

ਜੀਵਾਂ ਵਿੱਚ ਸਿੱਖਣ ਅਤੇ ਜਾਣਨ ਦੀ ਲਗਨ ਜਮਾਂਦਰੂ ਹੈ। ਇਸ ਲਗਨ ਅਧੀਨ ਯਤੀਮਖ਼ਾਨਿਆਂ ਵਿੱਚ ਪਲਣ ਵਾਲੇ ਬੱਚੇ ਵੀ ਇਹ ਸਭ ਕੁਝ ਸਿੱਖ ਜਾਂਦੇ ਹਨ, ਪਰ ਕਿਸੇ ਚਾਅ, ਉਤਸ਼ਾਹ ਅਤੇ ਸ਼ੌਕ ਨਾਲ ਨਹੀਂ: ਸਗੋਂ ਕਿਸੇ ਮਜਬੂਰੀ ਵੱਸ; ਅਤੇ ਇਸ ਤੋਂ ਪਿੱਛ ਸਾਰੇ ਜੀਵਨ ਨੂੰ ਇੱਕ ਲੰਮੀ ਮਜਬੂਰੀ ਸਮਝਣ ਲਈ ਮਜਬੂਰ ਹੋ ਜਾਂਦੇ ਹਨ। ਪ੍ਰਸੰਨਤਾ ਦੀ ਭਾਲ ਵਿੱਚ ਨਿਕਲੇ ਹੋਏ ਆਦਮੀ ਲਈ ਸੰਸਾਰ ਇੱਕ ਸੈਰ-ਗਾਹ ਹੈ; ਮਜਬੂਰੀਆਂ ਦਾ ਤਾਣਾ-ਪੇਟਾ ਨਹੀਂ; ਫੁੱਲਾਂ ਦੀ ਬਾਗਾਤ ਹੈ, ਜਿਸ ਵਿੱਚੋਂ ਕਦੇ ਕੋਈ ਕੰਡਾ ਵੀ ਚੁਭ ਸਕਦਾ ਹੈ। ਖਲੋਣ, ਬੋਲਣ ਅਤੇ ਤੁਰਨ ਦੇ ਕੰਮਾਂ ਵਿੱਚ ਸਫਲਤਾ ਪ੍ਰਾਪਤ ਕਰਨ ਉੱਤੇ ਬੱਚਾ ਵੇਖਦਾ ਹੈ ਕਿ ਮੇਰੇ ਆਲੇ-ਦੁਆਲੇ ਦੇ ਲੋਕ ਮੇਰੇ ਇਉਂ ਕਰਨ ਨਾਲ ਪ੍ਰਸੰਨ ਹੋਏ ਹਨ। ਉਹ ਆਪਣੀਆਂ ਪ੍ਰਾਪਤੀਆਂ ਅਤੇ ਸਫਲਤਾਵਾਂ ਨੂੰ ਦੁਹਰਾਉਂਦਾ ਹੈ। ਮਾਤਾ-ਪਿਤਾ ਅਤੇ ਲਾਗਲੇ ਲੋਕ ਹੋਰ ਪ੍ਰਸੰਨ ਹੁੰਦੇ ਹਨ। ਉਸ ਦੇ ਚਾਅ ਅਤੇ ਉਤਸ਼ਾਹ ਵਿੱਚ ਵਾਧਾ ਹੁੰਦਾ ਹੈ। ਇਸ ਖੇਡ ਦਾ ਲੰਮਾ ਅਭਿਆਸ ਬੱਚੇ ਦੇ ਮਨ ਵਿੱਚ ਆਪਣੇ ਆਲੇ-ਦੁਆਲੇ ਵੱਸਣ ਵਾਲੇ ਲੋਕਾਂ ਨੂੰ ਪ੍ਰਸੰਨ ਕਰਨ ਦਾ ਸ਼ੌਕ ਪੈਦਾ ਕਰਦਾ ਹੈ।
ਯਾਦ ਰਹੇ, ਬੱਚੇ ਦਾ ਇਹ ਸ਼ੌਕ ਸਤਿਕਾਰਯੋਗ ਹੈ। ਪਰੰਤੂ ਜੇ ਮਾਪਿਆਂ ਨੂੰ ਮਦਾਰੀ ਬਣ ਕੇ ਆਪਣੇ ਬੱਚੇ ਨੂੰ ਦਰਸ਼ਕਾਂ ਸਾਹਮਣੇ ਤਮਾਸ਼ਾ ਬਣਾ ਕੇ ਪੇਸ਼ ਕਰਨ ਦਾ ਸ਼ੌਕ ਹੋ ਜਾਵੇ ਤਾਂ ਕੰਮ ਖ਼ਰਾਬ ਹੋ ਸਕਦਾ ਹੈ। ਮਾਪਿਆਂ ਵਿੱਚ ਇਹ ਸ਼ੌਕ ਬਹੁਤ ਆਮ ਹੈ। ਇਸ ਪੱਖੋਂ ਸਾਵਧਾਨੀ ਵਰਤਣ ਦੀ ਲੋੜ ਹੈ। ਬੱਚੇ ਖ਼ੁਸ਼ੀ ਦਿੰਦੇ ਹਨ, ਪਰ ਪਿਲਾਉਣੇ ਨਹੀਂ ਹੁੰਦੇ ਮਾਪੇ ਵੀ ਖਿਲਾਉਣਿਆਂ ਨਾਲ ਖੋਲਣ ਵਾਲੇ ਬੱਚੇ ਨਾ ਬਣਨ।
