

ਆਪਣੇ ਲਈ ਮੰਗਣ ਵਾਲਿਆਂ ਵਿੱਚ ਹਰਣਾਕਸ਼, ਰਾਵਣ ਅਤੇ ਮਹਿਖ਼ਾਸੁਰ ਵਰਗੇ ਵੀ ਹਨ। ਇਸ ਲਈ ਇਸ ਪ੍ਰਕਾਰ ਦੀ ਪ੍ਰਾਰਥਨਾ ਨੂੰ ਬਹੁਤੀ ਉੱਤਮ ਕਿਰਿਆ ਨਹੀਂ ਆਖਿਆ ਗਿਆ। ਰਾਵਣੀ ਯਾਚਨਾ ਵਿੱਚ ਸਫਲ ਹੋਣ ਲਈ ਦੋ ਗੱਲਾਂ ਦੀ ਲੋੜ ਹੈ—ਇੱਕ ਤਾਂ ਇਹ ਕਿ ਯਾਚਕ ਵਿੱਚ ਸ਼ਕਤੀਸ਼ਾਲੀ ਅਹੰਮ (ego) ਹੋਵੇ ਅਤੇ ਦੂਜੇ ਇਹ ਕਿ ਉਸ ਨੂੰ ਇਹ ਪੱਕਾ ਨਿਸਚਾ ਹੋਵੇ ਕਿ ਇਸ ਜਗਤ ਵਿੱਚ ਕੋਈ ਅਜੇਹੀ ਅਲੋਕਿਕ ਹੋਂਦ ਹੈ ਜਿਸ ਨੂੰ ਕਿਸੇ ਹਠ ਜਾਂ ਕਿਸੇ ਤਪ ਜਾਂ ਕਿਸੇ ਹੇਰਾ-ਫੇਰੀ ਨਾਲ ਆਪਣੀ ਗੱਲ ਮਨਵਾਉਣ ਲਈ ਵਰਗਲਾਇਆ ਜਾਂ ਮਜਬੂਰ ਕੀਤਾ ਜਾ ਸਕਦਾ ਹੈ। ਕਲਯੁਗੀ ਯਾਚਕ ਇਸ਼ਟ ਨੂੰ ਵਰਗਲਾਉਣ ਲਈ ਨਿਮਰਤਾ ਦਾ ਨਾਟਕ ਕਰਦੇ ਹਨ ਅਤੇ ਮਜਬੂਰ ਕਰਨ ਲਈ ਦੇਗਾਂ, ਲੰਗਰਾਂ ਜਾਂ ਮਾਇਆ ਦੀਆਂ ਅਰਦਾਸਾਂ ਕਰਦੇ ਹਨ। ਯਾਚਕ ਲਈ ਇਸ਼ਟ ਪ੍ਰੇਮੀ ਹੋਣਾ ਜ਼ਰੂਰੀ ਨਹੀਂ। ਪ੍ਰਾਰਥਨਾ ਕਬੂਲੀ ਜਾਣ ਕਾਰਨ ਹਰ ਯਾਚਕ ਦੀ ਹਉਮੈ ਜਾਂ ਉਸ ਦਾ ਨਿਮਰਤਾ-ਨਾਟਕ ਵਿਕਾਸ ਕਰ ਜਾਂਦੇ ਹਨ।
ਦੂਜੀ ਪ੍ਰਕਾਰ ਦੀ ਪ੍ਰਾਰਥਨਾ ਨੂੰ ਵਿਚੋਲਗੀਰੀ ਜਾਂ ਸਾਲਸੀ ਕਹਿ ਸਕਦੇ ਹਾਂ। ਇਹ ਉਹ ਪ੍ਰਾਰਥਨਾ ਹੈ ਜਿਸ ਰਾਹੀਂ ਪ੍ਰਾਰਥਕ ਆਪਣੇ ਲਈ ਕੁਝ ਨਹੀਂ ਮੰਗਦਾ ਸਗੋਂ ਦੂਜਿਆਂ ਲਈ ਮੰਗਦਾ ਹੈ। ਇਹ ਵਧੀਆ ਪ੍ਰਕਾਰ ਦੀ ਪ੍ਰਾਰਥਨਾ ਹੈ; ਪਰੰਤੂ ਇਸ ਦੀ ਇੱਕ ਸ਼ਰਤ ਹੈ। ਬਰਤ ਇਹ ਹੈ ਕਿ ਇਹ ਪ੍ਰਾਰਥਨਾ ਗੁਪਤ ਜਾਂ ਅਪਰਗਟ ਹੋਵੇ। ਗੁਪਤ ਰੂਪ ਵਿੱਚ ਕੀਤੀ ਜਾਣ ਨਾਲ ਇਹ ਪ੍ਰਾਰਥਨਾ ਪ੍ਰਾਰਥਕ ਦੇ ਮਨੋ-ਵਿਕਾਸ ਦਾ ਸਾਧਨ ਬਣ ਜਾਂਦੀ ਹੈ; ਸ੍ਰੇਸ਼ਟਤਮ ਯੋਗਾਭਿਆਸ ਬਣ ਜਾਂਦੀ ਹੈ। ਜੋ ਪ੍ਰਾਰਥਕ ਪਰਮਾਤਮਾ ਦੀ ਹੋਂਦ ਦਾ ਵਿਸ਼ਵਾਸੀ ਹੈ ਤਾਂ ਉਹ ਆਪਣੇ ਆਂਢ-ਗੁਆਂਢ ਰਹਿਣ ਵਾਲਿਆਂ ਦੀ ਸਿਫਾਰਸ਼ ਕਰ ਰਿਹਾ ਹੈ; ਉਨ੍ਹਾਂ ਦੇ ਕਲਿਆਣ ਦੀ ਕਾਮਨਾ ਕਰ ਰਿਹਾ ਹੈ; ਉਹ ਆਪਣੇ ਆਲੇ-ਦੁਆਲੇ ਦੇ ਜੀਵਨ ਨਾਲ ਮਿੱਤ੍ਰਤਾ ਦਾ ਸੰਬੰਧ ਸਥਾਪਤ ਕਰ ਰਿਹਾ ਹੈ। ਉਸ ਦੀ ਪ੍ਰਾਰਥਨਾ ਸਫਲ ਹੁੰਦੀ ਹੈ ਜਾਂ ਨਹੀਂ, ਇਸ ਗੱਲ ਨਾਲ ਉਸ ਦੀ ਮਿੱਤ੍ਰ-ਭਾਵਨਾ ਉੱਤੇ ਕੋਈ ਅਸਰ ਨਹੀਂ ਪੈਂਦਾ। ਇਉਂ ਵੀ ਆਖਿਆ ਜਾ ਸਕਦਾ ਹੈ ਕਿ ਉਸ ਦੀ ਪ੍ਰਾਰਥਨਾ ਸੁਣਨ ਲਈ ਕਿਧਰੇ ਪਰਮਾਤਮਾ ਨਾਂ ਦੀ ਕੋਈ ਹੋਂਦ ਹੈ ਜਾਂ ਨਹੀਂ,