

ਸਨਅਤੀ ਸਮਾਜ ਜਮਹੂਰੀਅਤ ਦੀ ਮੰਗ ਕਰਦੇ ਹਨ ਅਤੇ ਜਮਹੂਰੀਅਤ (ਡਿਮਾਕ੍ਰਿਸੀ) ਅਧਿਕਾਰ ਅਤੇ ਬਰਾਬਰੀ ਦੇ ਭਾਵਾਂ ਨੂੰ ਉਭਾਰ ਕੇ ਈਰਖਾ ਵਿੱਚ ਵਾਧਾ ਕਰਦੀ ਹੈ। ਪਰਿਵਾਰਕ ਜੀਵਨ ਵਿੱਚ ਈਰਖਾ ਦਾ ਪਹਿਲਾ ਵਾਰ ਪਤੀ-ਪਤਨੀ ਦੇ ਸੰਬੰਧਾਂ ਉੱਤੇ ਹੋਇਆ ਹੈ। ਜਿਹੜੇ ਵਿਆਹ ਤਲਾਕ ਵਿੱਚ ਸਮਾਪਤ ਨਹੀਂ ਹੁੰਦੇ, ਪਰਿਵਾਰਕ ਮਰਿਆਦਾ ਉਨ੍ਹਾਂ ਵਿੱਚੋਂ ਵੀ ਸਮਾਪਤ ਹੋ ਜਾਂਦੀ ਹੈ। ਘਰ ਦੇ ਮਹੱਤਵ ਅਤੇ ਸਤਿਕਾਰ ਲਈ ਇਹ ਜ਼ਰੂਰੀ ਹੈ ਕਿ ਪਿਤਾ ਅਤੇ ਮਾਤਾ ਵਿੱਚੋਂ ਕੋਈ ਇੱਕ ਵਿਅਕਤੀ ਘਰ ਨੂੰ ਆਪਣੀ ਕਰਮ-ਭੂਮੀ ਮੰਨੇ। ਮਰਦ ਲਈ ਇਉਂ ਕਰਨਾ ਨਾ ਸੌਖਾ ਹੈ, ਨਾ ਕੁਦਰਤੀ । ਇਸਤ੍ਰੀ ਘਰ ਨੂੰ ਆਪਣੀ ਕਰਮ-ਭੂਮੀ ਮੰਨਣ ਵਿੱਚ ਆਪਣੀ ਹੇਠੀ ਸਮਝਣ ਲੱਗ ਪਈ ਹੈ। ਵਿਅਕਤੀਗਤ ਦ੍ਰਿਸ਼ਟੀਕੋਣ ਤੋਂ ਉਹ ਸੱਚੀ ਹੈ। ਘਰ ਦਾ ਕੰਮ ਅਕਾਊ ਅਤੇ ਬਕਾਊ ਹੋਣ ਦੇ ਨਾਲ ਨਾਲ ਇਸਤ੍ਰੀ ਦੇ ਸਮਾਜਕ ਸਥਾਨ ਨੂੰ ਨੀਵਾਂ ਕਰਦਾ ਹੈ। ਕਾਰਨ ਇਹ ਹੈ ਕਿ ਘਰੇਲੂ ਕੰਮ ਦੀ ਕੋਈ ਤਨਖ਼ਾਹ ਨਹੀਂ ਹੁੰਦੀ। ਘਰੇਲੂ ਕੰਮ ਕਰਨ ਵਾਲਾ ਵਿਅਕਤੀ (ਇਸਤ੍ਰੀ) ਸਖ਼ਤ ਮਿਹਨਤ ਅਤੇ ਅਤਿਅੰਤ ਜ਼ਿੰਮੇਦਾਰੀ ਦਾ ਕੰਮ ਕਰਨ ਉੱਤੇ ਵੀ ਪਰਿਵਾਰ ਉੱਤੇ ਆਰਥਕ ਬੋਝ ਜਾਪਦਾ ਰਹਿੰਦਾ ਹੈ। ਇਉਂ ਆਤਮ-ਸੰਮਾਨ ਅਤੇ ਸ੍ਵੈ-ਭਰੋਸੇ ਦੀ ਹਾਨੀ ਹੁੰਦੀ ਹੈ ਅਤੇ ਨਿਰਭਰਤਾ ਜਾਂ ਮੁਥਾਜੀ ਦਾ ਅਹਿਸਾਸ ਵਧਣ ਲੱਗ ਪੈਂਦਾ ਹੈ। ਇਨ੍ਹਾਂ ਸਾਰੀਆਂ ਸਮਾਜਕ ਅਤੇ ਮਨੋਵਿਗਿਆਨਿਕ ਹਾਨੀਆਂ ਤੋਂ ਬਚਣ ਲਈ ਇਸਤ੍ਰੀ ਆਰਥਕ ਸੁਤੰਤਰਤਾ ਦਾ ਤਰੀਕਾ ਅਪਣਾਅ ਰਹੀ ਹੈ। ਇਸ ਨਾਲ ਸਮਾਜ ਅਤੇ ਪਰਿਵਾਰ ਵਿੱਚ ਜੇ ਕੁਝ ਖ਼ਰਾਬੀਆਂ ਪੈਦਾ ਹੁੰਦੀਆਂ ਹਨ ਤਾਂ ਉਨ੍ਹਾਂ ਲਈ ਇਸਤ੍ਰੀ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ।
ਸਮਾਜਕ ਅਤੇ ਪਰਿਵਾਰਕ ਦ੍ਰਿਸ਼ਟੀਕੋਣ ਤੋਂ ਵੇਖਿਆ ਕੇਵਲ ਏਹੋ ਆਖਿਆ ਜਾ ਸਕਦਾ ਹੈ ਕਿ ਇਸਤ੍ਰੀ ਦੇ ਸਮਾਜਕ ਸਥਾਨ ਨੂੰ ਸੁਰੱਖਿਅਤ ਕਰਨ ਦਾ ਕੰਮ ਜੀਵਨ ਨੂੰ ਬਹੁਤਾ ਮਹਿੰਗਾ ਪੈ ਰਿਹਾ ਹੈ। ਇਸ ਸਮੱਸਿਆ ਦਾ ਠੀਕ ਹੱਲ ਤਾਂ ਸ਼ਾਇਦ ਇਹ ਹੈ ਕਿ ਘਰੇਲੂ ਕੰਮ ਤਨਖਾਹ ਵਾਲਾ ਕੰਮ ਬਣਾ ਕੇ; ਇਸ ਲਈ ਡਿਪਲੋਮੇ ਅਤੇ ਡਿਗਰੀਆਂ ਦੀ ਲੋੜ ਪੈਦਾ ਕਰ ਕੇ: ਇਸ ਨਾਲ ਵਿੱਦਿਆ, ਮੈਡੀਸਨ, ਅੰਦਰੂਨੀ ਸਜਾਵਟ ਅਤੇ ਬਾਗ਼ਬਾਨੀ ਆਦਿਕ ਦੇ ਕੰਮਾਂ ਨੂੰ ਜੋੜ ਕੇ ਇਸ ਦਾ ਸਤਿਕਾਰ ਵਧਾਇਆ ਜਾਵੇ; ਪਰ ਇਸ ਪਾਸੇ ਅਜੇ ਧਿਆਨ ਨਹੀਂ ਮੁੜਿਆ। ਸਨਅਤੀ ਸਮਾਜਾਂ ਕੋਲ ਕਿਸਾਨੋ ਸਮਾਜਾਂ ਵਿੱਚੋਂ ਤੁਰੇ ਆ ਰਹੇ ਰੋਗਾਂ ਦੇ ਨਾਲ ਨਾਲ ਆਪਣੀਆਂ ਉਪਜਾਈਆਂ ਹੋਈਆਂ ਸਮੱਸਿਆਵਾਂ ਵੀ ਹਨ, ਜਿਨ੍ਹਾਂ ਦੇ ਕਾਰਨ ਇਸ ਜ਼ਰੂਰੀ ਕੰਮ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋੜ ਮਹਿਸੂਸੀ ਜਾ ਰਹੀ ਹੈ।