Back ArrowLogo
Info
Profile

ਥਕਾਵਟ ਅਤੇ ਉਤੇਜਨਾ

ਬਕਾਵਟ ਸਰੀਰਕ ਵੀ ਹੋ ਸਕਦੀ ਹੈ ਅਤੇ ਮਾਨਸਿਕ ਵੀ। ਦੋਹਾਂ ਹਾਲਤਾਂ ਵਿੱਚ ਇਹ ਸਾੜੇ ਦਵਾਰਾ ਸਾਝੀ ਸਮਰੱਥਾ-ਸੀਮਾ ਦੇ ਨਿਰਾਦਰ ਦਾ ਨਤੀਜਾ ਹੁੰਦੀ ਹੈ। ਹਰ ਕਿਸੇ ਨੂੰ ਇਹ ਗਿਆਨ ਹੁੰਦਾ ਹੈ ਕਿ ਉਹ ਕੀ ਕੁਝ ਕਰ ਸਕਣ ਦੇ ਯੋਗ ਹੈ। ਗਲਤ ਸਲਾਹ, ਬੇ-ਵਕਤੀ ਅਤੇ ਬੇ-ਲੋੜੀ ਹੱਲਾਸ਼ੇਰੀ, ਲੋਕ-ਰਾਏ ਦਾ ਡਰ ਜਾਂ ਕੀਰਤੀ ਦੀ ਇੱਛਾ ਜਾਂ ਆਪਣੇ ਮਨ ਦੇ ਹੋਰ ਕਿਸੇ ਵਕਤੀ ਵੇਗ ਵੱਸ ਅਸੀਂ ਆਪਣੀ ਯੋਗਤਾ ਅਤੇ ਸਮਰੱਥਾ ਦੀ ਸੀਮਾ ਵਲੋਂ ਬੇ-ਧਿਆਨ ਹੋ ਕੇ ਵਿਤੋਂ ਬਹੁਤਾ ਜ਼ੋਰ ਲਾ ਦਿੰਦੇ ਹਾਂ ਅਤੇ ਆਪਣੇ ਲਈ ਸਰੀਰਕ ਅਤੇ ਮਾਨਸਿਕ ਥਕਾਵਟ ਪੈਦਾ ਕਰ ਲੈਂਦੇ ਹਾਂ। ਸਰੀਰ ਅਤੇ ਮਨ ਆਪਣੇ ਅੰਤਲੇ ਰੂਪ ਵਿੱਚ ਇੱਕ ਦੂਜੇ ਨਾਲੋਂ ਵੱਖਰੇ ਨਹੀਂ ਹਨ; ਇਸ ਲਈ ਇਨ੍ਹਾਂ ਦੀਆਂ ਥਕਾਵਟਾਂ ਵੀ, ਅੰਤਲੇ ਰੂਪ ਵਿੱਚ, ਇੱਕ ਹੋ ਜਾਣ ਦੀ ਰੁਚੀ ਰੱਖਦੀਆਂ ਹਨ।

ਆਪਣੀ ਸਮਰੱਥਾ ਦੀ ਸੀਮਾ ਦਾ ਸਤਿਕਾਰ ਕਰਨ ਵਾਲੇ ਆਦਮੀ ਲਈ ਸਰੀਰਕ ਥਕਾਵਟ ਇੱਕ ਪ੍ਰਕਾਰ ਦਾ ਵਰ ਹੈ। ਇਹ ਤੇਜ਼ ਭੁੱਖ ਅਤੇ ਗੂਹੜੀ ਨੀਂਦ ਦਾ ਕਾਰਨ ਬਣ ਕੇ ਉਸ ਦੀ ਸਿਹਤ ਅਤੇ ਪ੍ਰਸੰਨਤਾ ਵਿੱਚ ਵਾਧਾ ਕਰਦੀ ਹੈ। ਸੰਸਾਰ ਦੇ ਉੱਨਤ ਸਮਾਜ ਗੁਲਾਮੀ ਅਤੇ ਸਨਅਤੀ ਕ੍ਰਾਂਤੀ ਦੇ ਉਨ੍ਹਾਂ ਸਮਿਆਂ ਨੂੰ ਪਿੱਛੇ ਛੱਡ ਆਏ ਹਨ, ਜਦੋਂ ਸਰੀਰਕ ਥਕਾਵਟ ਕਿਰਤੀ ਵਰਗ ਲਈ ਵੱਡਾ ਸਰਾਪ ਸੀ। ਪੱਛੜੇ ਦੇਸ਼ਾਂ ਦੇ ਕਾਮੇ ਅਤੇ ਉਨ੍ਹਾਂ ਦੇ ਬੱਚੇ ਅੱਜ ਵੀ ਇਹ ਸਰਾਪ ਭੋਗ ਰਹੇ ਹਨ।

