Back ArrowLogo
Info
Profile
ਆਪਣੇ ਭੈਣਾਂ-ਭਰਾਵਾਂ ਨੂੰ ਮਿਲਣ ਵਾਲੇ ਪਿਆਰ ਦਾ ਲੇਖਾ-ਜੋਖਾ ਵੀ ਉਹ ਕਰੀ ਜਾਂਦਾ ਹੈ। ਜਿਹੜੇ ਬੱਚੇ ਇਹ ਸਮਝਦੇ ਹਨ ਕਿ ਉਨ੍ਹਾਂ ਦੀ ਵੱਡੇ ਦੂਜਿਆਂ ਨਾਲੋਂ ਥੋੜਾ ਪਿਆਰ ਆਇਆ ਹੈ, ਉਹ ਈਰਖੀ ਬਣ ਜਾਂਦੇ ਹਨ; ਜਿਹੜੇ ਇਹ ਸਮਝਦੇ ਹਨ ਕਿ ਉਨ੍ਹਾਂ ਨੂੰ ਦੂਜਿਆਂ ਨਾਲੋਂ ਬਹੁਤਾ ਪਿਆਰ ਮਿਲਿਆ ਹੈ ਜਾਂ ਜਿਨ੍ਹਾਂ ਨੂੰ ਕਿਸੇ ਕਾਰਨ ਵੱਸ ਮਾਪੇ ਬਹੁਤਾ ਪਿਆਰ ਦਿੰਦੇ ਹਨ, ਉਹ ਬੱਚੇ ਆਪਣੇ ਆਪ ਨੂੰ ਵਿਸ਼ੇਸ਼ ਅਤੇ ਵਧੀਆ ਮੰਨਣ ਲੱਗ ਪੈਂਦੇ ਹਨ। ਜ਼ਿੰਦਾ-ਦਿਲੀ ਦੋਹਾਂ ਤੋਂ ਦੂਰ ਚਲੇ ਜਾਂਦੀ ਹੈ ਅਤੇ ਨਤੀਜੇ ਵਜੋਂ ਪ੍ਰਸੰਨਤਾ ਵਿੱਚ ਘਾਟਾ ਪੈ ਜਾਂਦਾ ਹੈ।

ਏਥੇ ਇੱਕ ਜ਼ਰੂਰੀ ਗੱਲ ਕਹਿਣੀ ਚਾਹੁੰਦਾ ਹਾਂ, ਭਾਵੇਂ ਉਹ ਪਿਆਰ ਨਾਲ ਸਿੱਧੀ ਸੰਬੰਧਤ ਨਹੀਂ। ਚੰਗੇਜ਼, ਕ੍ਰਾਮਵੱਲ, ਨੈਪੋਲੀਅਨ ਅਤੇ ਹਿਟਲਰ ਵਰਗੇ ਸਾਰੇ ਆਦਮੀਆਂ ਨੂੰ ਬਚਪਨ ਵਿੱਚ ਇਹ ਭਰੋਸਾ ਦਿਵਾਇਆ ਗਿਆ ਸੀ ਜਾਂ ਉਨ੍ਹਾਂ ਨੂੰ ਆਪਣੇ ਆਪ ਇਹ ਵਹਿਮ ਹੋ ਗਿਆ ਸੀ ਕਿ ਉਹ ਕਿਸੇ ਉਚੇਚੇ ਕੰਮ ਲਈ ਇਸ ਦੁਨੀਆ ਵਿੱਚ ਆਏ ਹਨ ਜਾਂ ਭੇਜੇ ਗਏ ਹਨ। ਇਸ ਵਹਿਮ ਜਾਂ ਵਿਸ਼ਵਾਸ ਵਾਲੇ ਲੋਕਾਂ ਨੇ ਜੀਵਨ ਵਿਚਲੀ ਪ੍ਰਸੰਨਤਾ ਅਤੇ ਸੁੰਦਰਤਾ ਦੀ ਬਹੁਤ ਹਾਨੀ ਕੀਤੀ ਹੈ। ਜੋ ਹੋਰ ਕੁਝ ਵੀ ਨਾ ਕਰੇ ਤਾਂ ਵੀ ਇਹ ਭਰੋਸਾ ਜੀਵਨ ਨੂੰ ਆਪਣੀ ਆਗਿਆ ਵਿੱਚ ਤੋਰਨ ਦੀ ਪ੍ਰੇਰਣਾ ਨਾਲ ਭਰਪੂਰ ਹੁੰਦਾ ਹੈ। ਜੀਵਨ ਨੂੰ ਆਪਣੀ ਆਗਿਆ ਵਿੱਚ ਤੋਰਨ ਦੀ ਭਾਵਨਾ ਮਿੱਤ੍ਰ-ਭਾਵਨਾ ਨਹੀਂ; ਇਹ ਪ੍ਰਭੂ-ਭਾਵਨਾ ਹੈ ਅਤੇ ਦਜਿਆਂ ਵਿੱਚ ਦਾਸ-ਭਾਵ ਪੈਦਾ ਕਰਨ ਦੇ ਨਾਲ ਨਾਲ ਆਪਣੇ ਲਈ ਆਪ ਸੋਚਣ ਦੀ ਯੋਗਤਾ ਨੂੰ ਵੀ ਖ਼ਤਮ ਕਰਦੀ ਹੈ। ਪਰਾਭੌਤਿਕ, ਅਗਿਆਤ ਅਤੇ ਰਹੱਸ ਇਸ ਭਾਵਨਾ ਦੇ ਵੱਡੇ ਉਹਲੇ ਆਸਰੇ ਹਨ।

