

ਵਿਅਕਤੀ ਅਤੇ ਪਰਿਵਾਰ ਦੇ ਦੂਜੇ ਸੰਬੰਧ ਨੂੰ ਸੰਖੇਪ ਵਿੱਚ ਇਉਂ ਬਿਆਨ ਕਰ ਸਕਦੇ ਹਾਂ ਕਿ ਪਰਿਵਾਰ ਵਿੱਚ ਆਦਮੀ ਨੂੰ ਜ਼ਿੰਦਾ-ਦਿਲ ਬਣਾਉਣ ਦੀ ਸਮਰੱਥਾ ਹੈ। ਇਸ ਦੀ ਇਹ ਸਮਰੱਥਾ ਸਾਕਾਰ ਨਹੀਂ ਕੀਤੀ ਜਾ ਸਕੀ। ਨਤੀਜਾ ਇਹ ਹੁੰਦਾ ਆਇਆ ਹੈ ਕਿ ਪਰਿਵਾਰ ਅਜਿਹੇ ਵਿਅਕਤੀ ਪੈਦਾ ਕਰਦਾ ਆਇਆ ਹੈ ਜਿਹੜੇ ਸਫਲਤਾ, ਪ੍ਰਾਪਤੀ, ਉੱਨਤੀ ਅਤੇ ਪ੍ਰਤਿਸ਼ਠਾ ਨੂੰ ਮਨੋਰਥ ਮੰਨ ਕੇ ਜਿਊਣ ਦਾ ਜਤਨ ਕਰਦੇ ਹੋਏ ਇਹ ਭਰੋਸਾ ਕਰਦੇ ਆਏ ਹਨ ਕਿ ਇਨ੍ਹਾਂ ਵਸਤੂਆਂ ਦੀ ਪ੍ਰਾਪਤੀ ਦੇ ਨਤੀਜੇ ਵਜੋਂ ਪ੍ਰਸੰਨਤਾ ਆਪਣੇ ਆਪ ਪ੍ਰਾਪਤ ਹੋ ਜਾਵੇਗੀ; ਜਾਂ ਇਹ ਕਿ ਇਨ੍ਹਾਂ ਦੇ ਭਰਮ ਵਿੱਚ ਭਟਕਦਿਆਂ ਹੋਇਆ ਜਿਨ੍ਹਾਂ ਨੂੰ ਇਹ ਖ਼ਿਆਲ ਹੀ ਨਹੀਂ ਆਇਆ ਕਿ ਜੀਵਨ ਵਿੱਚ ਪ੍ਰਸੰਨਤਾ ਨਾਂ ਦੀ ਵੀ ਕੋਈ ਵੱਖਰੀ ਸ਼ੈ ਹੈ ਜਿਸ ਦੀ ਪ੍ਰਾਪਤੀ ਲਈ ਸਾਨੂੰ ਕਿਸੇ ਉਚੇਚੇ ਜਤਨ ਦੀ ਲੋੜ ਹੈ। ਧਰਮ ਅਤੇ ਰਾਜ ਮਨੁੱਖ ਦੇ ਦੋ ਪੁਰਾਣੇ ਅਤੇ ਸ਼ਕਤੀਸ਼ਾਲੀ ਪ੍ਰਬੰਧ ਹਨ। ਇਹ ਦੋਵੇਂ ਪਰਿਵਾਰ ਦੇ ਵਿਰੋਧੀ ਰਹੇ ਹਨ। ਪਲੇਟੋ ਪਰਿਵਾਰ ਵਿਰੋਧੀ ਸੀ ਅਤੇ ਉਸ ਦੇ ਆਧੁਨਿਕ ਪੈਰੋਕਾਰਾਂ ਐਂਗਲਜ਼ ਅਤੇ ਮਾਰਕਸ ਨੇ ਪਰਿਵਾਰ ਨੂੰ ਮਨੁੱਖ ਦੀ (ਵਿਸ਼ੇਸ਼ ਕਰਕੇ ਇਸਤਰੀ ਦੀ) ਗੁਲਾਮੀ ਦੀ ਪ੍ਰਥਾ ਆਖਣ ਤੋਂ ਗੁਰੇਜ਼ ਨਹੀਂ ਕੀਤਾ। ਧਰਮ ਦੀਆਂ ਲੋੜਾਂ ਰਾਜ ਨਾਲੋਂ ਕੁਝ ਵੱਖਰੀਆਂ ਹਨ, ਨਵਾਂ ਧਰਮ ਜਿੱਥੇ ਪੁਰਾਣੇ ਧਰਮ ਦੇ ਅਸੂਲਾਂ ਦੀ ਆਲੋਚਨਾ ਕਰਦਾ ਹੈ ਓਥੇ ਪਰਿਵਾਰਕ ਸੰਬੰਧਾਂ ਨੂੰ ਵੀ ਮੁਕਤੀ ਅਤੇ ਸਵਰਗ ਦੇ ਰਾਹ ਦੀ ਰੁਕਾਵਟ ਕਹਿੰਦਾ ਹੈ। (ਯਸੂ ਮਸੀਹ ਮਜ਼ਬੂਤ ਯਹੂਦੀ ਪਰਿਵਾਰਕ ਰਿਸ਼ਤਿਆਂ ਨੂੰ ਤੋੜਨ ਲਈ 'ਮਾਪਿਆਂ ਨੂੰ ਘਿਰਣਾ ਕਰਨ ਦਾ ਉਪਦੇਸ਼ ਦਿੰਦਾ ਸੀ ।) ਜਦੋਂ ਨਵੇਂ ਧਰਮ ਦੇ ਪੈਰ ਪੱਕੇ ਹੋ ਜਾਂਦੇ ਹਨ, ਉਦੋਂ ਉਹ ਪਰਿਵਾਰਕ ਰਿਸ਼ਤਿਆਂ ਦੀ ਨਿੰਦਾ ਕਰਨੋਂ ਹਟ ਜਾਂਦਾ ਹੈ; ਕਿਉਂਜੁ ਪਰਿਵਾਰ ਉਸ ਦੇ ਪੈਰੋਕਾਰਾਂ ਦੀ ਗਿਣਤੀ ਵਿੱਚ ਵਾਧਾ ਕਰਨ ਦਾ ਸਾਧਨ ਬਣ ਜਾਂਦਾ ਹੈ, ਪਰੰਤੂ ਪਰਿਵਾਰ ਦੇ ਉਸ ਮੈਂਬਰ ਨੂੰ ਤਿਆਗਣ ਦੀ ਸਲਾਹ ਦਿੰਦਾ ਹੈ ਧਰਮ, ਜਿਹੜਾ ਪਰਿਵਾਰ ਦੇ ਇਸ਼ਟ ਨੂੰ ਆਪਣਾ ਇਸ਼ਟ ਨਾ ਮੰਨੇ। ਇੱਕ ਮੱਛੀ ਸਾਰੇ ਜਲ ਨੂੰ ਗੰਦਾ ਕਰ ਸਕਦੀ ਹੈ ਨਾ।
ਦੁਨਿਆਵੀ ਪ੍ਰਸੰਨਤਾ ਨੂੰ ਬਹੁਤਾ ਮਹੱਤਵ ਨਾ ਦਿੰਦਾ ਹੋਣ ਕਰਕੇ ਧਰਮ ਨੇ ਪਰਿਵਾਰ ਨੂੰ ਪ੍ਰਸੰਨਤਾ ਦੇ ਪੱਖੋਂ ਕਦੇ ਕੋਈ ਮਹੱਤਵ ਨਹੀਂ ਦਿੱਤਾ । ਰਾਜ-ਕਾਜ ਦੇ ਇਤਿਹਾਸ ਵਿੱਚ ਸਮਰਾਟ ਅਸ਼ੋਕ ਦਾ ਇੱਕੋ ਇੱਕ ਨਾਂ ਹੈ ਜਿਸ ਨੇ ਪਰਿਵਾਰ ਦੇ ਮਹੱਤਵ ਨੂੰ ਵਧਾਉਣ ਲਈ ਕੁਝ ਸਫਲ ਕਦਮ ਚੁੱਕੇ ਸਨ। ਆਪਣੀਆਂ ਲੜਖੜਾਉਂਦੀਆਂ ਲੱਤਾਂ ਉੱਤੇ ਖਲੋਤੇ ਪਰਿਵਾਰ ਪ੍ਰਬੰਧ ਨੂੰ ਸਭ ਤੋਂ ਵੱਡਾ ਧੱਕਾ ਮਸ਼ੀਨੀ ਕ੍ਰਾਂਤੀ ਅਤੇ ਸਨਅਤੀ ਵਿਕਾਸ ਨੇ ਲਾਇਆ ਹੈ; ਪਰੰਤੂ ਇਸ ਪ੍ਰਬੰਧ ਨੂੰ ਸਤਿਕਾਰ ਦੇਣ ਦੀ ਬਹੁਤੀ ਲੋੜ ਵੀ ਸਨਅਤੀ ਸਮਾਜ ਹੀ ਮਹਿਸੂਸ ਕਰ ਰਹੇ ਹਨ।
ਪਰਿਵਾਰ-ਪ੍ਰਬੰਧ ਆਪਣੇ ਵੱਲ ਆਪਣੇ ਵਿੱਤ ਅਤੇ ਸੂਝ ਅਨੁਸਾਰ ਧਿਆਨ ਦਿੰਦਾ ਆਇਆ ਹੈ। ਵਿੱਤ ਅਤੇ ਸੂਝ ਦੋਵੇਂ ਸਮਾਜਾਂ ਦੇ ਸਮ੍ਰਿੱਧ ਪਰਿਵਾਰਾਂ ਕੋਲ ਹੁੰਦੇ ਹਨ। ਉਨ੍ਹਾਂ ਦੇ ਇਹ ਦੋਵੇਂ ਸਾਧਨ-ਸਰੋਤ ਸਮਿੱਧ ਪਰਿਵਾਰਾਂ ਨੂੰ ਆਪਣੇ ਮਨੋਰਥ ਵਿੱਚ ਸਫਲ ਨਹੀਂ ਕਰ ਸਕੇ। ਇਸ ਦਾ ਕਾਰਨ, ਮੇਰੀ ਜਾਚੇ, ਇਹ ਹੈ ਕਿ ਸਮੁੱਚੇ ਸਮਾਜ ਦੇ ਪਰਿਵਾਰਕ ਜੀਵਨ