

ਸਾਧਾਰਣ ਆਦਮੀ ਕਿਸੇ ਅਸਾਧਾਰਣ ਅਤੇ ਅਲੋਕਿਕ ਆਨੰਦ ਦਾ ਅਧਿਕਾਰੀ ਨਹੀਂ ਬਣਨਾ ਚਾਹੁੰਦਾ। ਉਹ ਜੀਵਨ ਦੇ ਕੌੜੇ ਫਿੱਕੇ ਅਨੁਭਵਾਂ ਵਿੱਚੋਂ ਲੰਘਦਾ ਹੋਇਆ ਜੀਵਨ ਦੀਆਂ ਸਾਧਾਰਣ ਸਮੱਸਿਆਵਾਂ ਨੂੰ ਸਨੇਹੀਆਂ ਦੇ ਸਾਥ ਅਤੇ ਆਪਣੀ ਮਿਹਨਤ ਨਾਲ ਹੱਲ ਕਰਨ ਵਿੱਚ ਸਫਲ ਹੋ ਕੇ, ਆਪਣੇ ਸਹਿਯੋਗੀਆਂ ਦਾ ਸ਼ੁਕਰ-ਗੁਜ਼ਾਰ ਅਤੇ ਸਹਾਇਕ ਹੋਣ ਵਿੱਚ ਜਿਸ ਪ੍ਰਸੰਨਤਾ ਦਾ ਅਨੁਭਵ ਕਰਦਾ ਹੈ, ਉਸ ਨੂੰ ਆਪਣੇ ਆਲੇ-ਦੁਆਲੇ ਨਾਲ ਵੰਡ ਕੇ ਜੀਣ ਵਿੱਚ ਉਸ ਦਾ ਸਾਊਪੁਣਾ ਹੈ। ਅਜਿਹੇ ਸਾਊ ਸਹਿਯੋਗੀਆਂ ਦੇ ਸਮਾਜ ਵਿੱਚ ਦੁਖ-ਸੁਖ ਆਉਂਦੇ ਜਾਂਦੇ ਰਹਿੰਦੇ ਹਨ; ਪ੍ਰਸੰਨਤਾ ਦੇ ਵਿਰੋਧੀ ਬਣ ਕੇ ਨਹੀਂ ਸਗੋਂ ਅਨੁਭਵ ਦੀ ਅਮੀਰੀ ਅਤੇ ਮਨ ਦੀ ਕਸਰਤ ਬਣ ਕੇ।
ਤੁਸੀਂ ਪੁੱਛਣਾ ਚਾਹੋਗੇ ਕਿ ਅਜਿਹੇ ਸਾਊ ਸਹਿਯੋਗੀ ਕਿਥੋਂ ਆਉਣਗੇ। ਮੇਰਾ ਉੱਤਰ ਹੈ; ਮਨੁੱਖ ਆਪਣੇ ਚੌਗਿਰਦੇ ਦੀ ਉਪਜ ਹੈ। ਅਜੋਕੇ ਹਾਲਾਤ ਵਿੱਚ ਅਸੀਂ ਆਪਣੇ ਸਮਾਜਕ ਚੌਗਿਰਦੇ ਵਿੱਚ ਬਹੁਤਾ ਸੁਧਾਰ ਨਹੀਂ ਕਰ ਸਕਦੇ ਤਾਂ ਵੀ ਅਸੀਂ ਆਪਣੇ ਪਰਿਵਾਰਕ ਵਾਤਾਵਰਣ ਨੂੰ ਜ਼ਿੰਦਾ-ਦਿਲ ਵਿਅਕਤੀਆਂ ਦੇ ਵਿਕਾਸ ਲਈ ਯੋਗ ਥਾਂ ਬਣਾ ਸਕਦੇ ਹਾਂ। ਘਰ ਅਤੇ ਪਰਿਵਾਰ ਸਾਡਾ ਅਤਿ ਨੇੜਲਾ ਚੰਗਿਰਦਾ ਹੈ। ਅਸੀਂ ਸਭ ਆਪੋ ਆਪਣੇ ਪਰਿਵਾਰਕ ਚੋਗਿਰਦੇ ਦੀ ਉਪਜ ਹਾਂ। ਜੇ ਅਸੀਂ ਜ਼ਿੰਦਾ-ਦਿਲ ਸਹਿਯੋਗੀ ਹਾਂ ਤਾਂ ਵੀ ਅਤੇ ਜੇ ਅਸੀਂ ਸਵਾਰਥੀ ਸੰਘਰਸ਼ੀ ਹਾਂ ਤਾਂ ਵੀ । "ਅਸੀਂ ਆਪਣੇ ਪਰਿਵਾਰਕ ਵਾਤਾਵਰਣ ਦੀ ਉਪਜ ਹਾਂ," ਇਹ ਸੱਚ ਕੇਵਲ ਨੈਪੋਲੀਅਨ ਅਤੇ ਲਿੰਕਨ ਆਦਿਕ ਅਸਾਧਾਰਣ ਆਦਮੀਆਂ ਉੱਤੇ ਹੀ ਲਾਗੂ ਨਹੀਂ ਹੁੰਦਾ ਸਗੋਂ ਸਾਰੇ ਮਨੁੱਖਾਂ ਉੱਤੇ ਲਾਗੂ ਹੁੰਦਾ ਹੈ, ਸਾਡੇ ਉੱਤੇ ਵੀ।
