ਉਪਰੋਕਤ ਸਾਰੀ ਵਿਚਾਰ ਜਾਂ ਸ੍ਵੈ-ਪੜਚੋਲ ਨੂੰ ਨਿਰਮੂਲ ਅਤੇ ਨਿਰਾਰਥਕ ਕਹਿਣ ਦਾ ਸਾਨੂੰ ਪੂਰਾ ਪੂਰਾ ਹੱਕ ਹੈ। ਇਸ ਹੱਕ ਦੀ ਵਰਤੋਂ ਬਹੁਤ ਆਮ ਹੈ ਅਤੇ ਇਸ ਵਰਤੋਂ ਦੇ ਆਮ ਹੋਣ ਦਾ ਭਾਵ ਇਹ ਹੈ ਕਿ ਅਸਾਂ ਮਿਲਵਰਤਣ ਦੀ ਥਾਂ ਮੁਕਾਬਲੇ ਦੀ ਸਰਦਾਰੀ ਨੂੰ ਪਰਵਾਨ ਕਰ ਲਿਆ ਹੈ। ਜੇ ਨਾ ਕੀਤਾ ਹੁੰਦਾ ਤਾਂ ਅਸੀਂ ਕਿਸੇ ਵਿਪ੍ਰੀਤ ਵਤੀਰੇ ਨੂੰ ਵੇਖ ਕੇ ਉਦਾਸ ਨਾ ਹੁੰਦੇ ਸਗੋਂ ਆਪਣੇ ਸੁਭਾਅ ਅਨੁਸਾਰ ਮਿੱਤ੍ਰਤਾ ਦਾ ਵਰਤਾਉ ਕਰਦੇ ਹੋਏ ਇਹ ਆਸ ਰੱਖਦੇ ਕਿ ਭਵਿੱਖ ਵਿੱਚ ਸਾਰੇ ਮਨੁੱਖਾਂ ਦਾ ਸੁਭਾਅ ਮਿੱਤ੍ਰਤਾ ਅਤੇ ਸਹਿਯੋਗ ਵਾਲਾ ਹੋ ਜਾਵੇਗਾ ਅਤੇ ਜੀਵਨ ਵਿੱਚ ਹੁਣ ਨਾਲੋਂ ਬਹੁਤੀ ਖ਼ੁਸ਼ੀ ਹੋਵੇਗੀ। ਮਿੱਤ੍ਰਤਾ ਦਾ ਉੱਤਰ ਮਿੱਤਤਾ ਵਿੱਚ ਨਾ ਮਿਲਣ ਉੱਤੇ ਅਸੀਂ ਉਦਾਸ ਇਸ ਕਰਕੇ ਹੁੰਦੇ ਹਾਂ ਕਿ ਸਾਡੀ ਮਿੱਠਾ ਵਿੱਚ ਕਿਸੇ ਸੂਖਮ ਸੁਆਰਥ ਦੀ ਭਾਵਨਾ ਮੌਜੂਦ ਹੈ। "ਅਸਾਂ ਇਸ ਸੂਖਮ ਸੁਆਰਥ ਤੋਂ ਪਿੱਛਾ ਛੁਡਾਉਣਾ ਹੈ ਭਾਵੇਂ ਇਹ ਸੁਆਰਥ ਮਿੱਤ੍ਰਤਾ ਦੇ ਬਦਲੇ ਵਿੱਚ ਮਿੱਤ੍ਰਤਾ ਦੀ ਮੰਗ ਕਰਨ ਦਾ ਸੁੰਦਰ ਸੁਆਰਥ ਹੀ ਕਿਉਂ ਨਾ ਹੋਵੇ।" ਆਪਣੇ ਮਨ ਨੂੰ ਇਸ ਤਰ੍ਹਾਂ ਦਾ ਮਸ਼ਵਰਾ ਦੇਣ ਵਾਲਾ ਆਦਮੀ ਇਹ ਕਹਿਣ ਵਿੱਚ ਸੱਚਾ ਹੈ ਕਿ 'ਖ਼ੁਸ਼ੀ ਸਾਨੂੰ ਬਾਹਰੋਂ ਨਹੀਂ ਮਿਲਦੀ, ਇਹ ਸਾਡੇ ਅੰਦਰਲੇ ਦੀ ਉਪਜ ਹੈ।' ਇਨ੍ਹਾਂ ਸ਼ਬਦਾਂ ਰਾਹੀਂ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਖ਼ੁਸ਼ੀ ਲਈ ਸਾਰੇ ਆਪੇ ਦਾ ਵਿਕਾਸ ਜ਼ਰੂਰੀ ਹੈ। ਸਾਡੀ ਖ਼ੁਸ਼ੀ ਕੇਵਲ ਬਾਹਰੀ ਜਗਤ ਉੱਤੇ ਹੀ ਨਿਰਭਰ ਨਹੀਂ ਕਰਦੀ ਸਗੋਂ ਇਸ ਸੱਚ ਉੱਤੇ ਵੀ ਨਿਰਭਰ ਕਰਦੀ ਹੈ ਕਿ ਅਸੀਂ ਬਾਹਰਲੇ ਜਗਤ ਨੂੰ ਕਿਸ ਤਰ੍ਹਾਂ ਵੇਖਦੇ ਹਾਂ ਅਤੇ ਉਸ ਨਾਲ ਵਰਤਣ ਵਿੱਚ ਕਿੰਨੇ ਕੁ ਈਮਾਨਦਾਰ ਅਤੇ ਉਦਾਰ ਹਾਂ। ਆਪਣੇ ਵਿਚਲੀ ਨੇਕੀ ਅਤੇ ਖ਼ੁਸ਼ੀ ਨੂੰ ਵਾਪਾਰ ਦਾ ਵੱਖਰ ਸਮਝਦੇ ਹੋਏ ਤੁਰਤ ਮੁਨਾਫ਼ੇ ਦੀ ਇੱਛਾ ਨਾਲ ਵੇਚਣ ਵਾਲੇ ਆਦਮੀਆਂ ਨੂੰ ਘਾਟਾ ਪੈਣਾ ਕੁਦਰਤੀ ਹੈ। ਲਾਭ ਉਨ੍ਹਾਂ ਨੂੰ ਹੁੰਦਾ ਹੈ ਜਿਹੜੇ ਇਸ ਨੂੰ ਧੁਰੋਂ ਮਿਲੀ ਦਾਤ ਸਮਝ ਕੇ ਲੋਕਾਂ ਵਿੱਚ ਵੰਡਦੇ ਹਨ। ਤਾਂ ਤੇ ਕੋਮਲ ਭਾਵੀ ਉਦਾਰ ਅਤੇ ਬਾਹਰਮੁਖੀ ਹੋਣਾ ਪ੍ਰਸੰਨ ਹੋਣ ਦੀਆਂ ਮੁੱਢਲੀਆਂ ਸ਼ਰਤਾਂ ਹਨ। ਇਹ ਕੇਵਲ ਸ਼ਰਤਾਂ ਹਨ; ਜ਼ਮਾਨਤਾ ਜਾਂ ਗਰੰਟੀਆਂ ਨਹੀਂ ਹਨ। ਇਹ ਨੀਂਹਾਂ ਹਨ ਜਿਨ੍ਹਾਂ ਉਤੇ ਪ੍ਰਸੰਨਤਾਦੇ ਭਵਨ ਦੀ ਉਸਾਰੀ ਕੀਤੀ ਜਾਣੀ ਹੁੰਦੀ ਹੈ।