

ਸ੍ਰੇਸ਼ਟ ਸਾਹਿਤ ਦਾ ਅਮਲ ਬੁਰਾ ਨਹੀਂ ਤਾਂ ਵੀ ਇਹ ਦਿਮਾਗੀ ਥਕਾਵਟ ਦਾ ਇਲਾਜ ਨਹੀਂ; ਹਾਂ, ਇਸ ਵਿੱਚੋਂ ਇਸ ਥਕਾਵਟ ਦੇ ਇਲਾਜ ਦਾ ਠੀਕ ਨੁਸਖ਼ਾ ਪ੍ਰਾਪਤ ਕੀਤਾ ਜਾਣਾ ਸੰਭਵ ਹੈ। ਇਸ ਤੋਂ ਛੁੱਟ ਵਰਜਿਸ਼ ਵਿਹੂਣੇ ਸਾਰੇ ਸਾਧਨ ਮਨੁੱਖੀ ਮਨ ਨੂੰ ਉਤੇਜਨਾ ਦਾ ਆਦੀ ਬਣਾ ਦਿੰਦੇ ਹਨ। ਉਤੇਜਨਾ ਦਾ ਆਦੀ ਮਨ ਨਿਸੱਤਾ ਅਤੇ ਤੇਜਹੀਣ ਹੋਣ ਲੱਗ ਪੈਂਦਾ ਹੈ ਅਤੇ ਉਤੇਜਨਾ ਨੂੰ ਨਿਸੱਤਤਾ ਦਾ ਇਲਾਜ ਮੰਨਣ ਲਈ ਮਜਬੂਰ ਹੋ ਜਾਂਦਾ ਹੈ। ਹੌਲੀ ਹੌਲੀ ਮਨ ਅਤੇ ਸਰੀਰ ਵਿਚਲਾ ਤਾਲਮੇਲ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਪ੍ਰਸੰਨਤਾ ਪਰੇ ਹਟਦੀ ਜਾਂਦੀ ਹੈ।
ਉਕਸਾਹਟ ਕਰਪੂਰ ਸਾਹਿਤ ਅਤੇ ਮਨੋਰੰਜਨ ਦੇ ਆਧੁਨਿਕ ਸਾਧਨ (ਸਿਨੇਮਾ ਅਤੇ ਟੈਲੀਵਿਯਨ ਆਦਿਕ) ਕ੍ਰੋਧ, ਘਿਰਣਾ ਭੇਅ ਅਤੇ ਕਾਮ ਆਦਿਕ ਦੇ ਮਨੋਭਾਵਾਂ ਜਾਂ ਪਰਵਿਰਤੀਆਂ ਉੱਤੇ ਆਧਾਰਿਤ ਹੁੰਦੇ ਹਨ। ਇਹ ਮਨੁੱਖ ਦੇ ਮਨ ਵਿੱਚ ਬੀਰ ਰਸ, ਬੀਭਤਸ ਰਸ, ਭਿਆਨਕ ਰਸ ਅਤੇ ਸ਼ਿੰਗਾਰ ਰਸ ਆਦਿਕ ਨੂੰ ਜਗਾਉਂਦੇ ਹਨ। ਇਹ ਭਾਵ ਜੀਵਨ ਲਈ ਲੋੜੀਂਦੇ ਹੋ ਸਕਦੇ ਹਨ, ਪਰ ਇਨ੍ਹਾਂ ਘਟੀਆ ਰਸਾਂ ਦਾ ਬਹੁਤਾ ਅਤੇ ਬੇ-ਲੋੜਾ ਅਭਿਆਸ ਇਨ੍ਹਾਂ ਭਾਵਾਂ ਨੂੰ ਬੌਧਿਕ ਅਨੁਸ਼ਾਸਨ ਵਿੱਚੋਂ ਨਿਕਲ ਜਾਣ ਦੀ ਪ੍ਰੇਰਣਾ ਦਿੰਦਾ ਹੈ । ਸਾਡੇ ਬੌਧਿਕ ਅਨੁਸ਼ਾਸਨ ਵਿੱਚੋਂ ਨਿਕਲ ਜਾਣ ਉੱਤੇ ਇਹ ਭਾਵ ਸਾਨੂੰ ਆਪਣੀ ਆਗਿਆ ਵਿੱਚ ਤੋਰਨ ਲੱਗ ਪੈਂਦੇ ਹਨ। ਥੋੜੀ ਜਿਹੀ ਉਕਸਾਹਟ ਨਾਲ (ਅਤੇ ਕਦੇ ਕਦੇ ਬਿਨਾਂ ਉਕਸਾਹਟ) ਹੀ ਸਾਡੇ ਸਰੀਰ ਵਿਚਲੀਆਂ ਗ੍ਰੰਥੀਆਂ (ਗਲੈਂਡਜ਼) ਆਪੋ ਆਪਣਾ ਰਸ ਸਾਡੇ ਰਕਤ ਪ੍ਰਵਾਹ ਵਿੱਚ ਭੇਜਣਾ ਸ਼ੁਰੂ ਕਰ ਦਿੰਦੀਆਂ ਹਨ। ਇਨ੍ਹਾਂ ਰਸਾਂ ਦੇ ਪ੍ਰਭਾਵ ਨੂੰ ਘਟਾਉਣ ਜਾਂ ਮਿਟਾਉਣ ਲਈ ਸਾਡੇ ਹੋਰ ਗਲੈਂਡਜ਼ ਨੂੰ ਕੋਈ ਦੂਜਾ ਰਸ ਸਾਡੇ ਲਹੂ ਵਿੱਚ ਭੇਜਣਾ ਪੈਂਦਾ ਹੈ। ਨਿੱਕੀ ਜਿਹੀ ਗ਼ਲਤੀ ਨਾਲ ਅਸੀਂ ਆਪਣੇ ਸਰੀਰ ਦੀ ਸੂਖਮ ਮਸ਼ੀਨ ਨੂੰ ਬੇ-ਲੋੜੀ ਖੇਚਲ ਵਿੱਚ ਪਾ ਦਿੰਦੇ ਹਾਂ। ਨਤੀਜਾ ਇਹ ਹੁੰਦਾ ਹੈ ਕਿ ਅਸੀਂ ਅਣਜਾਣੇ ਹੀ ਖਿਙੂ, ਡਰੂ, ਕ੍ਰੋਧੀ ਅਤੇ ਈਰਖੀ ਬਣਨ ਲੱਗ ਪੈਂਦੇ ਹਾਂ। ਅਜੋਕੇ ਪੱਛਮੀ ਸਮਾਜਾਂ ਵਿੱਚ ਦਿਮਾਗੀ ਥਕਾਵਟ ਦੇ ਗਲਤ ਇਲਾਜਾਂ ਕਾਰਨ ਉਪਜੀ ਹੋਈ ਮਾਨਸਿਕ ਸਿਬਲਤਾ ਤੋਂ ਬਚਣ ਲਈ ਨਸ਼ਿਆਂ, ਦਵਾਈਆਂ ਅਤੇ ਯੋਗ ਦੇ ਅਭਿਆਸਾਂ ਦਾ ਆਸਰਾ ਲਿਆ ਜਾਣਾ ਆਮ ਹੁੰਦਾ ਜਾ ਰਿਹਾ ਹੈ।