

ਇਸ ਵਿਚਾਰ ਦੇ ਸਹਾਰੇ ਅਸੀਂ ਇਸ ਨਤੀਜੇ ਉੱਤੇ ਪੁੱਜ ਜਾਂਦੇ ਹਾਂ ਕਿ ਮਨੁੱਖਤਾ ਦੇ ਰਹਿਬਰ, ਆਪਣੇ ਪੈਰੋਕਾਰਾਂ ਨੂੰ, ਸਮੇਂ-ਸਥਾਨ ਦੀਆਂ ਲੋੜਾਂ ਅਨੁਸਾਰ, ਪਰਮਾਤਮਾ ਦੇ (ਸਾਰੇ ਨਹੀਂ) ਕੁਝ ਕੁ ਗੁਣਾਂ ਦਾ ਗਿਆਨ ਦੇ ਕੇ ਅਤੇ ਉਨ੍ਹਾਂ ਗੁਣਾਂ ਦੇ ਅਭਿਆਸ ਦੀ ਲਗਨ ਲਾ ਕੇ, ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਹੋਣ ਵਿੱਚ ਉਨ੍ਹਾਂ ਦੀ ਸਹਾਇਤਾ ਅਤੇ ਅਗਵਾਈ ਕਰਦੇ ਆਏ ਹਨ। ਇਸ ਗੱਲ ਨੂੰ ਇਉਂ ਵੀ ਕਹਿ ਸਕਦੇ ਹਾਂ ਕਿ ਦੁਨੀਆ ਦੇ ਲੋਕ, ਰਹਿਬਰਾਂ ਦੀ ਸਹਾਇਤਾ ਨਾਲ ਆਪਣੇ ਲਈ ਲੋੜੀਦਾ, ਆਪਣੇ ਜੋਗਾ ਅਤੇ ਆਪਣੀ ਪਸੰਦ ਦਾ ਪਰਮਾਤਮਾ ਪੁਜਦੇ ਆਏ ਹਨ। ਇਸ ਗੱਲ ਦਾ ਇਹ ਰੂਪ ਵੀ ਓਪਰਾ ਨਹੀਂ ਕਿ ਆਦਮੀ ਆਪਣੀ ਪਸੰਦ ਦਾ ਪਰਮਾਤਮਾ ਸਿਰਜਦਾ ਆਇਆ ਹੈ (Man creates God in his ow image)। ਇਹ ਗੱਲ ਵੱਖਰੀ ਹੈ ਕਿ ਮਨੁੱਖ ਆਪਣੇ ਰੂਹਾਨੀ ਰਹਿਬਰਾਂ ਦੁਆਰਾ ਦੱਸੇ ਹੋਏ ਰੱਬ ਨੂੰ ਆਦਮੀ ਦੁਆਰਾ ਸਿਰਜਿਆ ਹੋਇਆ ਰੱਬ ਜਾਂ ਰੱਬ ਦੇ ਅਨੰਤ ਗੁਣਾਂ ਵਿੱਚੋਂ ਚੁਣੇ ਅਤੇ ਵੱਖ ਕੀਤੇ ਹੋਏ ਕੁਝ ਕੁ ਗੁਣਾਂ ਦਾ 'ਇਕੰਠ' ਨਹੀਂ ਮੰਨਦੇ। ਉਹ ਤਾਂ ਆਪਣੇ ਰਹਿਬਰਾਂ ਨੂੰ ਮਨੁੱਖਾਂ ਵਰਗੇ ਮਨੁੱਖ ਮੰਨਣ ਨੂੰ ਵੀ ਤਿਆਰ ਨਹੀਂ ਹੁੰਦੇ।
ਹਰ ਯੁਗ ਦੇ ਆਦਰਸ਼-ਆਦਮੀ ਦੇ ਵਿਕਾਸ ਜਾਂ ਉਸ ਦੀ ਉਸਾਰੀ ਦੀ ਵਿਉਂਤ ਵੀ ਵੱਖਰੀ ਵੱਖਰੀ ਉਲੀਕੀ ਜਾਂਦੀ ਰਹੀ ਹੈ। ਯੂਨਾਨੀ ਸਿਆਣੇ ਗਣਿਤ, ਸੰਗੀਤ ਅਤੇ ਜਮਨਾਸਟਿਕ ਆਦਿਕ ਨੂੰ ਵਿਉਂਤ ਦਾ ਜ਼ਰੂਰੀ ਹਿੱਸਾ ਮੰਨਦੇ ਸਨ। ਭਾਰਤੀ ਸਿਆਣੇ ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ ਵਿੱਚ ਜੀਵਨ ਦੀਆਂ ਪਰਿਸਥਿਤੀਆਂ ਅਨੁਸਾਰ ਸਦਾਚਾਰ, ਜਪ, ਤਪ ਅਤੇ ਨਾਮ ਨੂੰ ਸਮੇਂ ਦੇ ਆਦਰਸ਼ ਮਾਨਵ ਦੀ ਉਸਾਰੀ ਦਾ ਤਰੀਕਾ ਦੱਸਦੇ ਸਨ। ਕਲਯੁਗ ਸਨਅਤੀ ਜੀਵਨ ਦਾ ਯੁਗ ਹੈ। ਇਸ ਵਿੱਚ ਸਦਾਚਾਰ, ਜਪ ਅਤੇ ਤਪ ਦੀਆਂ ਜ਼ਿੰਮੇਦਾਰੀਆਂ ਨਿਭਾਉਣ ਲਈ ਸਮਾਂ ਨਹੀਂ ਮਿਲ ਸਕਦਾ; ਹੋਰ ਅਨੇਕਾਂ ਚਿੰਤਾਵਾਂ ਹਨ। ਇਸ ਲਈ ਨਾਮ ਲੈ ਕੇ ਆਪਣੀ ਰੂਹਾਨੀ ਕਲਿਆਣ ਦਾ ਕੰਮ ਆਪਣੇ ਨਾਮ-ਦਾਤਾ ਨੂੰ ਸੌਂਪ ਦੇਣ ਨਾਲ ਕਲਯੁਗੀ ਕਾਰੋਬਾਰ ਵੱਲ ਲੋੜੀਂਦਾ ਧਿਆਨ ਦੇਣਾ ਸੌਖਾ ਹੋ ਜਾਂਦਾ ਹੈ। ਇਹ ਕੰਮ- ਵੰਡ ਦੇ ਸਮੇਂ-ਸਤਿਕਾਰੇ ਸਿਧਾਂਤ ਦੇ ਮਹੱਤਵ ਨੂੰ ਪਛਾਣਨ ਅਤੇ ਪਰਵਾਨਣ ਦਾ ਸੁਹਣਾ ਅਤੇ ਸਿਆਣਾ ਤਰੀਕਾ ਹੈ।
ਕਹਿਣ ਨੂੰ ਕਲਯੁਗ ਇੱਕ ਯੁਗ ਵਿਸ਼ੇਸ਼ ਦਾ ਨਾਂ ਹੈ; ਪਰੰਤੂ ਵਾਸਤਵਿਕਤਾ ਇਸ ਤੋਂ ਵੱਖਰੀ ਹੈ। ਇਸ ਯੁਗ (ਕਲਯੁਗ-ਸਨਅਤੀ ਯੁਗ) ਵਿੱਚ ਕਈ ਪ੍ਰਕਾਰ ਦੀਆਂ ਜੀਵਨ ਜਾਚਾਂ, ਇੱਕੋ ਸਮੇਂ ਅਤੇ ਇੱਕ ਸਥਾਨ (ਦੇਸ਼) ਉੱਤੇ ਜੀਵੀਆਂ ਜਾਂਦੀਆਂ ਵੇਖੀਆਂ ਜਾ ਸਕਦੀਆਂ ਹਨ। ਭਾਰਤ ਨੂੰ ਹੀ ਲੈ ਲਵੋ। ਏਥੇ ਜੰਗਲੀ ਢੰਗ ਨਾਲ ਜੀਣ ਵਾਲੇ ਆਦੀਵਾਸੀ ਲੋਕ ਵੀ ਹਨ; ਵੱਡੇ ਵੱਡੇ ਸਨਅਤੀ ਸ਼ਹਿਰ ਵੀ ਹਨ; ਮਸ਼ੀਨੀ ਸਹਾਇਤਾ ਨਾਲ ਨਵੇਂ ਢੰਗ ਦੀ ਖੇਤੀ ਵੀ ਕੀਤੀ ਜਾਂਦੀ ਹੈ; ਅਤੇ ਵਹਿੰਗੀਆਂ, ਢੀਗਲੀਆਂ, ਰੋਬਿਆਂ, ਕਹੀਆਂ ਦੀ ਵਰਤੋਂ ਕਰਨ ਵਾਲੇ ਕਿਸਾਨ ਵੀ ਏਥੇ ਹੈਨ। ਇਹ ਸਭ ਜੀਵਨ ਜਾਚਾਂ ਇੱਕ-ਮਿੱਕ ਹੋਣ ਦੇ ਆਹਰ
–––––––––––––––––
1. ਇਸ ਨੂੰ ਈਸਾਈ ਸੰਤਾਂ ਦੁਆਰਾ 'taking part in His Spirituality ਆਖਿਆ ਗਿਆ ਹੈ। ਪਲੈਟੋ ਦਾ ਸਿਧਾਂਤ ਹੈ ਕਿ ਦੁਨਿਆਵੀ ਚੀਜ਼ਾਂ ਆਦਰਸ਼ਕ (ਰੱਬੀ) ਮਹਾਨਤਾ ਅਤੇ ਸੁੰਦਰਤਾ ਆਦਿਕ ਵਿੱਚ ਸਾਂਝੀਦਾਰ ਹੋਣ ਨਾਲ ਮਹਾਨ ਅਤੇ ਸੁੰਦਰ ਬਣਦੀਆਂ ਹਨ।