

ਅੰਤਿਕਾ
ਨਾ ਤਾਂ ਕਿਸੇ ਵਿਚਾਰ ਦੀ ਨਵੀਨਤਾ ਉਸ ਦੇ ਸ੍ਰੇਸ਼ਟ ਹੋਣ ਦਾ ਸਬੂਤ ਹੈ ਅਤੇ ਨਾ ਹੀ ਪੁਰਾਤਨਤਾ ਨੂੰ ਵਿਚਾਰਾਂ ਦੀ ਪ੍ਰਮਾਣੀਕਤਾ ਦੇ ਆਧਾਰ ਆਖਿਆ ਜਾਣਾ ਠੀਕ ਹੈ। 'ਮੂਰਖ ਲੋਕ ਸਦਾ ਸੁਖ ਸੌਂਦੇ' ਵਾਲੀ ਗੱਲ ਵਿੱਚ ਸੱਚਾਈ ਵੇਖਣ ਦੀ ਪ੍ਰੇਰਣਾ ਦਾ ਆਧਾਰ ਪੁਰਾਤਨਤਾ ਵਿੱਚ ਹੈ। ਇਸ ਪ੍ਰਕਾਰ ਦੀਆਂ ਕੱਚੀਆਂ ਗੱਲਾਂ ਨੂੰ ਮਹਾਂਵਾਕ ਦਾ ਦਰਜਾ ਦੇਣ ਵਾਲੇ ਲੋਕ ਸੁਖੀ ਜਾਂ ਖੁਸ਼ ਹੋਣ ਲਈ ਆਪਣੇ ਵਿਚਲੀ ਸਿਆਣਪ ਦਾ ਤਿਆਗ ਭਾਵੇਂ ਨਹੀਂ ਕਰ ਸਕਦੇ ਤਾਂ ਵੀ ਉਨ੍ਹਾਂ ਦੇ ਮਨ ਵਿੱਚ ਇਸ ਖਿਆਲ ਦਾ ਬੀ ਬੀਜਿਆ ਜਾਂਦਾ ਹੈ ਕਿ ਖ਼ੁਸ਼ੀ ਅਤੇ ਸੋਚ ਦੇ ਪੇਤਲੇਪਨ ਵਿੱਚ ਕੋਈ ਸੰਬੰਧ ਹੈ। ਇਸ ਸੋਚ ਦਾ ਦੂਜਾ ਪਾਸਾ ਇਹ ਹੈ ਕਿ ਗੰਭੀਰਤਾ ਅਤੇ ਸਿਆਣਪ ਨਜ਼ਦੀਕੀ ਰਿਸ਼ਤੇਦਾਰ ਹਨ। ਸਿਆਣਪ ਅਤੇ ਗੰਭੀਰਤਾ ਦੇ ਰਿਸ਼ਤੇ ਨੂੰ ਕੁਦਰਤੀ ਮੰਨਣ ਵਾਲੇ ਲੋਕਾਂ ਕੋਲੋਂ ਕਈ ਵੇਰ ਆਪਣੀ ਅਤੇ ਦੂਜਿਆਂ ਦੀ ਪ੍ਰਸੰਨਤਾ ਦੀ ਹਾਨੀ ਹੋਣ ਦਾ ਖ਼ਤਰਾ ਹੁੰਦਾ ਹੈ।
ਕਿਸੇ ਵੀ ਕੰਮ ਜਾਂ ਕਿਰਿਆ ਦਾ ਲੰਮਾ ਅਭਿਆਸ ਉਸ ਕੰਮ ਨੂੰ ਸਾਡੀ ਆਦਤ ਬਣਾ ਦਿੰਦਾ ਹੈ। ਆਦਤ ਦਾ ਰੂਪ ਧਾਰਨ ਕਰ ਲੈਣ ਉੱਤੇ ਕੋਈ ਵੀ ਕੰਮ ਸਾਡੇ ਲਈ ਔਖਾ ਜਾਂ ਉਚੇਚੇ ਜਤਨ ਦੀ ਉਪਜ ਨਹੀਂ ਰਹਿੰਦਾ ਸਗੋਂ ਨਿਰਜਤਨ ਹੀ ਹੋਈ ਜਾਂਦਾ ਹੈ। ਪ੍ਰਸੰਨਤਾ ਨੂੰ ਆਪਣੀ ਆਦਤ ਜਾਂ ਆਪਣਾ ਸੁਭਾਅ ਬਣਾ ਲੈਣ ਉੱਤੇ ਅਸੀਂ ਨਿਰਜਤਨ ਅਤੇ ਅਕਾਰਨ ਹੀ ਪ੍ਰਸੰਨ-ਚਿਤ ਰਹਿ ਸਕਦੇ ਹਾਂ। ਪਰੰਤੂ ਪ੍ਰਸੰਨਤਾ ਨੂੰ ਆਪਣੀ ਆਦਤ ਬਣਾਉਣਾ ਬਹੁਤਾ ਸੌਖਾ ਕੰਮ ਨਹੀਂ।