ਬਚਪਨ ਪਿਆਰ ਪ੍ਰਾਪਤ ਕਰਨ ਦਾ ਸਮਾਂ ਜਾਂ ਅਵਸਰ ਹੈ: ਪਿਆਰ ਦੇਣ ਦਾ ਨਹੀਂ। ਬੱਚੇ ਪਿਆਰ ਦੇ ਬਦਲੇ ਵਿੱਚ ਪਿਆਰ ਦੀ ਥਾਂ ਪ੍ਰਸਨਤਾ ਦਿੰਦੇ ਹਨ; ਕਈ ਵੇਰ ਚੇਤਨ ਤੌਰ ਉੱਤੇ ਵੀ। ਇਸ ਸੰਬੰਧ ਵਿੱਚ ਉਹ ਕਿਸੇ ਟਾਇਮ-ਟੇਬਲ ਜਾਂ ਮਰਿਆਦਾ ਦੇ ਪਾਬੰਦ ਨਹੀਂ ਹੁੰਦੇ। ਇਸ ਸਿਲਸਿਲੇ ਵਿੱਚ ਉਨ੍ਹਾਂ ਉੱਤੇ ਆਪਣੇ ਟਾਇਮ-ਟੇਬਲ ਲਾਗੂ ਕਰਨ ਦੀ ਭੁੱਲ ਨਹੀਂ ਕਰਨੀ ਚਾਹੀਦੀ। ਇਸ ਨੇਮ ਦਾ ਪਾਲਣ ਸਾਝੇ ਲਈ ਸੌਖਾ ਨਹੀਂ। ਸਾਡੀ ਆਪਣੀ ਕਾਰੋਬਾਰੀ ਸਮਾਂ ਸੂਚੀ ਹੈ, ਜਿਸ ਦੀ ਪਾਬੰਦੀ ਸਾਡੇ ਲਈ ਜ਼ਰੂਰੀ ਹੈ। ਆਪਣੀ ਸਮਾਂ ਸੂਚੀ ਦਾ ਸਤਿਕਾਰ ਕਰਦਿਆਂ ਹੋਇਆਂ ਸਾਨੂੰ ਬੱਚੇ ਦੀਆਂ ਲੋੜਾਂ ਅਨੁਸਾਰ ਢਲਣ ਦੀ ਲੋੜ ਹੈ। ਕੁਝ ਸਾਲਾਂ ਬਾਅਦ ਜਦੋਂ ਬੱਚੇ ਸਕੂਲ ਜਾਣਾ ਆਰੰਭ ਕਰ ਲੈਂਦੇ ਹਨ, ਉਦੋਂ ਉਨ੍ਹਾਂ ਦਾ ਟਾਇਮ-ਟੇਬਲ ਸਾਡੇ ਟਾਇਮ-ਟੇਬਲ ਨਾਲ ਮੇਲ ਖਾਣ ਲੱਗ ਪੈਂਦਾ ਹੈ ਅਤੇ ਸਾਡੇ ਲਈ ਸਹੂਲਤ ਪੈਦਾ ਹੋ ਜਾਂਦੀ ਹੈ।
ਸਮਝਦਾਰ ਮਾਪੇ ਆਪਣੇ ਬੱਚਿਆਂ ਦੀ ਦੂਜੇ ਬੱਚਿਆਂ ਨਾਲ ਤੁਲਣਾ ਨਹੀਂ ਕਰਦੇ। ਇਸ ਦਾ ਇਹ ਮਤਲਬ ਨਹੀਂ ਕਿ ਬੱਚੇ ਦੂਜੇ ਬੱਚਿਆਂ ਨਾਲ ਆਪਣੀ ਤੁਲਣਾ ਨਹੀਂ ਕਰਦੇ। ਕਰਦੇ ਹਨ; ਖ਼ਾਸ ਤੌਰ ਉੱਤੇ ਲਾਡ-ਪਿਆਰ ਦੇ ਮੁਆਮਲੇ ਵਿੱਚ ਹਰ ਬੱਚਾ ਇਹ ਵੇਖਦਾ ਹੈ ਕਿ ਉਸ ਨੂੰ ਆਪਣੇ ਮਾਪਿਆਂ ਕੋਲੋਂ ਜਿੰਨਾ ਪਿਆਰ ਮਿਲਦਾ ਹੈ, ਉਹ ਦੂਜੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਵੱਲੋਂ ਮਿਲਣ ਵਾਲੇ ਪਿਆਰ ਦੇ ਟਾਕਰੇ ਵਿੱਚ ਘੱਟ ਹੈ ਜਾਂ ਵੱਧ।