

ਸਮਾਜ ਦੇ ਜਿਸ ਹਿੱਸੇ ਨੂੰ ਮਾਨਸਿਕ ਥਕਾਵਟ ਹੁੰਦੀ ਹੈ, ਉਹ ਸਮਾਜ ਦਾ ਰੱਜਿਆ- ਪੁੱਜਿਆ ਹਿੱਸਾ ਹੁੰਦਾ ਹੈ। ਉਸ ਹਿੱਸੇ ਕੋਲ ਮਾਨਸਿਕ ਥਕਾਵਟ ਦਾ ਇਲਾਜ ਕਰਨ ਲਈ ਖੇਡ-ਤਮਾਸ਼ਿਆਂ ਅਤੇ ਸੈਰ-ਸਪਾਟਿਆਂ ਦੇ ਸਾਧਨ ਹੁੰਦੇ ਹਨ। ਜਿਸ ਹਿੱਸੇ ਦੀ ਸਰੀਰਕ ਥਕਾਵਟ ਮਾਨਸਿਕ ਥਕਾਵਟ ਦਾ ਕਾਰਨ ਬਣਦੀ ਹੈ, ਉਹ ਹਿੱਸਾ ਦਰਮਿਆਨੇ ਤਬਕੇ ਦੇ ਲੋਕਾਂ ਦਾ ਹੁੰਦਾ ਹੈ। ਜੇ ਇਹ ਕਰੜੀ ਸਰੀਰਕ ਅਤੇ ਮਾਨਸਿਕ ਮਿਹਨਤ ਕਰਨ ਵਾਲੇ ਛੋਟੇ ਵਪਾਰੀ, ਦੁਕਾਨਦਾਰ ਅਤੇ ਘਰੇਲੂ ਸਨਅਤਕਾਰ ਹਨ ਤਾਂ ਇਨ੍ਹਾਂ ਦੀ ਥਕਾਵਟ ਚਿੰਤਾ ਦਾ ਰੂਪ ਧਾਰਨ ਕਰਦੀ ਹੈ। ਇਸ ਸੰਬੰਧ ਵਿੱਚ ਪਹਿਲਾਂ ਲਿਖ ਚੁੱਕਾ ਹਾਂ। ਸਕੂਲਾਂ ਅਤੇ ਦਫ਼ਤਰਾਂ ਦੇ ਕਰਮਚਾਰੀਆਂ ਦੀ ਸਮੱਸਿਆ ਵੱਖਰੀ ਪ੍ਰਕਾਰ ਦੀ ਹੁੰਦੀ ਹੈ। ਉਨ੍ਹਾਂ ਦੀ ਥਕਾਵਟ ਨਾ ਸਿਰਫ਼ ਸਰੀਰਕ ਹੁੰਦੀ ਹੈ, ਨਾ ਸਿਰਫ ਮਾਨਸਿਕ। ਇਹ ਸਰੀਰਕ-ਸਮਾਜਕ-ਮਾਨਸਿਕ ਹੁੰਦੀ ਹੈ। ਉਨ੍ਹਾਂ ਨੂੰ ਕੰਮ ਬਹੁਤਾ ਕਰਨਾ ਪੈਂਦਾ ਹੈ। ਇਸ ਦੇ ਨਾਲ ਨਾਲ ਆਪਣੇ ਸਾਥੀਆਂ ਨਾਲ ਆਪਣੀ ਤੁਲਨਾ ਕਰਨ ਦੀ ਕੁਦਰਤੀ ਰੁਚੀ ਵੀ ਹੁੰਦੀ ਹੈ। ਇਹ ਰੁਚੀ ਆਪਣੇ ਆਪ ਵਿੱਚ ਮੁਕਾਬਲਾ ਭਾਵੇਂ ਨਹੀਂ ਪਰ ਮੁਕਾਬਲੇ ਦੀ ਭਾਵਨਾ ਨੂੰ ਜਨਮ ਜ਼ਰੂਰ ਦਿੰਦੀ ਹੈ। ਇਹ ਭਾਵਨਾ ਹੁੰਦੀ ਹੈ ਜੀਵਨ-ਪੱਧਰ ਦੇ ਵਿਖਾਵੇ ਵਿੱਚ ਇੱਕ ਦੂਜੇ ਦੇ ਬਰਾਬਰ ਹੋਣ ਜਾਂ ਇੱਕ ਦੂਜੇ ਨੂੰ ਮਾਰ ਪਾਉਣ ਦੀ ਭਾਵਨਾ। ਆਮ ਆਦਮੀ ਨੂੰ ਪਤਾ ਨਹੀਂ ਲੱਗਦਾ ਕਿ ਇਹ ਭਾਵਨਾ ਕਦੋਂ ਈਰਖਾ ਦਾ ਰੂਪ ਧਾਰਨ ਕਰ ਜਾਂਦੀ ਹੈ। ਇਹ ਈਰਖਾ ਦਾ ਬਹੁਤ ਹੀ ਛਲੀਆ ਰੂਪ ਹੈ। ਇਸ ਨੂੰ ਈਰਖਾ ਆਖਣੇਂ ਸੰਕੋਚ ਕੀਤਾ ਜਾਂਦਾ ਹੈ।
