ਇਸ ਲਈ ਹਰ ਆਦਮੀ ਨੂੰ ਆਪਣੇ ਇਸ ਵਿਸ਼ਵਾਸ ਦੀ ਪੜਚੋਲ ਕਰਦੇ ਰਹਿਣਾ ਚਾਹੀਦਾ ਹੈ। ਅਸੀਂ ਆਪਣੇ ਆਲੇ ਦੁਆਲੇ ਦੇ ਜੀਵਨ ਨਾਲ ਚੰਗਾ ਵਰਤਦੇ ਹਾਂ। ਸਾਡੇ ਚੰਗੇ ਵਰਤਾਉ ਦੇ ਬਦਲੇ ਵਿੱਚ ਸਾਲੇ ਨਾਲ ਕਠੋਰ, ਘਟੀਆ ਜਾ ਮਾੜਾ ਵਰਤਾਉ ਹੋਵੇ ਤਾਂ ਆਪਣੇ ਸੰਬੰਧਾਂ ਨੂੰ ਸੰਕੋਚਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਕੋਲੋਂ ਇਹ ਸੁਆਲ ਪੁੱਛਣਾ ਚਾਹੀਦਾ ਹੈ ਕਿ ਸਾਡੇ ਵਰਤਾਉ ਪਿੱਛੇ ਸਾਡਾ ਕਿਹੜਾ ਮਨੋਰਥ ਕੰਮ ਕਰ ਰਿਹਾ ਸੀ। ਕੀ ਅਸੀਂ ਆਪਣੇ ਸੁਭਾਅ ਅਨੁਸਾਰ ਵਰਤ ਰਹੇ ਸਾਂ ਜਾਂ ਆਪਣੇ ਕਿਸੇ ਸੁਆਰਥ ਦੀ ਸਿੱਧੀ ਲਈ, ਸੋਚ ਸਮਝ ਕੇ ਚੰਗਿਆਈ ਦਾ ਵਤੀਰਾ ਅਸਾਂ ਅਪਣਾਇਆ ਸੀ ? ਆਮ ਆਦਮੀ ਲਈ ਆਪਣੇ ਆਪ ਨੂੰ ਧੋਖਾ ਦੇਣਾ ਸੌਖਾ ਨਹੀਂ। ਜੇ ਸਾਡੇ ਵਰਤਾਉ ਪਿੱਛੇ ਸਾਡਾ ਕੋਈ ਸੁਆਰਥ ਸੀ ਤਾਂ ਇਹ ਸੱਚ ਸਾਡੇ ਕੋਲੋਂ ਲੁਕਿਆ ਨਹੀਂ ਰਹੇਗਾ, ਆਪਣੇ ਤੋਂ ਬਾਹਰਲੇ ਜੀਵਨ ਕੋਲੋਂ ਇਸ ਸੱਚ ਨੂੰ ਛੁਪਾਉਣ ਦਾ ਜਤਨ ਅਸੀਂ ਕਰ ਸਕਦੇ ਹਾਂ। ਕਈ ਵੇਰ ਸੁਆਰਥ ਦਾ ਰੂਪ ਏਨਾ ਸੂਖਮ ਅਤੇ ਸੁੰਦਰ ਹੁੰਦਾ ਹੈ ਕਿ ਉਸ ਨੂੰ ਸੁਆਰਥ ਆਖਣ ਨੂੰ ਜਾਂ ਮੰਨਣ ਨੂੰ ਅਸੀਂ ਤਿਆਰ ਨਹੀਂ ਹੁੰਦੇ, ਪਰ ਇਸ ਤਰ੍ਹਾਂ ਦੀ ਪੜਚੋਲ ਦਾ ਥੋੜਾ ਜਿਹਾ ਅਭਿਆਸ ਸਾਨੂੰ ਇਸ ਕਠਨਾਈ ਉੱਤੇ ਕਾਬੂ ਪਾਉਣ ਦੀ ਜਾਚ ਸਿਖਾ ਦੇਵੇਗਾ।
ਜੇ ਦੀਮਾਨਦਾਰੀ ਨਾਲ ਕੀਤੀ ਗਈ ਆਤਮ-ਪੜਚੋਲ ਸਾਡੇ ਕਿਸੇ ਸੁਆਰਥ ਵੱਲ ਸੰਕੋੜ ਕਰਦੀ ਹੈ ਤਾਂ ਸਾਨੂੰ ਕਿਸੇ ਗੁੱਸੇ ਗਿਲੇ ਦਾ ਹੱਕ ਨਹੀਂ। ਸਾਨੂੰ ਸੁਆਰਥ ਤੋਂ ਉੱਚੇ ਹੋਣ ਦੀ ਲੋੜ ਹੈ। ਜਾਂ ਇਹ ਮੰਨਣ ਦੀ ਲੋੜ ਹੈ ਕਿ ਸੁਆਰਥ ਸਰਵ-ਵਿਆਪਕ ਹੈ। ਅਸੀਂ ਵੀ ਬਾਕੀਆਂ ਵਾਂਗ ਸੁਆਰਥੀ ਹਾਂ। ਸੁਆਰਥੀ ਹੋਣ ਵਿੱਚ ਓਨੀ ਵੱਡੀ ਬੁਰਾਈ ਨਹੀਂ ਜਿੰਨੀ ਆਪਣੇ ਸੁਆਰਥ ਦੀ ਸਿੱਧੀ ਲਈ ਸਿਆਣਪ ਦਾ ਸਹਾਰਾ ਲੈ ਕੇ ਦੂਜਿਆਂ ਨੂੰ ਧੋਖਾ ਦੇਣ ਵਿੱਚ ਹੈ। ਸੁਆਰਥ ਦੀ ਸਿੱਧੀ ਦਾ ਸੁਹਣਾ ਤਰੀਕਾ ਹੈ ਮਿਲਵਰਤਣ। ਮਿਲਵਰਤਣ ਦੀ ਭਾਵਨਾ ਉਦੋਂ ਪੈਦਾ ਹੁੰਦੀ ਹੈ ਜਦੋਂ ਸਾਰਿਆਂ ਨੂੰ ਆਪਣੇ ਵਰਗਾ ਸਾਊ ਅਤੇ ਆਪਣੇ ਆਪ ਨੂੰ ਸਾਰਿਆਂ ਵਰਗਾ ਸੁਆਰਥੀ ਸਮਝਣ ਦੀ ਜਾਚ ਆ ਜਾਵੇ।