਿਸ਼ਠਾ ਦੇ ਖ਼ਿਆਲ ਨਾਲ ਚੰਗੇਰਾ ਵਿਵਹਾਰ ਕਰਦੇ ਹਾਂ ਉਦੋਂ ਅਸੀਂ ਆਪਣੇ ਤੋਂ ਬਾਹਰਲੋ, ਜਗਤ ਦੁਆਰਾ ਅਨੁਕੂਲਿਤ (conditioned) ਹੁੰਦੇ ਹਾਂ। ਅਨੁਕੂਲਿਤ ਹੋਣ ਵਿੱਚ ਪ੍ਰਸੰਨਤਾ ਨਹੀਂ। ਪ੍ਰਸੰਨਤਾ ਬੇ-ਪ੍ਰਗਟਾਵੇ ਵਿੱਚ ਹੈ। ਚੰਗਿਆਈ-ਬੁਰਿਆਈ ਦਾ ਵਿਤਕ ਸਾਡੀ ਜ਼ਮੀਰ ਜਾਂ ਅੰਤਰ-ਆਤਮਾ (ਅੰਤਹਕਰਣ) ਵਿੱਚ ਮੌਜੂਦ ਹੈ। ਉਸ ਵਿਤ੍ਰਕ ਦੀ ਵਰਤੋਂ ਕਰਦਿਆਂ ਹੋਇਆ ਬੁਰਿਆਈ ਤੋਂ ਬਚਣ ਅਤੇ ਚੰਗਿਆਈ ਨੂੰ ਅਪਣਾਉਣ ਵਿੱਚ ਪ੍ਰਸਨਤਾ ਹੈ, ਕਿਉਂਕਿ ਅਜੇਹਾ ਕਰਨ ਨਾਲ ਅਸੀਂ ਆਪਣੇ ਆਪੇ ਦੀ ਅਭਿਵਿਅਕਤੀ ਕਰਦੇ ਹਾਂ; ਲੋਕ-ਰਾਏ ਤੋਂ ਪ੍ਰਭਾਵਿਤ ਹੋ ਕੇ ਜਾਂ ਡਰ ਕੇ ਚੰਗਿਆਈ ਕਰਨ ਵਿੱਚ ਥੋੜੀ ਜਹੀ ਮਜਬੂਰੀ ਮੌਜੂਦ ਹੈ: ਮਜਬੂਰੀ ਪ੍ਰਸੰਨਤਾ ਨਹੀਂ ਦੇ ਸਕਦੀ।
ਪ੍ਰਿਸ਼ਨਾ ਸਾਡੇ ਆਚਾਰ ਵਿਵਹਾਰ ਨੂੰ, ਥੋੜਾ ਜਾਂ ਬਹੁਤਾ ਪ੍ਰਭਾਵਿਤ ਕਰਦੀ ਰਹੇਗੀ। ਜੋ ਇਹ ਚੰਗਿਆਈ ਲਈ ਪ੍ਰੇਰਦੀ ਹੈ ਤਾਂ ਚੰਗੀ ਗੱਲ ਹੈ। ਪ੍ਰਸੰਨਤਾ ਦੇ ਵਾਧੇ ਵਾਸਤੇ ਪ੍ਰਤਿਸ਼ਠਾ ਦੇ ਤਿਆਗ ਦਾ ਕੋਈ ਵੀ ਜਤਨ ਲਾਹੇਵੰਦਾ ਨਹੀਂ। ਸੂਫ਼ੀਆਂ ਦਾ ਇੱਕ ਫਿਰਕਾ 'ਮਲਾਮਤੀ' ਅਖਵਾਉਂਦਾ ਹੈ। ਇਹ ਲੋਕ ਪ੍ਰਤਿਸ਼ਠਾ ਤੋਂ ਪਿੱਛਾ ਛੁਡਾਉਣ ਲਈ ਕਈ ਘਿਨਾਉਣੇ ਕੰਮ ਕਰਦੇ ਹਨ। ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹ ਆਪਣੇ ਜਤਨ ਵਿੱਚ ਸਫਲ ਹੋਏ ਹਨ। ਉਨ੍ਹਾਂ ਦੇ ਜਤਨਾਂ ਨਾਲ ਸਮਾਜਕ ਜੀਵਨ ਵਿੱਚ ਕੋਝ ਵਧਿਆ ਹੈ। ਸੰਕੀਰਣ ਵਿਅਕਤੀਵਾਦ ਅਤੇ ਉੱਗਰ ਵਿਵਾਦੀ ਰੁਚੀ ਕਾਰਨ ਸੂਫ਼ੀ ਮੱਤ ਸਮਾਜਕ ਜੀਵਨ ਦੀ ਸੁੰਦਰਤਾ ਵਿੱਚ ਕੋਈ ਵਾਧਾ ਨਹੀਂ ਕਰ ਸਕਿਆ।
ਪ੍ਰਤਿਸ਼ਠਾ ਦੀ ਭਾਵਨਾ ਨੂੰ ਆਪਣੀ ਪ੍ਰਸੰਨਤਾ ਅਤੇ ਸਮਾਜਕ ਸੁੰਦਰਤਾ ਲਈ ਵਰਤਿਆ ਜਾਣ ਵਿੱਚ ਹੀ ਸਿਆਣਪ ਹੈ। ਇਸ ਭਾਵ ਦੀ ਵਿਗਿਆਨਕ ਜਾਣਕਾਰੀ ਇਸ ਦੀ ਲਾਭਦਾਇਕ ਵਰਤੋਂ ਕਰਨ ਵਿੱਚ ਸਾਡੀ ਸਹਾਇਤਾ ਕਰ ਸਕਦੀ ਹੈ। ਜੇ ਅਸੀਂ ਇਸ ਜਾਣਕਾਰੀ ਤੋਂ ਸੱਖਣੇ ਹਾਂ ਤਾਂ ਪੈਸਾ ਸਾਡੀ ਪ੍ਰਸੰਨਤਾ ਦਾ ਸਾਧਨ ਹੋਣ ਦੀ ਥਾਂ ਪ੍ਰਤਿਸ਼ਠਾ ਦਾ ਪ੍ਰਤੀਕ ਬਣ ਜਾਵੇਗਾ। ਪੈਸਾ ਸਰੀਰਕ ਸੁਖ ਅਤੇ ਸਮਾਜਕ ਸੁਰੱਖਿਆ ਦਾ ਸਾਧਨ ਹੈ। ਪ੍ਰਸੰਨਤਾ ਲਈ ਦੋਵੇਂ ਚੀਜ਼ਾਂ ਇੱਕੋ ਜਹੀਆਂ ਜ਼ਰੂਰੀ ਹਨ। ਪ੍ਰਤਿਸ਼ਠਾ ਦੀ ਪ੍ਰੇਰਣਾ ਨਾਲ ਖ਼ਰਚਿਆ ਹੋਇਆ ਜਾਂ ਸਾਂਭਿਆ ਹੋਇਆ ਪੈਸਾ ਸਾਡੇ ਕਿਰਿਆਸ਼ੀਲ ਆਪੇ ਦੀ ਅਭਿਵਿਅਕਤੀ ਨਹੀਂ ਕਰਦਾ ਸਗੋਂ ਸਾਡੇ ਪੂਰਵਜਾਂ ਦੀਆਂ ਪ੍ਰਾਪਤੀਆਂ ਦੀ ਨੁਮਾਇਸ਼ ਕਰਨ ਅਤੇ ਸਾਡੇ ਸਮਕਾਲੀ ਪੜੋਸੀਆਂ ਦੀ ਰਾਏ ਖ਼ਰੀਦਣ ਉੱਤੇ ਖਰਚ ਹੁੰਦਾ ਹੈ। ਇਹ ਸੌਦਾ ਕਿਸੇ ਤਰ੍ਹਾਂ ਵੀ ਲਾਹੇਵੰਦਾ ਨਹੀਂ।