

ਈਰਖਾ ਮੁਕਾਬਲੇ ਨੂੰ ਜਨਮ ਦਿੰਦੀ ਹੈ ਅਤੇ ਮੁਕਾਬਲਾ ਈਰਖਾ ਵਧਾਉਂਦਾ ਹੈ। ਮੁਕਾਬਲਾ ਆਪਣੇ ਵਰਗੇ ਲੋਕਾਂ ਨਾਲ ਹੀ ਸੰਭਵ ਹੁੰਦਾ ਹੈ, ਇਸ ਲਈ ਈਰਖਾ ਵੀ ਆਪਣੇ ਵਰਗੇ ਲੋਕਾਂ ਨਾਲ ਹੀ ਹੁੰਦੀ ਹੈ। ਇੱਕ ਰਿਕਸ਼ਾ ਵਾਲਾ ਸ਼ਾਨੇ-ਪੰਜਾਬ ਦੇ ਡ੍ਰਾਈਵਰ ਜਾਂ ਏਅਰ ਇੰਡੀਆ ਦੇ ਕਿਸੇ ਪਾਇਲਟ ਨਾਲ ਈਰਖਾ ਨਹੀਂ ਕਰ ਸਕਦਾ। ਉਸ ਨੂੰ ਦੂਜੇ ਰਿਕਸ਼ਾ ਵਾਲਿਆਂ ਨਾਲ ਹੀ ਈਰਖਾ ਹੋਵੇਗੀ। ਹੁਣ ਇਹ ਨੇਮ ਟੁੱਟਣਾ ਸ਼ੁਰੂ ਹੋ ਗਿਆ ਹੈ। ਮੱਧਕਾਲ ਵਿੱਚ ਸ਼੍ਰੇਣੀ- ਵੰਡ ਬਹੁਤ ਕਠੋਰ ਸੀ। ਈਰਖਾ ਨੂੰ ਇਨ੍ਹਾਂ ਹੱਦ-ਬੰਦੀਆਂ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਸੀ। ਹੁਣ ਲੋਕਤੰਤ੍ਰ, ਵਿੱਦਿਆ, ਇੰਡਸਟ੍ਰੀ, ਸਾਇੰਸ, ਆਰਥਿਕ ਵਿਕਾਸ ਆਦਿਕ ਨੇ ਮਿਲ ਕੇ ਸ਼੍ਰੇਣੀ-ਵੰਡ ਨੂੰ ਢਾਹ ਲਾ ਦਿੱਤੀ ਹੈ। ਆਧੁਨਿਕ ਯੁਗ ਦਾ ਮਨੁੱਖ ਆਪਣੇ ਆਪ ਨੂੰ ਮਨੁੱਖ ਦੇ ਤੌਰ ਉੱਤੇ ਦੂਜੇ ਕਿਸੇ ਨਾਲੋਂ ਘਟੀਆ ਜਾਂ ਵੱਖਰਾ ਮੰਨਣੋਂ ਇਨਕਾਰ ਕਰਨ ਲੱਗ ਪਿਆ ਹੈ। ਇਸ ਲਈ ਇੱਕ ਪਿੰਡ ਵਿੱਚ ਵੱਸਣ ਵਾਲੇ ਆਦਿ-ਧਰਮੀ ਅਤੇ ਅੱਧੇ ਪਿੰਡ ਦੀ ਜ਼ਮੀਨ ਦੇ ਮਾਲਕ ਬ੍ਰਾਹਮਣ ਜਾਂ ਰਾਜਪੂਤ ਵਿੱਚ ਈਰਖਾ ਦਾ ਉਹ ਸੰਬੰਧ ਪੈਦਾ ਹੋ ਗਿਆ ਹੈ, ਜਿਸ ਦੀ ਸੰਭਾਵਨਾ ਦਾ ਸੁਪਨਾ ਵੀ ਕਦੇ ਕਿਸੇ ਨੂੰ ਨਹੀਂ ਸੀ ਆਇਆ। ਅਖ਼ਬਾਰਾਂ, ਫ਼ਿਲਮਾਂ, ਸਾਹਿਤ, ਵਿਦੇਸ਼ ਯਾਤਰਾ ਅਤੇ ਟੈਲੀਵਿਜਨ ਦੀ ਸਹਾਇਤਾ ਨਾਲ ਇੱਕ ਦੇਸ਼ ਦੇ ਲੋਕ ਦੂਜੇ ਦੇਸ਼ਾਂ ਬਾਰੇ ਬਹੁਤ ਕੁਝ ਜਾਣਨ ਲੱਗ ਪਏ ਹਨ। ਪੱਛੜੇ ਦੇਸ਼ਾਂ ਦੇ ਲੋਕਾਂ ਵਿੱਚ ਉੱਨਤ ਦੇਸ਼ਾਂ ਦੇ ਸੁਖੀ ਵੱਸਦੇ ਲੋਕਾਂ ਨਾਲ ਈਰਖਾ ਪੈਦਾ ਹੋ ਰਹੀ ਹੈ। ਪਹਿਲਾਂ ਪਹਿਲ ਇਸਤਰੀਆਂ ਕੇਵਲ ਇਸਤਰੀਆਂ ਨਾਲ ਅਤੇ ਮਰਦ ਕੋਵਲ ਮਰਦਾਂ ਨਾਲ ਈਰਖਾ ਕਰਦੇ ਸਨ, ਹੁਣ ਬਰਾਬਰੀ ਦੇ ਖ਼ਿਆਲ ਨੇ ਇਸਤਰੀ ਪੁਰਬ ਵਿੱਚ ਈਰਖਾ ਦਾ ਬੀ ਬੀਜ ਦਿੱਤਾ ਹੈ। ਰੋਗ ਤੇਜ਼ੀ ਨਾਲ ਵਧ ਰਿਹਾ ਹੈ। ਜੇ ਛੇਤੀ ਕੋਈ ਇਲਾਜ ਨਾ ਕੀਤਾ ਗਿਆ ਤਾਂ ਜੀਵਨ ਵਿੱਚ ਖ਼ੁਸ਼ੀ ਨਾਂ ਦੀ ਚੀਜ਼ ਦੁਰਲੱਭ ਹੋ ਜਾਵੇਗੀ। ਕਿਉਂਜੁ ਈਰਖੀ ਆਦਮੀ ਨੂੰ ਖ਼ੁਸ਼ੀ ਨਾਲ ਵੈਰ ਹੁੰਦਾ ਹੈ। ਨੌਕਰੀ ਲਈ ਇੰਟਰਵਿਊ ਉੱਤੇ ਗਿਆ ਹੋਇਆ ਗੁਆਂਢੀ ਦਾ ਮੁੰਡਾ ਜੇ ਫੇਲ੍ਹ ਹੋ ਕੇ ਆ ਜਾਵੇ ਤਾਂ ਈਰਖੀ ਨੂੰ ਓਨੀ ਹੀ ਖੁਸ਼ੀ ਹੋਵੇਗੀ ਜਿੰਨੀ ਉਸ ਨੂੰ ਆਪਣੇ ਮੁੰਡੇ ਦੇ ਪਾਸ ਹੋਣ ਦੀ ਹੋ ਸਕਦੀ ਹੈ। ਦੂਜਿਆਂ ਦੀ ਅਸਫਲਤਾ ਦੀ ਕਾਮਨਾ ਕਰਨ ਵਾਲਿਆਂ ਦਾ ਸਮਾਜ ਪ੍ਰਸੰਨ ਜੀਵਨ ਨਹੀਂ ਜੀ ਸਕਦਾ।
ਈਰਖਾ ਦੇ ਰੋਗ ਦੀ ਦਵਾਈ ਸ਼ਰਧਾ ਹੈ, ਜਿਹੜੀ ਆਪਣੇ ਸ਼ੁਧ ਰੂਪ ਵਿੱਚ ਦੁਰਲੱਭ ਹੈ। ਅੰਧਵਿਸ਼ਵਾਸ ਦੀ ਮਿਲਾਵਟ ਸ਼ਰਧਾ ਲਈ ਸ਼ਰਮਿੰਦਗੀ ਦਾ ਕਾਰਨ ਬਣ ਗਈ ਹੈ। ਮੈਂ ਪਿਆਰ, ਸਤਿਕਾਰ ਅਤੇ ਸ਼ਰਧਾ ਆਦਿਕ ਨੂੰ ਭਾਵ ਜਾਂ ਪਰਵਿਰਤੀਆਂ ਨਹੀਂ