ਇਸ ਅਧੀਨ ਅਸੀਂ ਆਪਣੀ ਮਾਇਕ ਸਮਰੱਥਾ ਦਾ ਨਿਰਾਦਰ ਕਰਨ ਲੱਗ ਪੈਂਦੇ ਹਾਂ। ਆਪਣੇ ਵਿਤੋਂ ਵਡੇਰਾ ਹੋਣ ਲਈ ਸਾਨੂੰ ਬਹੁਤਾ ਕੰਮ ਜਾਂ ਅਯੋਗ ਸਾਧਨ ਅਪਣਾਉਣੇ ਪੈਂਦੇ ਹਨ। ਇਸ ਨਾਲ ਸਰੀਰਕ ਅਤੇ ਮਾਨਸਿਕ ਦੋਵੇਂ ਬਕਾਵਟਾਂ ਵਧਦੀਆਂ ਹਨ। ਮਾਨਸਿਕ ਥਕਾਵਟ, ਜਿਸ ਨੂੰ ਅਸਾਂ ਈਰਖਾ ਦਾ ਮਨਮੋਹਣਾ ਰੂਪ ਆਖਿਆ ਹੈ, ਹੌਲੀ ਹੌਲੀ ਚਿੰਤਾ ਦਾ ਰੂਪ ਧਾਰਦੀ ਜਾਂਦੀ ਹੈ। ਈਰਖਾ ਰਜੋਗੁਣੀ ਭਾਵ ਹੋਣ ਕਰਕੇ ਕੁਝ ਕੁ ਉਤਸ਼ਾਹ ਦੇਣ ਦਾ ਕੰਮ ਕਰਦਾ ਹੈ ਜਦ ਕਿ ਚਿੰਤਾ ਤਮੋਗੁਣੀ ਹੋਣ ਕਰਕੇ ਉਤਸ਼ਾਹਹੀਣ ਕਰਨ ਦੀ ਰੁਚੀ ਰੱਖਦੀ ਹੈ। ਇਹ ਅਵਸਥਾ ਬਹੁਤ ਗੰਭੀਰ ਹੈ। ਇਸ ਹਾਲਤ ਤਕ ਪੁੱਜਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਵਿਤ ਅਨੁਸਾਰ ਵਰਤਣ ਦੀ ਜਾਚ ਸਿੱਖ ਲੈਣੀ ਚਾਹੀਦੀ ਹੈ। ਵਿਆਹ-ਸ਼ਾਦੀਆਂ ਅਤੇ ਹੋਰ ਸਭ ਵਿਸ਼ੇਸ਼ ਅਵਸਰਾਂ ਉੱਤੇ ਕੀਤੇ ਜਾਣ ਵਾਲੇ ਵਿਖਾਵੇ ਅਤੇ ਆਡੰਬਰ ਸਮਾਜ ਦੇ ਜਿਸ ਹਿੱਸੇ ਵਿੱਚ ਚਿੰਤਾ ਜਾਂ ਈਰਖਾ ਪੈਦਾ ਨਹੀਂ ਕਰਦੇ, ਉਸ ਵਿੱਚ ਵੀ ਭ੍ਰਿਸ਼ਟਾਚਾਰ ਦੇ ਰੰਗ ਨੂੰ ਵਧਾਉਣ ਦਾ ਕਾਰਨ ਜ਼ਰੂਰ ਬਣਦੇ ਹਨ। ਭ੍ਰਿਸ਼ਟਾਚਾਰ-ਗ੍ਰਸਤ ਸਮਾਜ ਵਿੱਚ ਵਿਅਕਤੀ ਦੀ ਖੁਸ਼ੀ ਕਿਸੇ ਰੇਗਿਸਤਾਨ ਵਿੱਚ ਨਿੱਕੇ ਜਹੇ ਨਖ਼ਲਿਸਤਾਨ ਵਰਗੀ ਹੁੰਦੀ ਹੈ। ਅਜੇਹੀ ਖ਼ੁਸ਼ੀ ਜੋ ਆਪਣੇ ਆਪ ਤੋਂ ਸ਼ਰਮਸਾਰ ਨਹੀਂ ਹੁੰਦੀ ਤਾਂ ਇਸ ਨੂੰ ਸੰਵੇਦਨਸ਼ੀਲ ਅਤੇ ਸੁਹਿਰਦ ਮਨੁੱਖ ਦੀ ਸਾਤਵਿਕ ਖੁਸ਼ੀ ਨਹੀਂ ਆਖਿਆ ਜਾਣਾ ਚਾਹੀਦਾ।