

ਦਫਤਰੋਂ ਆ ਕੇ ਰਸੋਈ ਦੇ ਕੰਮ ਵਿੱਚ ਘਰਵਾਲੀ ਦੀ ਸਹਾਇਤਾ ਕਰ ਕੇ; ਛੁੱਟੀ ਵਾਲੇ ਦਿਨ ਉਸ ਦਵਾਰਾ ਧੋੜੇ ਗਏ ਕਪੜੇ ਸੁਕਾਅ ਕੇ ਅਤੇ ਇਸਤਰੀ ਕਰ ਕੇ; ਅਤੇ ਘਰ ਦੇ ਵਿਹੜੇ ਵਿੱਚ ਜਾਂ ਛੱਤ ਉੱਤੇ ਚਾਰ ਗਜ਼ ਮੁਰੱਬੇ ਥਾਂ ਵਿੱਚ ਧਨੀਆਂ, ਪੂਦਨਾ, ਪਾਲਕ ਅਤੇ ਮੇਥੀ ਆਦਿਕ ਉਗਾਉਣ ਦਾ ਉਪਰਾਲਾ ਕਰ ਕੇ ਅਸੀਂ ਦਿਮਾਗੀ ਧਕਾਵਟ ਦਾ ਇਲਾਜ ਲੱਭ ਸਕਦੇ ਹਾਂ। ਬਸ਼ਰਤੇ ਕਿ ਅਸੀਂ ਮੰਨਦੇ ਹੋਈਏ ਕਿ ਟੈਲੀਵਿਯਨ ਸਾਹਮਣੇ ਬੈਠ ਕੇ ਮੈਚ ਵੇਖਣ ਨਾਲ ਅਸੀਂ ਤੇਂਦੁਲਕਰ ਦੀ ਪਰਫਾਰਮੈਂਸ ਵਿੱਚ ਕੋਈ ਫ਼ਰਕ ਨਹੀਂ ਪਾ ਸਕਦੇ।
ਬਾਗਬਾਨੀ ਦੇ ਸ਼ੌਕ ਲਈ ਬਹੁਤੀ ਜ਼ਮੀਨ ਦੀ ਲੋੜ ਨਹੀਂ ਹੁੰਦੀ। ਅੱਜ ਤੋਂ ਕੁਝ ਸਾਲ ਪਹਿਲਾਂ, ਮੇਰੇ ਮਾਮਾ ਜੀ ਦੇ ਤਿੰਨੇ ਪੁੱਤਰ (ਕਰਮ ਸਿੰਘ, ਸਵਰਨ ਸਿੰਘ ਅਤੇ ਸਤਪਾਲ ਸਿੰਘ) ਦਰਭੰਗੇ ਰਹਿੰਦੇ ਸਨ। ਸਭ ਤੋਂ ਛੋਟਾ ਸਤਪਾਲ ਸਿੰਘ ਘਰ ਦੇ ਉਤਲੇ ਹਿੱਸੇ ਵਿੱਚ ਰਹਿੰਦਾ ਸੀ। ਉਸ ਦੀ ਪਤਨੀ ਹਰਜਿੰਦਰ ਕੌਰ (ਜਿਸ ਦਾ ਦਿਹਾਂਤ ਹੋ ਚੁੱਕਾ ਹੈ) ਨੂੰ ਫੁੱਲ ਬੂਟਿਆਂ ਦਾ ਬਹੁਤ ਸ਼ੌਕ ਸੀ। ਉਹ ਆਪਣੇ ਘਰ ਦੇ ਬਰਾਂਡੇ ਅਤੇ ਵਿਹੜੇ ਵਿੱਚ ਦਰਜਨਾਂ ਗਮਲਿਆਂ ਦੀਆਂ ਪਾਲਾਂ ਲਾਈ ਰੱਖਦੀ ਸੀ। ਜਦੋਂ ਮੈਂ ਆਪਣੇ ਭਰਾਵਾਂ ਨੂੰ ਪਹਿਲੀ ਵੇਰ ਮਿਲਣ ਗਿਆ ਤਾਂ ਸਤਪਾਲ ਸਿੰਘ ਦੇ ਘਰ ਵਿੱਚ ਪਰਵੇਸ਼ ਕਰਦਿਆਂ ਇਉਂ ਲੱਗਾ, ਜਿਵੇਂ ਕਿਸੇ ਬੋਟੈਨੀਕਲ ਗਾਰਡਨ ਵਿੱਚ ਜਾ ਵੜਿਆ ਹੋਵਾਂ। ਆਪਣੀ ਕਹਾਣੀ ਸਿਕੰਦਰ' ਵਿੱਚ ਮੈਂ ਉਸੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ। ਮੈਂ ਬਾਗ਼ਬਾਨੀ ਨੂੰ ਦਿਮਾਗੀ ਥਕਾਵਟ ਦਾ ਇਲਾਜ ਹੀ ਨਹੀਂ, ਸਗੋਂ ਮਾਨਸਿਕ ਵਿਕਾਸ ਦਾ ਸਰਵੋਤਮ ਸਾਧਨ ਵੀ ਮੰਨਦਾ ਹਾਂ। ਪਰੰਤੂ ਕੋਈ ਵੀ ਸਾਧਨ ਸੋਜਲਦਾ ਤਾਂ ਹੀ ਹੈ, ਜੇ ਅਸੀਂ ਵਿਕਾਸ ਦੀ ਸੰਭਾਵਨਾ ਦੇ ਵਿਸ਼ਵਾਸੀ ਹੋਈਏ। ਆਪਣੇ ਆਪ ਨੂੰ ਸੰਪੂਰਣ ਸਮਝਣ ਵਾਲੇ ਆਦਮੀ ਦਾ ਮਨ ਵਿਕਾਸ ਨਹੀਂ ਕਰਦਾ। ਕਿਸੇ ਸ਼ੁਭ ਕਰਮ ਦਾ ਉਚੇਚ ਉਸ ਲਈ ਆਤਮ ਵਰਧਨਾਂ ਅਤੇ ਸ੍ਵੈ-ਪਰਦਰਸ਼ਨ ਦਾ ਸਾਧਨ ਹੁੰਦਾ ਹੈ। ਹਿਟਲਰ ਸ਼ਾਕਾਹਾਰੀ ਸੀ, ਪਰ ਉਸਦਾ ਸ਼ਾਕਾਹਾਰ ਨਾ ਤਾਂ ਦਇਆ ਦੀ ਭਾਵਨਾ ਵਿੱਚੋਂ ਉਪਜਿਆ ਹੋਇਆ ਸੀ ਅਤੇ ਨਾ ਹੀ ਦਇਆ ਦੀ ਭਾਵਨਾ ਦਾ ਪ੍ਰੇਰਕ ਸੀ। ਇਹ ਉਸ ਦੀ ਸ੍ਰੇਸ਼ਟਤਾ ਦਾ ਪ੍ਰਤੀਕ ਸੀ, ਸ਼ੁੱਧ ਆਰੀਆ ਹੋਣ ਦਾ ਪ੍ਰਮਾਣ। ਉਹ ਸਮਝਦਾ ਸੀ ਕਿ ਮੈਂ ਜਨਮ ਤੋਂ ਹੀ "ਸ਼ੁੱਧ ਸ੍ਰੇਸ਼ਟ, ਸੰਪੂਰਣ ਆਰੀਆ ਹਾਂ।"
ਦਫ਼ਤਰਾਂ, ਫ਼ੈਕਟਰੀਆਂ, ਸਕੂਲਾਂ, ਕਾਲਜਾਂ ਆਦਿਕ ਵਿੱਚ ਵਧੇ ਹੋਏ ਅਤੇ ਵਧਦੇ ਜਾ ਰਹੇ ਦਿਮਾਗੀ ਕੰਮ ਕਾਰਨ ਥਕਾਵਟ ਵਾਲੀ ਸ਼੍ਰੇਣੀ ਵਾਧੇ ਉੱਤੇ ਹੈ। ਪੱਛਮੀ ਦੇਸ਼ ਇਸ ਸੰਬੰਧ ਵਿੱਚ ਵਧੇਰੇ ਚੇਤਨ ਅਤੇ ਚਿੰਤਿਤ ਹਨ। ਪੂਰਬੀ ਦੇਸ਼ਾਂ ਦਾ ਜਨ-ਸਾਧਾਰਣ ਅਜੇ ਮੱਧਕਾਲੀਨ ਸੰਸਕਾਰਾਂ ਦਾ ਧਾਰਨੀ ਹੈ। ਮਾਣ-ਮਰਿਆਦਾ ਅਤੇ ਨੱਕ-ਨਮੂਜ ਦੀ ਭਾਵਨਾ ਅਧੀਨ, ਆਪਣੀ ਚਾਦਰ ਦੀ ਲੰਬਾਈ ਵੱਲੋਂ ਅਵੇਸਲਾ ਹੋ ਕੇ ਆਪਣੇ ਲਈ ਉਦਾਸੀ ਅਤੇ ਚਿੰਤਾ ਨਾਂ ਦੀਆਂ ਮਾਨਸਿਕ ਥਕਾਵਟਾਂ ਪੈਦਾ ਕਰ ਲੈਂਦਾ ਹੈ। ਇਨ੍ਹਾਂ ਦਾ ਜ਼ਿਕਰ ਅਗਲੇ ਲੇਖ ਵਿੱਚ ਕਰਾਂਗਾ। ਏਥੇ ਦਿਮਾਗੀ ਥਕਾਵਟ ਸੰਬੰਧੀ ਇੱਕ ਗੱਲ ਕਹਿ ਕੇ ਇਸ ਲੇਖ ਦੀ ਸਮਾਪਤੀ ਕਰ ਰਿਹਾ ਹਾਂ।
––––––––––––––––
1. Self-aggrandizement (ਸੈਲਫ ਐਗ੍ਰੈੰਡਿਜਮੈਂਟ)।