ਪਰਿਵਾਰ ਸਾਡੀ ਪ੍ਰਸੰਨਤਾ ਨਾਲ ਦੋ ਤਰੀਕਿਆਂ ਨਾਲ ਸੰਬੰਧਤ ਹੈ। ਪਹਿਲੇ ਤਰੀਕੇ ਅਨੁਸਾਰ ਕਿਉਂਕਿ ਸਾਡੀ ਖ਼ੁਸ਼ੀ ਦੀ ਅੱਸੀ ਪ੍ਰਤੀਸ਼ਤ ਹਾਨੀ ਪਰਿਵਾਰਕ ਸੰਬੰਧਾਂ ਵਿਚਲੀ ਕੁਰੂਪਤਾ ਦੀ ਉਪਜਾਈ ਹੋਈ ਹੁੰਦੀ ਹੈ—ਇਹ ਗੱਲ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਨੱਬੇ ਪ੍ਰਤੀਸ਼ਤ ਨਾਲੋਂ ਬਹੁਤੇ ਟੱਬਰਾਂ ਵਿੱਚ ਮਾਪੇ ਬੱਚਿਆਂ ਹੱਥੋਂ ਦੁਖੀ ਹਨ ਅਤੇ ਬੱਚੇ ਮਾਪਿਆਂ ਹੱਥੋਂ। ਮੁਸ਼ਕਿਲ ਨਾਲ ਦਸ ਪ੍ਰਤੀਸ਼ਤ ਪਰਿਵਾਰ ਅਜਿਹੇ ਮਿਲਣਗੇ ਜਿਨ੍ਹਾਂ ਵਿੱਚ ਮਾਪਿਆਂ ਅਤੇ ਬੱਚਿਆਂ ਵਿੱਚ ਮਿੱਤ੍ਰਤਾ ਦਾ ਰਿਸ਼ਤਾ ਹੈ। ਮਾਪਿਆਂ ਅਤੇ ਬੱਚਿਆਂ ਵਿਚਲੇ ਵਿਰੋਧ ਨੂੰ ਪਰਵਾਨ ਕਰਨ ਦੀ ਮਜਬੂਰੀ ਨੂੰ ਅਸਾਂ ਕਈ ਸਤਿਕਾਰਯੋਗ ਨਾਂ ਦੇ ਲਏ ਹਨ। ਪੀੜ੍ਹੀ-ਪਾੜਾ ਜਾਂ ਜਨਰੇਸ਼ਨ ਗੈਪ ਇਸ ਮਜਬੂਰੀ ਦਾ ਨਾਂ ਹੈ। "ਪਹਿਲਾਂ ਵਾਲੇ ਚੰਗੇ ਸਮੇਂ ਨਹੀਂ ਰਹੇ, ਨਵੀਆਂ ਸਹੂਲਤਾਂ ਨੇ ਬੱਚਿਆਂ ਨੂੰ ਵਿਗਾੜ ਦਿੱਤਾ ਹੈ; ਸਿਨੇਮਾ ਅਤੇ ਟੈਲੀਵਿਯਨ ਆਦਿਕ ਬੱਚਿਆਂ ਨੂੰ ਕੁਰਾਹੇ ਪਾਉਂਦੇ ਹਨ।" ਇਹ ਅਤੇ ਇਹੋ ਜਿਹੇ ਕਈ ਹੋਰ ਕਾਰਨ ਦੱਸ ਕੇ ਅਸੀਂ ਮਾਪਿਆਂ ਅਤੇ ਬੱਚਿਆਂ ਵਿਚਲੇ ਕੁਮੇਲ ਦੀ ਗੱਲ ਕਰਦੇ ਹਾਂ।
ਦੂਜੇ ਤਰੀਕੇ ਅਨੁਸਾਰ ਪਰਿਵਾਰ ਸਾਡੇ ਆਚਰਣ ਦੀ ਉਸਾਰੀ ਕਰ ਕੇ, ਜੀਵਨ ਪ੍ਰਤਿ