ਜਦੋਂ ਅਸੀਂ ਆਪਣੇ ਬੱਚੇ ਲਈ ਉਸ ਦਾ ਭਵਿੱਖ ਨਿਸਚਿਤ ਕਰ ਕੇ ਉਸ ਨੂੰ ਵਕੀਲ, ਡਾਕਟਰ, ਇੰਜੀਨੀਅਰ, ਜੱਜ, ਅਫ਼ਸਰ, ਕ੍ਰਿਕਟਰ, ਐਕਟਰ ਜਾਂ ਹੋਰ ਕੁਝ ਵੀ ਬਣਨ ਦੀ ਤਾਕੀਦ ਕਰਦੇ ਹਾਂ, ਉਦੋਂ ਅਸੀਂ ਇੱਕ ਤਰ੍ਹਾਂ ਨਾਲ ਇਹ ਕਹਿ ਰਹੇ ਹੁੰਦੇ ਹਾਂ ਕਿ ਤੂੰ ਇਸ ਕੰਮ ਲਈ ਪੈਦਾ ਹੋਇਆ ਹੈ ਜਾਂ ਕੀਤਾ ਗਿਆ ਹੈ। ਤੁਹਾਡੇ ਨਿਸਚਿਤ ਕੀਤੇ ਮਨੋਰਥ ਦੀ ਪ੍ਰਾਪਤੀ ਕਰ ਲੈਣ ਪਿੱਛੋਂ ਉਹ ਤੁਹਾਡੇ ਉਦੇਸ਼ ਦੀ ਸੰਪੂਰਣਤਾ ਅਤੇ ਤੁਹਾਡੇ ਪ੍ਰਤੀ ਆਪਣੇ ਕਰਤੱਵ ਦੀ ਸਮਾਪਤੀ ਸਮਝਣ ਵਿੱਚ ਕੋਈ ਗ਼ਲਤੀ ਜਾਂ ਵਧੀਕੀ ਨਹੀਂ ਕਰ ਰਿਹਾ ਹੋਵੇਗਾ। ਅਕਸਰ ਅਜੇਹਾ ਹੁੰਦਾ ਵੀ ਹੈ। ਸਿਆਣਪ ਅਤੇ ਸੁੰਦਰਤਾ ਇਸ ਗੱਲ ਵਿੱਚ ਹੈ ਕਿ ਬੱਚੇ ਦਾ ਭਵਿੱਖ ਉਸ ਦੀ ਰੁਚੀ ਉੱਤੇ ਛੱਡਦੇ ਹੋਏ ਅਸੀਂ ਉਸ ਨੂੰ ਇਹ ਭਰੋਸਾ ਦਿਵਾਈਏ ਕਿ ਅਸੀਂ ਉਸ ਦੀ ਮਿੱਤ੍ਰਤਾ ਦੇ ਲੋੜਵੰਦ ਹਾਂ ਅਤੇ ਇਸੇ ਉਦੇਸ਼ ਦੀ ਪੂਰਤੀ ਲਈ ਉਸ ਨੂੰ ਆਪਣੇ ਪਰਿਵਾਰ ਵਿੱਚ ਆਇਆ ਮੰਨਦੇ ਹਾਂ।

