

ਪ੍ਰਾਰਥਨਾ ਅਤੇ ਪ੍ਰਸੰਨਤਾ
ਜੋ ਪਰਮਾਤਮਾ ਦੇ ਰੂਪ ਅਨੰਤ ਹਨ, ਨਾਮ ਅਨੇਕ ਹਨ ਅਤੇ ਉਹ ਸਦੇਵ ਅਗੋਅ (Eternally unknowable) ਹੈ ਤਾਂ ਇਹ ਕਹਿਣ ਅਤੇ ਮੰਨਣ ਵਿੱਚ ਕੋਈ ਉਕਾਈ ਨਹੀਂ ਕਿ ਸਮਾਜਾਂ, ਧਰਮਾਂ ਅਤੇ ਵਿਅਕਤੀਆਂ ਦੁਆਰਾ ਅਪਣਾਇਆ ਅਤੇ ਦੱਸਿਆ ਹੋਇਆ ਇਲਾਹੀ ਰੂਪ (ਜਾਂ ਪਰਮਾਤਮਾ ਦਾ ਕਿਆਸ) ਅਪੂਰਣ ਅਤੇ ਸਹੂਲਤੀ ਹੈ। ਜੇ ਇਹ ਗੱਲ ਠੀਕ ਹੈ ਤਾਂ ਇਹ ਵੀ ਯੁਕਤੀ-ਯੁਕਤ ਹੈ ਕਿ ਹਰ ਆਦਮੀ ਆਪਣੇ ਲਈ ਆਪਣੀ ਲੋੜ ਅਤੇ ਪਸੰਦ ਦਾ ਪਰਮਾਤਮਾ ਚਿਤਵਦਾ ਹੈ। ਧਾਰਮਕ ਸੰਗਠਨਾਂ ਦੀਆਂ ਹੱਦ-ਬੰਦੀਆਂ ਅਤੇ ਕਰਮ-ਕਾਂਡਾਂ ਤੋਂ ਉੱਚਾ ਹੋ ਕੇ ਸੋਚਣ ਵਾਲੇ ਆਦਮੀ ਲਈ ਉਪਰਲੇ ਕਥਨ ਦੀ ਸਾਰਥਕਤਾ ਨੂੰ ਸਮਝਣਾ ਸੁਭਾਵਕ ਵੀ ਹੈ ਅਤੇ ਸੁਖਦਾਇਕ ਵੀ। ਤਾਂ ਵੀ ਆਪਣੇ ਵੱਲੋਂ ਕੁਝ ਕੁ ਵਿਸਥਾਰ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ।
ਸਾਰੇ ਧਰਮ ਗ੍ਰੰਥ ਇਹ ਕਹਿੰਦੇ ਹਨ ਕਿ ਪਰਮਾਤਮਾ ਅਕੱਥ ਹੈ। ਜੋ ਉਸ ਨੂੰ ਅਨੁਭਵ ਦੁਆਰਾ ਜਾਣ ਵੀ ਲਈਏ ਤਾਂ ਭਾਸ਼ਾ ਰਾਹੀਂ ਉਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਮੰਨਦਿਆਂ ਹੋਇਆ ਵੀ ਕੋਈ ਧਰਮ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਸ ਦੇ ਗ੍ਰੰਥ ਵਿੱਚ ਪਰਮਾਤਮਾ ਜਾਂ ਰੱਬ ਬਾਰੇ ਜੋ ਲਿਖਿਆ ਗਿਆ ਹੈ ਉਹ ਸਰਵਸ਼ਾ ਸੰਪੂਰਣ ਨਹੀਂ ਸਗੋਂ ਅਧੂਰਾ ਹੈ। ਦੁਨੀਆ ਦੇ ਸਾਰੇ ਧਰਮ ਵਿਸ਼ਵਾਸੀਆਂ ਲਈ ਹਨ; ਵਿਚਾਰਵਾਨਾਂ ਲਈ ਨਹੀਂ।
