Back ArrowLogo
Info
Profile

ਅਸੀਂ ਧਰਤੀ ਦੇ ਜਾਏ ਹਾਂ ਅਤੇ ਧਰਤੀ ਧੀਰਜ ਅਤੇ ਸਹਿਜ ਦੀ ਪ੍ਰਤੀਕ ਹੈ। ਅਸੀਂ ਇਸ ਦੇ ਧੀਰਜ ਅਤੇ ਸਹਿਜ ਦੀ ਉਪਜ ਹਾਂ। ਧਰਤੀ ਦੇ ਜਿਸ ਹਿੱਸੇ ਵਿੱਚ ਧੀਰਜ ਅਤੇ ਸਹਿਜ ਨਹੀਂ, ਉਥੇ ਵਿਕਾਸ ਦੀ ਥਾਂ ਵਿਨਾਸ਼ ਦਾ ਵਾਸਾ ਹੈ। ਆਪਣੇ ਹਰ ਕੰਮ ਵਿੱਚ ਧਰਤੀ ਆਪਣੀ ਚਾਲ ਜਾਂ ਰਫ਼ਤਾਰ ਦਾ ਸਤਿਕਾਰ ਕਰਦੀ ਹੈ। ਆਪਣੇ ਦੁਆਲੇ ਘੁੰਮਣ ਦੀ ਇੱਕ ਗਤੀ ਹੈ; ਸੂਰਜ ਦੀ ਪਰਕਰਮਾ ਕਰਨ ਦੀ ਗਤੀ ਹੈ; ਮੌਸਮਾਂ ਦੇ ਆਉਣ ਜਾਣ ਦੇ ਨੇਮ ਹਨ; ਬੇਲ-ਬੂਟਿਆਂ ਅਤੇ ਫਲਾਂ-ਫ਼ਸਲਾਂ ਦੇ ਉੱਗਣ ਪੱਕਣ ਦੀ ਰਫ਼ਤਾਰ ਹੈ; ਜੀਵ-ਜੰਤੂਆਂ    ਦੀ ਉਪਜ ਅਤੇ ਵਿਕਾਸ ਲਈ ਮਿਥੇ ਹੋਏ ਸਮੇਂ ਦੀ ਲੋੜ ਹੈ; ਕਿਸੇ ਦਾ ਗਰਭਵਾਸ ਛੋਟਾ ਹੈ ਕਿਸੇ ਦਾ ਲੰਮੇਰਾ; ਕਿਸੇ ਜੀਵ ਸ਼੍ਰੇਣੀ ਦਾ ਬਚਪਨ ਸਾਲਾਂ ਲੰਮਾ ਹੈ, ਕਿਸੇ ਦਾ ਕੁਝ ਇੱਕ ਮਿੰਟ। ਧਰਤੀ ਉਤਲਾ ਸਮੁੱਚਾ ਜੀਵਨ ਧਰਤੀ ਦੀ ਸਮੇਂ ਸੂਚੀ ਦਾ ਸਤਿਕਾਰ ਕਰਦਾ ਹੈ। ਆਦਮੀ ਇਉਂ ਕਰਨਾ ਭੁੱਲ ਗਿਆ ਹੈ। ਉਹ ਧਰਤੀ ਦਾ 'ਪੁੱਤ' ਅਤੇ ਧਰਤੀ ਉਤਲੇ ਬਾਕੀ ਜੀਵਾਂ ਦਾ 'ਭਰਾ' ਬਣ ਕੇ ਜਿਊਣਾ ਨਹੀਂ ਚਾਹੁੰਦਾ। ਉਸ ਵਿੱਚ ਸਵਾਮੀ-ਭਾਵ ਦੀ ਪਰਬਲਤਾ ਹੈ। ਧੀਰਜ ਅਤੇ ਸਹਿਜ ਛੱਡਦਾ ਜਾ ਰਿਹਾ ਹੈ; ਤੇਜ਼ੀ ਅਤੇ ਕਾਹਲ ਉਸ ਦੇ ਹਰ ਕੰਮ ਵਿੱਚ ਸਮਾਉਂਦੀ ਜਾ ਰਹੀ ਹੈ; ਉਹ ਆਪਣੀ ਮਾਂ ਨਾਲੋਂ, ਆਪਣੇ ਆਪ ਨਾਲੋਂ ਟੁੱਟਦਾ ਜਾ ਰਿਹਾ ਹੈ।