ਪਿਆਰ ਦੇ ਸੰਬੰਧ ਵਿੱਚ ਇਹ ਗੱਲ ਵੀ ਕਿਸੇ ਹੱਦ ਤਕ ਸੱਚ ਹੈ ਕਿ 'ਲਾਡ-ਪਿਆਰ ਬੱਚੇ ਨੂੰ ਵਿਗਾੜ ਦਿੰਦਾ ਹੈ। ਇਸ ਗੱਲ ਦੇ ਸੱਚੀ ਹੋਣ ਦਾ ਇਹ ਭਾਵ ਨਹੀਂ ਕਿ ਮਾਪੇ ਬੱਚਿਆਂ ਨੂੰ ਪਿਆਰ ਕਰਨਾ ਬੰਦ ਕਰ ਦੇਣ ਜਾਂ ਦਿਲੋਂ ਪਿਆਰ ਕਰਨ, ਪਰ ਉਪਰੋਂ ਕਠੋਰ ਨਜ਼ਰ ਆਉਣ। ਅਜੇਹਾ ਹੋਣਾ ਸੰਭਵ ਨਹੀਂ ਅਤੇ ਕਰਨਾ ਉਚਿਤ ਨਹੀਂ। ਪਿਆਰ ਉੱਤੇ ਹਰ ਬੱਚੇ ਦਾ ਜਮਾਂਦਰੂ ਹੱਕ ਹੈ ਅਤੇ ਇਹ ਅਜੇਹੀ ਦੌਲਤ ਹੈ, ਜਿਸ ਨੂੰ ਬਚਪਨ ਵਿੱਚ ਸੰਚਿਤ ਕਰਨ ਵਾਲਾ ਬੱਚਾ ਬਾਕੀ ਦੀ ਉਮਰ ਪ੍ਰਸੰਨਤਾ ਦੀ ਅਮੀਰੀ ਜੋਗਦਾ ਹੈ। ਨਾ ਹੀ ਕੋਈ ਬੱਚਾ ਮੁਫ਼ਤ ਵਿੱਚ ਪਿਆਰ ਮੰਗਦਾ ਹੈ। ਉਹ ਪਿਆਰ ਦੇ ਬਦਲੇ ਵਿੱਚ ਪ੍ਰਸੰਨਤਾ ਦਿੰਦਾ ਹੈ। ਪ੍ਰਸੰਨਤਾ ਪਿਆਰ ਨਾਲੋਂ ਵਡਮੁੱਲੀ ਹੈ; ਮਨੋਰਥ ਜੁ ਹੋਈ।

ਲਾਡ-ਪਿਆਰ ਉਨ੍ਹਾਂ ਬੱਚਿਆਂ ਦੀ ਹਾਨੀ ਕਰਦਾ ਹੈ, ਜਿਨ੍ਹਾਂ ਨੂੰ ਦੂਜਿਆਂ ਨਾਲੋਂ ਬਹੁਤਾ ਪਿਆਰ ਮਿਲਣ ਕਾਰਨ ਇਹ ਕਰੋਸਾ ਹੋ ਜਾਂਦਾ ਹੈ ਕਿ ਉਹ ਸ੍ਰੇਸ਼ਟ ਹਨ। ਹੌਲੀ ਹੌਲੀ ਉਹ ਇਹ ਸਮਝਣ ਲੱਗ ਪੈਂਦੇ ਹਨ ਕਿ ਮਾਪਿਆਂ ਵੱਲੋਂ ਮਿਲਣ ਵਾਲਾ ਪਿਆਰ ਉਨ੍ਹਾਂ ਨੂੰ ਨਹੀਂ, ਸਗੋਂ ਉਨ੍ਹਾਂ ਦੀ ਸ੍ਰੇਸ਼ਟਤਾ ਨੂੰ ਦਿੱਤਾ ਜਾ ਰਿਹਾ ਹੈ । ਸ੍ਰੇਸ਼ਟਤਾ ਦਾ ਆਧਾਰ ਕੁਝ ਵੀ ਹੋ ਸਕਦਾ ਹੈ—ਬੁੱਧੀਵਾਨ ਹੋਣਾ; ਇਕਲੌਤਾ ਹੋਣਾ; ਚੰਚਲ ਹੋਣਾ (ਜਾਂ) ਅਯੋਗ ਹੋਣਾ ਆਦਿਕ। ਕੁਝ ਵਡੇਰੇ ਹੋ ਕੇ ਉਹ ਪਿਆਰ ਦਾ ਮੁੱਲ ਤਾਰਨੋਂ ਅਵੇਸਲੇ ਹੋ ਜਾਂਦੇ ਹਨ। ਭਾਵ ਇਹ ਕਿ ਮਾਪਿਆਂ ਨੂੰ ਪ੍ਰਸੰਨਤਾ ਦਿੱਤੇ ਬਿਨਾਂ ਜਾਂ ਉਨ੍ਹਾਂ ਦੀ ਪ੍ਰਸੰਨਤਾ ਦੀ ਪਰਵਾਹ ਕੀਤੇ ਬਿਨਾਂ ਪਿਆਰ ਉੱਤੇ ਆਪਣਾ ਹੱਕ ਜਤਾਉਣ ਲੱਗ ਪੈਂਦੇ ਹਨ। ਅਸੀਂ ਕਹਿੰਦੇ ਹਾਂ, ਬੱਚੇ ਨੂੰ ਲਾਡ ਨੇ ਵਿਗਾੜ ਦਿੱਤਾ ਹੈ।

ਇਸ ਤੋਂ ਇਲਾਵਾ ਹੋਰ ਕੁਝ ਕੁ ਢੰਗਾਂ ਨਾਲ ਜਾਂ ਕੁਝ ਕੁ ਭਾਵਾਂ ਨਾਲ ਮਿਲ ਕੇ ਵੀ ਪਿਆਰ ਸਾਡੀ ਜ਼ਿੰਦਾ-ਦਿਲੀ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। ਅਗਲੇ ਲੇਖ ਵਿੱਚ ਉਨ੍ਹਾਂ ਬਾਰੇ ਕੁਝ ਕਹਿਣ ਦੀ ਕੋਸ਼ਿਸ਼ ਕਰਾਂਗਾ।

92 / 174
Previous
Next