

ਸਾਡਾ ਸਰੀਰਕ ਅਤੇ ਮਾਨਸਿਕ ਬਲ ਘਟ ਜਾਣ ਉੱਤੇ ਸਾਡੇ ਮਨ ਵਿੱਚ ਕ੍ਰੋਧ ਅਤੇ ਘਿਰਣਾ ਆਦਿਕ ਦੇ ਉਦੰਡ ਭਾਵ, ਈਰਖਾ ਦੇ ਮੀਸਣੇ ਭਾਵ ਵਿੱਚ ਬਦਲ ਜਾਂਦੇ ਹਨ। ਬੁਢਾਪੇ ਵਿੱਚ ਇਉਂ ਹੀ ਹੁੰਦਾ ਹੈ। ਇਸ ਤਰ੍ਹਾਂ ਸਾਡੀ ਈਰਖਾ ਸਦਾ ਵਾਧੇ ਉੱਤੇ ਰਹਿੰਦੀ ਹੈ।
ਭਰਾਵਾਂ ਵਿਚਲਾ ਸ਼ਰੀਕਾ, ਰਿਸ਼ਤੇਦਾਰਾਂ ਦੇ ਰੋਸੇ, ਆਂਢੀਆਂ-ਗੁਆਂਢੀਆਂ ਦੀ ਬਦਖੋਈ, ਸਭਨਾਂ ਪਿੱਛੇ ਈਰਖਾ ਦਾ ਹੱਥ ਹੁੰਦਾ ਹੈ। ਕਵੀਆਂ, ਕਲਾਕਾਰਾਂ, ਬੁੱਧੀ-ਜੀਵੀਆਂ ਅਤੇ ਸਿਆਸਤਦਾਨਾਂ ਵਿੱਚ ਬਾਕੀ ਲੋਕਾਂ ਨਾਲੋਂ ਬਹੁਤੀ ਈਰਖਾ ਹੁੰਦੀ ਹੈ। ਪੰਜਾਬੀ ਦੀ ਕਹਾਵਤ ਹੈ ਕਿ ਬੇਗਾਨੀ ਥਾਲੀ ਵਿੱਚ ਪਿਆ ਲੱਡੂ ਆਪਣੀ ਥਾਲੀ ਵਿੱਚ ਪਏ ਲੱਡੂ ਨਾਲੋਂ ਵੱਡਾ ਦਿੱਸਦਾ ਹੈ। ਇਹ ਅਖਾਣ ਈਰਖਾ ਦੀ ਸਰਬ-ਵਿਆਪਕਤਾ ਦੀ ਦਲੀਲ ਹੈ। ਜੇ ਸਾਰਿਆਂ ਨੂੰ ਹੀ ਦੂਜੇ ਦੀ ਥਾਲੀ ਵਿਚਲਾ ਲੱਡੂ ਵੱਡਾ ਦਿੱਸਦਾ ਹੈ ਤਾਂ ਸਾਡੇ ਸਾਰਿਆਂ ਦੇ ਮਨਾਂ ਦੀਆਂ ਅੱਖਾਂ ਉੱਤੇ ਈਰਖਾ ਦਾ ਵਡ-ਦਰਸ਼ੀ ਸ਼ੀਸ਼ਾ ਲੱਗਾ ਹੋਇਆ ਹੈ।
ਮਨੁੱਖੀ ਮਨ ਵਿੱਚ ਈਰਖਾ ਦੇ ਭਾਵ ਦੀ ਉਤੇਜਨਾ ਬਹੁਤ ਛੋਟੀ ਉਮਰ ਵਿੱਚ ਹੀ ਹੋ ਜਾਂਦੀ ਹੈ। ਜਦੋਂ ਬੱਚਾ ਇਹ ਵੇਖਦਾ ਹੈ ਕਿ ਉਸ ਦੇ ਮਾਤਾ ਪਿਤਾ ਉਸ ਦੇ ਛੋਟੇ ਭੈਣ ਭਰਾ ਵੱਲ ਬਹੁਤਾ ਧਿਆਨ ਦਿੰਦੇ ਹਨ ਉਦੋਂ ਈਰਖਾ ਦਾ ਭਾਵ ਜਾਗਦਾ ਹੈ। ਕਈ ਵੇਰ ਬੱਚਾ ਇਹ ਵੇਖਦਾ ਹੈ ਕਿ ਉਸ ਦੇ ਮਾਤਾ-ਪਿਤਾ ਉਸ ਨੂੰ ਓਨਾ ਪਿਆਰ ਨਹੀਂ ਕਰਦੇ ਜਾਂ ਉਸ ਵੱਲ ਓਨਾ ਧਿਆਨ ਨਹੀਂ ਦਿੰਦੇ ਜਿੰਨਾ ਉਸ ਦੇ ਮਿੱਤਰ ਦੇ ਮਾਤਾ-ਪਿਤਾ ਆਪਣੇ ਬੱਚੇ ਵੱਲ ਦਿੰਦੇ ਹਨ। ਮਾਪੇ ਆਪਣੇ ਬੱਚਿਆਂ ਦੀ ਦੂਜੇ ਬੱਚਿਆਂ ਨਾਲ ਤੁਲਨਾ ਵੀ ਕਰਦੇ ਹਨ। ਉਹ ਕਹਿੰਦੇ ਹਨ, 'ਫਲਾਣਾ ਬੱਚਾ ਬਹੁਤ ਬੀਬਾ ਹੈ; ਪਰ ਇਹ ਨਹੀਂ ਜਾਣਦੇ ਕਿ ਇਹ ਸਾਧਾਰਣ ਜਿਹਾ ਵਾਕ ਉਨ੍ਹਾਂ ਦੇ ਬੱਚੇ ਦੇ ਮਨ ਵਿੱਚ ਕੀ ਉਥਲ ਪੁਥਲ ਕਰ ਰਿਹਾ ਹੈ। ਇਸ ਪ੍ਰਕਾਰ ਦੀਆਂ ਸਾਧਾਰਣ ਭੁੱਲਾਂ ਦੇ ਨਤੀਜੇ ਵਜੋਂ ਜਾਗੀ ਹੋਈ ਈਰਖਾ ਮੁਕਾਬਲੇ, ਇਨਾਮ ਅਤੇ ਦੰਡ ਦੀ ਡੰਗੋਰੀ ਦੇ ਸਹਾਰੇ ਤੁਰਨ ਵਾਲੀ ਵਿੱਦਿਆ-ਪ੍ਰਣਾਲੀ ਦੀ ਕਿਰਪਾ ਨਾਲ ਮਨੁੱਖੀ ਮਾਨਸਿਕਤਾ ਦਾ ਮਹੱਤਵਪੂਰਨ ਹਿੱਸਾ ਬਣ ਜਾਂਦੀ ਹੈ। ਇਸ ਪ੍ਰਕਾਰ ਦੀ ਮਾਨਸਿਕਤਾ ਦੀ ਪਛਾਣ ਇਹ ਹੈ ਕਿ ਇਹ ਜੀਵਨ ਵਿਚਲੀਆਂ ਬੇ-ਇਨਸਾਫ਼ੀਆਂ ਵੱਲ ਬਹੁਤ ਧਿਆਨ ਦਿੰਦੀ ਹੈ। ਜੀਵਨ ਵਿਚਲਾ ਕੋਈ ਅਨਿਆਂ ਇਸ ਵਿੱਚ ਪ੍ਰਤੀਕਿਰਿਆ ਪੈਦਾ ਕੀਤੇ ਬਿਨਾਂ ਨਹੀਂ ਰਹਿ ਸਕਦਾ। ਵਧੀ ਹੋਈ ਈਰਖਾ ਬੇ-ਇਨਸਾਫ਼ੀਆਂ ਦੀ ਕਲਪਨਾ ਵੀ ਕਰ ਲੈਂਦੀ ਹੈ। ਅਜਿਹੀ ਮਾਨਸਿਕਤਾ ਵਿੱਚ ਖੁਸ਼ੀ ਦੀ ਥਾਂ ਖਿਝ ਦਾ ਨਿਵਾਸ ਹੋ ਜਾਂਦਾ ਹੈ।
ਜੀਵਨ ਵਿੱਚ ਨਿੱਕੀਆਂ ਵੱਡੀਆਂ ਬੇ-ਇਨਸਾਫ਼ੀਆਂ ਦੀ ਭਰਮਾਰ ਹੈ। ਸਿਆਣੀ, ਸਿਹਤਮੰਦ ਮਾਨਸਿਕਤਾ ਲਈ ਬੇ-ਇਨਸਾਫੀਆਂ, ਭਾਰਤੀ ਸੜਕਾਂ ਉੱਤੇ ਚੱਲਦੀਆਂ ਗੱਡੀਆਂ ਦੇ ਹਾਰਨਾਂ ਦੀ ਆਵਾਜ਼ ਨਾਲੋਂ ਬਹੁਤਾ ਮਹੱਤਵ ਨਹੀਂ ਰੱਖਦੀਆਂ। ਈਰਖਾ ਵਾਲੇ ਵਿਅਕਤੀ ਲਈ ਇਨ੍ਹਾਂ ਦੇ ਆਕਾਰ-ਪਾਸਾਰ ਬਹੁਤ ਮਹੱਤਵ ਰੱਖਦੇ ਹਨ। ਉਹ ਬੇ-ਇਨਸਾਫ਼ੀਆਂ ਦੀ ਸਹਾਇਤਾ ਨਾਲ ਸਫਲ ਹੋਣ ਵਾਲੇ ਲੋਕਾਂ ਦੀ ਭੰਡੀ ਕਰ ਕੇ ਸੱਚ-ਧਰਮ ਦਾ ਪਹਿਰੇਦਾਰ ਹੋਣ