ਉਸ ਨੂੰ ਧਰਤੀ ਨਾਲੋਂ ਤੋੜਨ ਦੀ ਪਹਿਲੀ ਕੁੱਲ ਇੱਕ ਈਸ਼ਵਰਵਾਦੀ-ਇਲਹਾਮੀ ਧਰਮਾਂ ਨੇ ਕੀਤੀ ਸੀ ਅਤੇ ਦੂਜੀ ਸ਼ਕਤੀ-ਸੇਵੀ ਵਿਗਿਆਨ ਨੇ। ਧਰਮਾਂ ਦਾ ਸਮਾਂ ਬੀਤਦਾ ਜਾ ਰਿਹਾ ਹੈ; ਵਿਗਿਆਨ ਆਪਣੀ ਭੁੱਲ ਦੀ ਸੋਧ ਕਰੇਗਾ, ਅਜਿਹੀ ਆਸ ਕੀਤੀ ਜਾ ਸਕਦੀ ਹੈ; ਪਰ ਇਹ ਵੱਡਾ ਕੰਮ ਹੈ, ਜਿਸ ਵਿੱਚ ਲੰਮਾ ਸਮਾਂ ਲੱਗੇਗਾ। ਵਿਅਕਤੀ ਲਈ ਇਹ ਉਡੀਕ ਝੂਠੀ ਹੈ। ਵਿਅਕਤੀ ਨੂੰ ਹੁਣ ਹੀ ਸਹਿਜ ਅਤੇ ਧੀਰਜ ਦਾ ਧਾਰਨੀ ਹੋਣ ਦੀ ਜਾਚ ਸਿੱਖਣ ਦੀ ਲੋੜ ਹੈ। ਕਿਸੇ ਵੀ ਕੰਮ ਵਿੱਚ ਕਾਹਲ ਕਿਉਂ ਕੀਤੀ ਜਾਵੇ ? ਕੀ ਲੈਣਾ ਹੈ ਉਤੇਜਨਾ ਵਿੱਚੋਂ ? ਮੰਜ਼ਿਲਾਂ ਮਿੱਥ ਕੇ, ਪਹਿਲਾਂ ਪੁੱਜਣ ਦਾ ਇਰਾਦਾ ਕਰ ਕੇ, ਆਪਣੇ ਸਕੇ-ਸਨੇਹੀਆਂ ਨੂੰ ਪਛਾੜ ਕੇ ਜੀਵਨ ਵਿਚਲੀ ਪ੍ਰਸੰਨਤਾ ਘਟਾਉਣੀ ਸਾਡਾ ਕੰਮ ਕਿਉਂ ਹੋਵੇ। ਕਰੋੜਾਂ ਸਾਲਾਂ ਤੋਂ ਤੁਰੀ ਆ ਰਹੀ, ਤੁਰਦੀ ਜਾ ਰਹੀ ਧਰਤੀ ਦੇ ਜਾਏ ਹਾਂ ਅਸੀਂ। ਸਾਡੇ ਲਈ ਤੁਰਨਾ ਆਨੰਦਦਾਇਕ ਹੋਣਾ ਚਾਹੀਦਾ ਹੈ। ਜਿਨ੍ਹਾਂ ਲਈ ਤੁਰਨਾ ਆਨੰਦਦਾਇਕ ਹੋਵੇ, ਉਹ ਮੰਜ਼ਿਲ ਦੇ ਮੋਹ ਵਿੱਚ ਨਹੀਂ ਪੈਂਦੇ।

83 / 174
Previous
Next