ਇਹ ਕੰਮ ਹੋਰ ਵੀ ਔਖਾ ਹੋ ਜਾਵੇਗਾ ਜੇ ਅਸੀਂ ਇਹ ਸੋਚਦੇ ਹੋਈਏ ਕਿ ਸਾਡੀ ਪ੍ਰਸੰਨਤਾ ਜਾਂ ਪ੍ਰਸੰਨਤਾ ਦਾ ਪ੍ਰਗਟਾਵਾ ਸਾਡੀ ਸੋਚ ਦੇ ਪੇਤਲੇਪਨ ਦਾ ਸਬੂਤ ਹੈ। ਸਾਡਾ ਸਮਾਜਕ ਚੌਗਿਰਦਾ ਸਾਡੇ ਵਿੱਚ ਅਜੇਹੀ ਸੋਚ ਦਾ ਸੰਚਾਰ ਕਰਨ ਦੀ ਸਿਆਣੀ ਭੁੱਲ ਕਰਨ ਦਾ ਕਸੂਰਵਾਰ ਹੈ। ਆਪਣੇ ਨਿੱਜੀ ਅਨੁਭਵ ਵਿੱਚੋਂ ਕੁਝ ਮਿਸਾਲਾਂ ਦਿੰਦਾ ਹਾਂ:
1. ਇੱਕ ਵੇਰ ਇੰਗਲੈਂਡ ਦੇ ਸ਼ਹਿਰ, ਡਾਰਬੀ (Derby), ਵਿਖੇ ਕਿਸੇ ਕਵੀ ਦਰਬਾਰ ਵਿੱਚ ਬੈਠਿਆਂ, ਮੈਂ, ਜਸਵਿੰਦਰ ਮਾਨ ਦੇ ਬਿਅਰਾਂ ਦੀ ਖੂਬ ਦਾਦ ਦਿੱਤੀ। ਆਪਣੇ ਸੱਜੇ ਪਾਸੇ ਵਾਲੀ ਕੁਰਸੀ ਉੱਤੇ ਬੈਠੇ ਸੱਜਣ ਨੂੰ ਮੈਂ ਨਹੀਂ ਸਾਂ ਜਾਣਦਾ। ਉਹ, ਮੇਰੇ ਲੇਖਾਂ ਰਾਹੀਂ, ਮੈਨੂੰ ਕੁਝ ਕੁਝ ਜਾਣਦਾ ਸੀ । ਕਵੀ ਦਰਬਾਰ ਦੀ ਸਮਾਪਤੀ ਉੱਤੇ ਉਹ ਬਿਰਧ ਵਿਅਕਤੀ ਮੈਨੂੰ ਇੱਕ ਪਾਸੇ ਕਰ ਕੇ ਕਹਿਣ ਲੱਗਾ, "ਤੁਹਾਡੇ ਵਰਗਾ ਵਿਦਵਾਨ, ਇਸ ਤਰ੍ਹਾਂ ਆਪੇ ਤੋਂ ਬਾਹਰ ਹੋ ਕੇ, ਕਿਸੇ ਕਵਿਤਾ ਦੀ ਵਾਹ ਵਾਹ ਕਰਦਾ ਬਹੁਤਾ ਚੰਗਾ ਨਹੀਂ ਲੱਗਦਾ। ਆਪਣੀ ਪੋਜ਼ੀਸ਼ਨ ਦਾ ਖ਼ਿਆਲ ਰੱਖਿਆ ਕਰੋ।" ਮੈਂ ਪਹਿਲੀ ਭੁੱਲ ਦੀ ਖਿਮਾ ਮੰਗ ਕੇ ਅੱਗੇ ਲਈ ਸੁਚੇਤ ਰਹਿਣ ਦਾ ਝੂਠਾ ਇਕਰਾਰ ਕਰ ਦਿੱਤਾ।