ਹਰ ਯੁਗ ਅਤੇ ਹਰ ਦੇਸ਼ ਦੇ ਸਿਆਣੇ ਆਪਣੀ ਕਲਪਨਾ ਵਿੱਚ ਮਨੁੱਖੀ ਆਚਰਣ ਦਾ ਇੱਕ ਨਮੂਨਾ ਜਾਂ ਮਾਡਲ ਚਿਤਵ ਕੇ ਉਸ ਨੂੰ ਆਚਾਰ ਵਿਵਹਾਰ ਰਾਹੀਂ ਵਿਵਹਾਰਕ ਜਗਤ ਵਿੱਚ ਵਿਅਕਤ ਹੁੰਦਾ ਵੇਖਣ ਦੇ ਮਨੋਰਥ ਦੀ ਪੂਰਤੀ ਦਾ ਜਤਨ ਕਰਦੇ ਰਹੇ ਹਨ। ਸਮੇਂ, ਸਥਾਨ ਅਤੇ ਉਦੇਸ਼ ਦੇ ਪ੍ਰਭਾਵ ਨਾਲ ਆਦਰਸ਼ ਮਨੁੱਖਾਂ ਦੇ ਨਾਂ ਵੀ ਬਦਲਦੇ ਆਏ ਹਨ ਅਤੇ ਆਦਾਰ ਆਚਰਣ ਵੀ। ਕਿਸੇ ਨੇ ਆਪਣੀ ਕਲਪਣਾ ਦੇ ਆਦਰਸ਼ ਮਾਨਵ ਨੂੰ ਫਿਲਾਸਫਰ ਕਿੰਗ ਆਖਿਆ ਹੈ ਅਤੇ ਕਿਸੇ ਨੇ ਮਗਨੈਨੀਮੱਸ ਮੈਨ; ਕਿਸੇ ਦਾ ਆਦਰਸ਼ ਸੂਪਰ ਮੈਨ ਹੈ ਅਤੇ ਕਿਸੇ ਦਾ ਸੰਤ-ਸਿਪਾਹੀ। ਵੈਦਕ ਕਾਲ ਵਿੱਚ ਰਿਸ਼ੀ ਆਦਰਸ਼ ਸੀ। ਕਦੇ ਬ੍ਰਾਹਮਣ ਆਦਰਸ਼ ਹੋ ਗਿਆ ਕਦੇ ਬ੍ਰਹਮਗਿਆਨੀ। ਕਰਮਯੋਗੀ, ਖ਼ਾਲਸਾ, ਸੰਤ, ਭਗਤ, ਨਿਹਕੇਵਲ, ਅਰਹਤ, ਤਥਾਗੱਤ, ਪਾਰਗ੍ਰਾਮੀ, ਸਿੱਧ, ਨਾਥ, ਯੋਗੀ ਅਤੇ ਬੁੱਧ ਸਮੇਂ ਸਮੇਂ ਦੇ ਆਦਰਸ਼ ਮਾਨਵ ਦੇ ਨਾਂ ਹਨ।
ਹਰ ਮਾਡਲ-ਮਨੁੱਖ ਉਨ੍ਹਾਂ ਵਿਸ਼ੇਸ਼ ਗੁਣਾਂ ਦਾ ਧਾਰਨੀ ਹੈ ਜਿਨ੍ਹਾਂ ਗੁਣਾਂ ਦੇ ਸਹਾਰੇ ਸਮਾਜਕ ਪ੍ਰਬੰਧ ਨੂੰ ਪੱਕਾ ਅਤੇ ਸਥਿਰ ਬਣਾਉਣ ਦੀ ਆਸ ਉਸ ਸਮਾਜ ਦੇ ਸਿਆਣਿਆਂ ਨੇ ਕੀਤੀ ਹੈ ਜਾਂ ਜਿਨ੍ਹਾਂ ਗੁਣਾਂ ਦੇ ਸਹਾਰੇ ਕੋਈ ਵਿਅਕਤੀ ਜੀਵਨ ਦੇ ਅੰਤਲੇ ਮਨੋਰਥ ਦੀ ਪ੍ਰਾਪਤੀ ਕਰਨ ਦੇ ਜਤਨ ਵਿੱਚ ਸਫਲ ਹੋ ਸਕਦਾ ਹੈ। ਸਾਰੇ ਗੁਣਾਂ ਦਾ ਮਾਲਕ ਜਾਂ 'ਨੇਕੀ