

ਈਰਖੀ ਆਦਮੀ ਸਦਾ ਇਹ ਸੋਚ ਕੇ ਦੁਖੀ ਹੁੰਦਾ ਹੈ ਕਿ ਦੂਜੇ ਕੋਲ ਮੇਰੇ ਨਾਲੋਂ ਬਹੁਤਾ ਕਿਉਂ ਹੈ। ਇਹ ਸੋਚ ਉਸ ਨੂੰ ਆਪਣੀਆਂ ਪ੍ਰਾਪਤੀਆਂ ਅਤੇ ਆਪਣੇ ਆਨੰਦ-ਅਵਸਰਾਂ ਨੂੰ ਮਾਣਨ ਦੇ ਅਯੋਗ ਬਣਾ ਦਿੰਦੀ ਹੈ। ਉਹ ਆਪਣੀਆਂ ਪ੍ਰਾਪਤੀਆਂ ਦੀ ਥਾਂ ਦੂਜਿਆਂ ਦੀਆਂ ਹਾਨੀਆਂ ਵਿੱਚੋਂ ਆਨੰਦ ਪ੍ਰਾਪਤ ਕਰਨ ਲੱਗ ਪੈਂਦਾ ਹੈ। ਇਸ ਗੱਲ ਨੂੰ ਦੱਸਣ ਲਈ ਇੱਕ ਕਹਾਣੀ ਹੈ ਕਿ ਇੱਕ ਈਰਖੀ ਨੂੰ ਵਰ ਮਿਲ ਗਿਆ ਕਿ ਉਸ ਦੀ ਇੱਕ ਮੰਗ ਪੂਰੀ ਹੋ ਜਾਵੇਗੀ। ਪਰ ਉਹ ਜੋ ਵੀ ਮੰਗੇਗਾ ਉਸ ਨਾਲੋਂ ਦੂਣਾ ਉਸ ਦੇ ਗੁਆਂਢੀ ਨੂੰ ਮਿਲ ਜਾਵੇਗਾ। ਦੋ ਚਾਰ ਦਿਨ ਸੋਚ ਕੇ ਉਸ ਨੇ ਇਹ ਮੰਗ ਮੰਗੀ ਕਿ ਮੇਰੀ ਇੱਕ ਅੱਖ ਅੰਨ੍ਹੀ ਹੋ ਜਾਵੇ। ਉਸ ਦੇ ਗੁਆਂਢੀ ਦੀਆਂ ਦੋਵੇਂ ਅੱਖਾਂ ਬੰਦ ਹੋ ਗਈਆਂ।
ਇਹ ਈਰਖਾ ਦੀ ਸਿਖਰ ਹੈ; ਇਸ ਤੋਂ ਹੇਠਾਂ ਹੇਠਾਂ ਇਸ ਦੇ ਅਨੇਕ ਦਰਜੇ ਅਤੇ ਰੂਪ ਹਨ, ਜਿਨ੍ਹਾਂ ਉੱਤੇ ਸੱਭਿਅਤਾ ਅਤੇ ਸ਼ਿਸ਼ਟਾਚਾਰ ਦਾ ਪਰਦਾ ਪਾਉਣ ਦੇ ਜਤਨਾ ਵਿੱਚ ਲੱਗਾ ਹੋਇਆ ਮਨੁੱਖ ਇਹ ਨਹੀਂ ਜਾਣ ਸਕਦਾ ਕਿ ਪ੍ਰਸੰਨਤਾ ਲਈ ਕੀਤੇ ਹੋਏ, ਉਨ੍ਹਾਂ ਨਾਲੋਂ ਥੋੜੇ ਜਤਨ ਜੀਵਨ ਵਿੱਚ ਕਿੰਨੀ ਕੁ ਖੂਬਸੂਰਤੀ ਪੈਦਾ ਕਰ ਸਕਦੇ ਹਨ। ਪੜ੍ਹ-ਲਿਖ ਕੇ, ਕੰਮਾਂ ਕਾਰਾਂ ਅਤੇ ਨੌਕਰੀਆਂ ਉੱਤੇ ਲੱਗ ਕੇ ਅਤੇ ਆਪੋ ਆਪਣੇ ਵੱਖਰੇ ਪਰਿਵਾਰਾਂ ਦੀ ਸਿਰਜਣਾ ਕਰ ਕੇ ਅਸੀਂ ਪ੍ਰਸੰਨ ਜੀਵਨ ਦੀ ਕੁਦਰਤੀ ਜਿਹੀ ਆਸ ਕਰਨ ਲੱਗ ਪੈਂਦੇ ਹਾਂ। ਪਰ ਬਚਪਨ ਵਿੱਚ ਗ੍ਰਹਿਣ ਕੀਤੀ ਹੋਈ ਈਰਖਾ ਦੀ ਰੁਚੀ ਕਈ ਪ੍ਰਕਾਰ ਦੇ ਸੰਬੰਧਾਂ-ਸਰੋਕਾਰਾਂ ਅਤੇ ਵਰਤੋਂ- ਵਿਹਾਰਾਂ ਵਿੱਚ ਪ੍ਰਗਟ ਹੁੰਦੀ ਅਤੇ ਸਾਡੀ ਪ੍ਰਸੰਨਤਾ ਦਾ ਰਾਹ ਰੋਕਦੀ ਰਹਿੰਦੀ ਹੈ। ਆਪਣੀ ਸਿਆਣਪ ਦੀ ਸਹਾਇਤਾ ਨਾਲ ਅਸੀਂ ਈਰਖੀ ਆਖੇ ਜਾਣੇਂ ਬਚੇ ਰਹਿੰਦੇ ਹਾਂ, ਤਾਂ ਵੀ ਆਪਣੀ ਪ੍ਰਸੰਨਤਾ ਵਿੱਚ ਪੈਣ ਵਾਲੇ ਘਾਟੇ ਦਾ ਇਲਾਜ ਅਸੀਂ ਨਹੀਂ ਕਰ ਸਕਦੇ। ਰੀਸ ਆਮ ਕਰਕੇ ਈਰਖਾ ਦਾ ਪ੍ਰਗਟਾਵਾ ਹੁੰਦੀ ਹੈ। ਰੀਸ ਦੇ ਰੂਪ ਵਿੱਚ ਈਰਖਾ ਸਾਡੇ ਜੀਵਨ ਨੂੰ ਕਿੰਨਾ ਕੁ ਬੋਝਲ, ਮਰਚੀਲਾ ਅਤੇ ਚਿੰਤਾਤੁਰ ਕਰਦੀ ਹੈ, ਇਸ ਗੱਲ ਦਾ ਪਤਾ ਲਾਉਣ ਲਈ ਢੇਰ ਸਾਰੀ ਰੀਸਰਚ ਦੀ ਲੋੜ ਹੈ। ਰੱਜੀ-ਪੁੱਜੀ ਸ਼੍ਰੇਣੀ ਦੇ ਕਿਸੇ ਸਮਾਗਮ ਵਿੱਚ ਜਾ ਕੇ ਵੇਖੋ; ਚਾਰ-ਪੰਜ ਹਜ਼ਾਰ ਰੁਪਏ ਦੀ ਸਾੜ੍ਹੀ ਪਹਿਨ ਕੇ ਆਈ ਇਸਤਰੀ ਆਪਣੇ ਤੋਂ ਜ਼ਰਾ ਪਰੇ ਬੈਠੀ ਇਸਤਰੀ ਦੀ ਦੋ ਹਜ਼ਾਰ ਰੁਪਏ ਦੀ ਸਾੜ੍ਹੀ ਨੂੰ ਉਵੇਂ ਹੀ ਘੁਰ ਕੇ ਵੇਖੇਗੀ ਜਿਵੇਂ ਦੋ ਹਜ਼ਾਰ ਦੀ ਸਾੜ੍ਹੀ ਵਾਲੀ ਉਸ ਦੀ ਚਾਰ ਹਜ਼ਾਰ ਦੀ ਸਾੜ੍ਹੀ ਨੂੰ ਵੇਖਦੀ ਹੈ। ਗਹਿਣੇ, ਕਪੜੇ ਪਹਿਨ ਕੇ ਅਤੇ ਖ਼ੁਸ਼ਬੂਆਂ ਲਾ ਕੇ ਆਪਣੇ ਸਰੀਰ ਨੂੰ ਸਜਾਉਣ ਪਿੱਛੇ ਸਾਡੇ ਸੌਂਦਰਯ ਪ੍ਰੇਮ ਅਤੇ ਸੁਹਜ ਸਵਾਦ ਦੀ ਸੂਖਮਤਾ ਦੀ ਪ੍ਰੇਰਣਾ ਘੱਟ ਹੁੰਦੀ ਹੈ ਜਾਂ ਉੱਕੀ ਨਹੀਂ ਹੁੰਦੀ ਅਤੇ ਦੂਜਿਆਂ ਦੀ ਰੀਸ ਅਤੇ ਉਨ੍ਹਾਂ ਨਾਲੋਂ ਅਗੇਰੇ ਹੋਣ ਦੀ ਹਉਮੈ ਬਹੁਤੀ ਹੁੰਦੀ ਹੈ। ਆਪਣੇ ਲਾਗੇ ਵੱਸਣ ਵਾਲੇ ਲੋਕਾਂ ਨੂੰ ਹਉਮੈ ਦੀ ਦੌੜ ਵਿੱਚੋਂ ਹਟਾਉਣ ਲਈ ਅਸੀਂ ਆਪਣੇ ਘਰਾਂ ਵਿੱਚ ਏਨਾ ਬੇ-ਲੋੜਾ ਨਿਕ-ਸੁਕ ਇਕੱਠਾ ਕਰ ਲੈਂਦੇ ਹਾਂ ਕਿ ਸਾਡੀ ਪ੍ਰਸੰਨਤਾ ਨੂੰ ਪੈਰ ਪੈਰ ਉੱਤੇ ਠੇਡੇ ਲੱਗਣ ਲੱਗ ਪੈਂਦੇ ਹਨ। ਸਾਡੇ ਕਈ ਇੱਕ ਖ਼ਰਚਿਆਂ ਪਿੱਛੇ ਸਾਡੀ ਲੋੜ ਦੀ ਥਾਂ ਸਾਡੀ ਈਰਖਾ ਦਾ ਹੱਥ ਹੁੰਦਾ ਹੈ।
ਕਵੀਆਂ, ਕਲਾਕਾਰਾਂ ਅਤੇ ਲੇਖਕਾਂ ਵਿੱਚ ਈਰਖਾ ਬਹੁਤਾ ਵਿਕਾਸ ਕਰ ਗਈ ਹੁੰਦੀ ਹੈ; ਇਸ ਦਾ ਕਾਰਨ ਹੁੰਦਾ ਹੈ: ਪਾਠਕਾਂ, ਪ੍ਰਸ਼ੰਸਕਾਂ ਅਤੇ ਆਲੋਚਕਾਂ ਵਲੋਂ ਮਿਲੀ ਪ੍ਰਸੰਸਾ ਅਤੇ ਪਰਵਾਨਗੀ ਦਾ ਵਾਧਾ-ਘਾਟਾ। ਇੱਕ ਈਰਖੀ ਕਵੀ ਨੂੰ ਜੇ ਇੱਕ ਕੌਮੀ ਇਨਾਮ ਮਿਲ