

ਜਿਹਾ ਕਿ ਮੈਂ ਕਿਧਰੇ ਹੋਰਥੇ ਵੀ ਲਿਖ ਚੁੱਕਾ ਹਾਂ, ਕੇਵਲ ਪ੍ਰਸੰਨਤਾ ਹੀ ਇੱਕ ਅਜੇਹੀ ਮਾਨਤਾ ਹੈ, ਜਿਹੜੀ ਆਪਣਾ ਮਨੋਰਥ ਆਪ ਹੈ। ਅਸੀਂ ਕੇਵਲ ਖ਼ੁਸ਼ ਹੋਣ ਲਈ ਹੀ ਖੁਸ਼ ਹੋਣਾ ਚਾਹੁੰਦੇ ਹਾਂ; ਖ਼ੁਸ਼ੀ ਨੂੰ ਕਿਸੇ ਹੋਰ ਅਜੇਹੀ ਪ੍ਰਾਪਤੀ ਦੇ ਸਾਧਨ ਵਜੋਂ ਅਸੀਂ ਨਹੀਂ ਵਰਤ ਸਕਦੇ, ਜਿਹੜੀ ਸਾਡੇ ਲਈ ਸਾਡੀ ਖ਼ੁਸ਼ੀ ਤੋਂ ਬਹੁਤੀ ਕੀਮਤੀ ਹੋਵੇ। ਇਸ ਲਈ ਮਨੋਰਥ ਜਾਂ ਆਦਰਸ਼ ਹੋਣ ਅਤੇ ਅਖਵਾਉਣ ਦਾ ਹੱਕ ਕੇਵਲ ਪ੍ਰਸੰਨਤਾ ਨੂੰ ਹੀ ਹੈ। ਇਹ ਮਨੋਰਥ ਮੰਨੀ ਜਾ ਕੇ ਵੀ ਜੀਵਨ ਦਾ ਵਿਹਾਰਕ ਹਿੱਸਾ ਬਣੀ ਰਹਿ ਸਕਦੀ ਹੈ। ਇਸ ਤੋਂ ਛੁੱਟ ਹੋਰ ਕਿਸੇ ਵੀ ਮਾਨਤਾ ਨੂੰ ਮਨੋਰਥ ਜਾਂ ਅੰਤਲਾ ਮਨੋਰਥ ਆਖਣਾ ਉਸ ਨੂੰ ਸਾਧਾਰਣ ਜੀਵਨ ਦੀ ਵਰਤੋਂ ਵਿੱਚੋਂ ਘਟਾਉਣਾ ਹੈ।
ਏਥੇ ਮੈਂ ਪਿਆਰ ਦੀ ਗੱਲ ਕਰਨ ਲੱਗਾ ਹਾਂ; ਉਸ ਪਿਆਰ ਦੀ ਜਿਹੜਾ ਜੀਵਨ ਨੂੰ ਸੁਹਣਾ ਅਤੇ ਸੁਖਾਵਾਂ ਬਣਾਉਣ ਦਾ ਸਾਧਨ ਮਾਤੂ ਹੈ। ਇਸ ਸਾਧਨ ਦੀ ਯੋਗ ਵਰਤੋਂ ਸ਼ੋਕ, ਚਾਅ ਅਤੇ ਉਤਸ਼ਾਹ ਨਾਲ ਜੀਣ ਵਾਲੇ ਵਿਅਕਤੀ ਪੈਦਾ ਕਰ ਸਕਦੀ ਹੈ। ਸਾਡੇ ਬਚਪਨ ਵਿੱਚ ਸਾਨੂੰ ਮਿਲਣ ਵਾਲਾ ਪਿਆਰ ਸਾਨੂੰ ਜਿੰਦਾ-ਦਿਲੀ ਨਾਲ ਜੀਣ ਦੇ ਯੋਗ ਬਣਾਉਂਦਾ ਹੈ। ਸਾਡਾ ਬਚਪਨ ਬੀਤ ਚੁੱਕਾ ਹੈ। ਅਸੀਂ ਜ਼ਿੰਦਾ-ਦਿਲੀ ਦੀ ਸੋਧ ਵਿੱਚ ਜਿੰਨਾ ਕੁ ਤੁਰ ਸਕਦੇ ਸਾਂ, ਤੁਰ ਲਿਆ ਹੈ। ਤਾਂ ਵੀ ਜੀਵਨ ਪ੍ਰਤੀ ਆਪਣੀ ਜ਼ਿੰਮੇਦਾਰੀ ਤੋਂ ਅਸੀਂ ਮੁਕਤ ਨਹੀਂ ਹੋ ਗਏ। ਆਪਣੇ ਬੱਚਿਆਂ ਦੀ ਪ੍ਰਸੰਨਤਾ ਦਾ ਆਹਰ ਕਰਨ ਵਿੱਚ ਸਾਡੇ ਨਾਲੋਂ ਬਹੁਤਾ ਪ੍ਰਸੰਨ ਕੌਣ ਹੋਵੇਗਾ ? ਇਸ ਲਈ ਜੀਵਨ ਦੇ ਭਵਿੱਖ ਦੀ ਪ੍ਰਸੰਨਤਾ ਲਈ ਯਤਨਸ਼ੀਲ ਹੋਣਾ ਆਪਣੀ ਵਰਤਮਾਨ ਪ੍ਰਸੰਨਤਾ ਵਿੱਚ ਵਾਧਾ ਕਰਨ ਵਾਲੀ ਗੱਲ ਹੈ।
ਲੰਮੇਰੇ ਮਨੁੱਖੀ ਬਚਪਨ ਦੀ ਲੰਮੇਰੀ ਪ੍ਰਾਧੀਨਤਾ ਨੇ ਪਰਿਵਾਰ ਅਤੇ ਸੱਭਿਅਤਾ ਨੂੰ ਜਨਮ ਦਿੱਤਾ ਹੈ। ਪਰਿਵਾਰ ਦਾ ਸਰਲ ਅਤੇ ਸਹੀ ਅਰਥ ਹੈ-ਲੰਮੇਰੇ, ਪਕੇਰੇ ਅਤੇ ਚੰਗੇਰੇ ਮਨੁੱਖੀ ਰਿਸ਼ਤੇ। ਲੰਮੇਰੇ, ਪਕੇਰੇ ਅਤੇ ਚੰਗੇਰੇ ਮਨੁੱਖੀ ਰਿਸ਼ਤੇ ਕਿਸੇ ਪਿੰਡ, ਸ਼ਹਿਰ, ਦੇਸ਼ ਜਾਂ ਸੰਸਾਰ ਨੂੰ ਵੀ ਪਰਿਵਾਰ ਦਾ ਰੂਪ ਦੇ ਸਕਦੇ ਹਨ। ਪਰੰਤੂ ਇਸ ਕੰਮ ਲਈ ਮਨੁੱਖ ਨੂੰ ਆਤਮ-ਨਿਰਭਰਤਾ ਦੇ ਅਖੌਤੀ ਅਭਿਮਾਨ ਦੀ ਥਾਂ ਪ੍ਰਾਧੀਨਤਾ ਵਿੱਚੋਂ ਉਪਜਣ ਵਾਲੇ ਰਿਸ਼ਤਿਆਂ ਦੀ ਸੁੰਦਰਤਾ ਨਾਲ ਸਾਂਝ ਪੈਦਾ ਕਰਨੀ ਪਵੇਗੀ। ਕੰਮ ਜ਼ਰਾ ਔਖਾ ਹੈ, ਕਿਉਂਜੁ ਇਸ ਲਈ ਸੋਚ ਦੇ ਵਿਕਾਸ ਦੀ ਲੋੜ ਹੈ। ਮਨੁੱਖੀ ਬਚਪਨ ਦੀ ਸੰਭਾਲ ਲਈ ਲੋੜੀਂਦੇ ਰਿਸ਼ਤੇ ਪੈਦਾ ਕਰਨ ਦਾ ਕੰਮ ਵੀ ਸੌਖਾ ਨਹੀਂ ਸੀ। ਕਰੋੜਾਂ ਸਾਲਾਂ ਦੀ ਘਾਲਣਾ ਨਾਲ ਕੁਦਰਤ ਨੇ ਮਮਤਾ ਦਾ ਵਿਕਾਸ ਕੀਤਾ ਸੀ ।
ਬੱਚੇ ਨੇ ਮੁੱਢਲੇ ਦੋ ਤਿੰਨ ਸਾਲਾਂ ਵਿੱਚ ਬੈਠਣਾ, ਖਲੋਣਾ, ਤੁਰਨਾ, ਦੌੜਨਾ, ਬੋਲਣਾ, ਸਮਝਣਾ ਅਤੇ ਸਮਝਣਾ ਸਿੱਖਣਾ ਹੁੰਦਾ ਹੈ। ਇਨ੍ਹਾਂ ਵਿੱਚੋਂ ਹਰ ਇੱਕ ਕੰਮ ਕਿੰਨਾ ਗੁੰਝਲਦਾਰ ਅਤੇ ਔਖਾ ਹੈ, ਇਸ ਗੱਲ ਦਾ ਅੰਦਾਜ਼ਾ ਕਰਨਾ ਜ਼ਰਾ ਔਖਾ ਹੈ। ਕਿਸੇ ਹਾਦਸੇ ਕਾਰਨ ਤੁਰਨ ਜਾਂ ਬੋਲਣ ਦੇ ਅਯੋਗ ਹੋ ਗਏ ਆਦਮੀ ਨੂੰ ਇਨ੍ਹਾਂ ਕੰਮਾਂ ਦੇ ਯੋਗ ਬਣਾਉਣ ਲਈ ਡਾਕਟਰਾਂ ਅਤੇ ਨਰਸਾਂ ਦੀ ਸਿਆਣਪ, ਘਾਲਣਾ, ਲਗਨ ਅਤੇ ਵਿੱਦਿਆ ਵੱਲ ਧਿਆਨ ਨਾਲ ਵੇਖਿਆਂ