ਮੈਂ ਪਹਿਲਾਂ ਲਿਖ ਚੁੱਕਾ ਹਾਂ ਕਿ ਪ੍ਰਸੰਨਤਾ ਦੇ ਮੁਆਮਲੇ ਵਿੱਚ ਅਸੀਂ ਕਿਸੇ ਵੱਡੇ ਸੁਧਾਰ ਜਾਂ ਪਰਿਵਰਤਨ ਦੀ ਉਡੀਕ ਨਹੀਂ ਕਰ ਸਕਦੇ। ਵੱਡੇ ਵੱਡੇ ਸੁਧਾਰਾਂ ਦੇ ਬਾਅਦ ਵੀ ਸਾਡੀ ਪ੍ਰਸੰਨਤਾ ਸਾਡੇ ਆਪਣੇ ਜਤਨ ਅਤੇ ਸਾਡੀ ਆਪਣੀ ਜੀਵਨ-ਜਾਚ ਵਿੱਚੋਂ ਉਪਜਣ ਵਾਲੀ ਵਸਤੂ ਬਣੀ ਰਹੇਗੀ। ਜਿਹੜੀ ਪ੍ਰਸੰਨਤਾ ਸਾਡੇ ਯਤਨ ਦਾ ਸਿੱਟਾ ਨਹੀਂ,
ਉਹ ਜੀਵਨ ਵਿੱਚ ਓਨੀ ਸੁੰਦਰਤਾ ਪੈਦਾ ਨਹੀਂ ਕਰੇਗੀ ਜਿੰਨੀ ਉਹ ਕਰ ਸਕਦੀ ਹੈ ਜਿਹੜੀ ਸਾਡੇ ਆਪਣੇ ਜਤਨ ਦੀ ਉਪਜ ਹੈ। ਜੀਵਨ-ਜਾਚ ਦੀ ਸੁੰਦਰਤਾ ਵਿੱਚੋਂ ਉਪਜਣ ਵਾਲੀ ਖ਼ੁਸ਼ੀ ਆਪਣੇ ਜਨਮ ਤੋਂ ਪਹਿਲਾਂ ਜੀਵਨ ਨੂੰ ਸੁਹਣਾ ਬਣਾਉਂਦੀ ਹੈ। ਰੱਬੀ ਰਹਿਮਤ ਅਤੇ ਸਾਧਾਰਣ ਜੀਵਨ ਨਾਲੋਂ ਛੇਕੇ ਹੋਏ ਕਿਸੇ ਅਭਿਆਸ ਵਿੱਚੋਂ ਉਪਜਣ ਵਾਲੀ ਪ੍ਰਸੰਨਤਾ ਜਾਂ ਸ਼ਾਂਤੀ ਕਿਸੇ ਇੱਕ ਆਦਮੀ ਲਈ ਜਿੰਨੀ ਮਰਜ਼ੀ ਵਡਮੁੱਲੀ ਹੋਵੇ,
ਜੀਵਨ ਨੂੰ ਸੁਹਣਾ ਵੇਖਣ ਦੀ ਰੀਝ ਅਤੇ ਸੁਹਣਾ ਬਣਾਉਣ ਦੇ ਜਤਨ ਤੋਂ ਹੀਣੀ ਹੁੰਦੀ ਹੈ।
ਅਗਲੇ ਕੁਝ ਲੇਖਾਂ ਵਿੱਚ ਇਸ ਗੱਲ ਦਾ ਵਿਸਥਾਰ ਕਰਨ ਦਾ ਜਤਨ ਕਰਾਂਗਾ ਕਿ ਪਰਿਵਾਰਕ ਕਲੇਸ਼ਾਂ ਨੂੰ ਘਟਾਉਣ ਅਤੇ ਜੀਵਨ ਦੀ ਪ੍ਰਸੰਨਤਾ ਨੂੰ ਵਧਾਉਣ ਲਈ ਪਰਿਵਾਰ ਕਿਨ੍ਹਾਂ ਗੱਲਾਂ ਵੱਲ ਧਿਆਨ ਦੇਵੇ। ਤੁਹਾਡੇ ਕੋਲੋਂ ਸਹਾਇਤਾ ਦੀ ਆਸ ਕਰਨੀ ਮੈਂ ਬੰਦ ਨਹੀਂ ਕਰਾਂਗਾ।