ਹੱਦੋਂ ਵਧੀ ਹੋਈ ਸਰੀਰਕ ਥਕਾਵਟ ਮਨ ਨੂੰ ਵੀ ਪ੍ਰਭਾਵਿਤ ਕਰਦੀ ਹੈ, ਪਰ ਇਹ ਪ੍ਰਭਾਵ ਓਨਾ ਪ੍ਰਬਲ ਅਤੇ ਮਾਰੂ ਨਹੀਂ ਹੁੰਦਾ, ਜਿੰਨਾ ਮਾਨਸਿਕ ਥਕਾਵਟ ਦਾ ਪ੍ਰਭਾਵ ਸਰੀਰ ਲਈ ਹੁੰਦਾ ਹੈ। ਮਾਨਸਿਕ ਥਕਾਵਟ ਦਾ ਮੁੱਢਲਾ ਰੂਪ ਦਿਮਾਗੀ ਥਕਾਵਟ ਹੈ। ਉੱਨਤ ਸਮਾਜਾਂ ਦੇ ਜੀਵਨ ਵਿੱਚ ਦਿਮਾਗੀ ਥਕਾਵਟ ਵਾਧੇ ਉੱਤੇ ਹੈ। ਵੱਡੇ ਵੱਡੇ ਦਫ਼ਤਰਾਂ ਦੇ ਘੁੱਟੇ-ਨੱਪੇ ਬੰਦ ਜਿਹੇ ਵਾਤਾਵਰਣ ਵਿੱਚ ਕੁਰਸੀਆਂ ਉੱਤੇ ਬੈਠੇ ਰਹਿ ਕੇ ਅੱਠ-ਦਸ ਘੰਟਿਆਂ ਲਈ ਸਿਰ ਖਪਾਈ ਕਰਨ ਨਾਲ ਹੋਣ ਵਾਲੀ ਦਿਮਾਗੀ ਥਕਾਵਟ ਸਰੀਰ ਨੂੰ ਵੀ ਸਿਥਲ ਕਰ ਦਿੰਦੀ ਹੈ। ਦਫ਼ਤਰੀ ਕਾਮਿਆਂ ਦਾ ਉਪਰਲਾ ਵਰਗ ਆਪਣੀ ਦਿਮਾਗੀ ਥਕਾਵਟ ਦਾ ਯੋਗ ਇਲਾਜ ਕਰਨ ਦੇ ਸਮਰੱਥ ਹੁੰਦਾ ਹੈ। ਉਹ ਬੈੱਡਮਿੰਟਨ, ਟੈਨਿਸ, ਗੋਲਫ ਆਦਿਕ ਖੇਡਾਂ ਦਾ ਪ੍ਰਬੰਧ ਕਰ ਕੇ ਸਰੀਰ ਦੀ ਕਸਰਤ ਰਾਹੀਂ ਦਿਮਾਗੀ ਥਕਾਵਟ ਦਾ ਦਾਰੂ ਲੱਭ ਲੈਂਦਾ ਹੈ। ਕਲੱਬਾਂ ਵਿੱਚ ਸੁਹਣਾ, ਸਾਊ ਸਮਾਜਿਕ ਵਾਤਾਵਰਣ ਪੈਦਾ ਕਰ ਕੇ ਦਫ਼ਤਰ ਦੇ ਅਕਾਉ ਵਾਤਾਵਰਣ ਦੇ ਪ੍ਰਭਾਵ ਨੂੰ ਨਿਸ਼ਪ੍ਰਭਾਵ ਜਾਂ ਬੇ-ਅਸਰ ਕਰ ਲੈਂਦਾ ਹੈ। ਪਰੰਤੂ ਬਹੁ-ਗਿਣਤੀ ਕਾਮਿਆਂ ਕੋਲ ਏਨੀ ਮਾਇਕ ਸਮਰੱਥਾ ਨਹੀਂ ਹੁੰਦੀ। ਸਾਧਾਰਣ ਦਫ਼ਤਰੀ ਕਾਮਿਆਂ ਕੋਲ ਆਪਣੀ ਦਿਮਾਗੀ ਥਕਾਵਟ ਦਾ, ਪਰਿਵਾਰਕ ਜੀਵਨ ਦੇ ਰੁਝੇਵਿਆਂ ਤੋਂ ਵੱਖਰਾ, ਜੇ ਕੋਈ ਇਲਾਜ ਹੁੰਦਾ ਹੈ ਤਾਂ ਨਸ਼ਾ, ਸਿਨੇਮਾ ਅਤੇ (ਅੱਜ ਕੱਲ) ਟੈਲੀਵਿਯਨ।

80 / 174
Previous
Next