

ਪਰਿਵਾਰ ਅਤੇ ਪ੍ਰਸੰਨਤਾ
(3)
ਸੁਰੱਖਿਆ
ਸੁਰੱਖਿਆ ਜੀਵ ਦੀ ਪਹਿਲੀ ਚਿੰਤਾ ਹੈ। ਵਿਕਾਸ ਦੇ ਪਹਿਲੇ ਪੜਾਵਾਂ ਉਤਲੇ ਜੀਵਨ ਵਿੱਚ (ਜਾਂ ਨੀਵੀਂ ਸ਼੍ਰੇਣੀ ਦੇ ਜੀਵਾਂ ਵਿੱਚ) ਸੁਰੱਖਿਆ ਜੀਵ ਦੀ ਨਿਰੋਲ ਨਿੱਜੀ ਜ਼ਿੰਮੇਦਾਰੀ ਹੋਣ ਕਰਕੇ ਇਸ ਦੀ ਇੱਛਾ ਅਤੇ ਚੇਤਨਾ ਜੀਵ ਦੇ ਜਨਮ ਨਾਲ ਹੀ ਜਾਗ ਪੈਂਦੀ ਹੈ। ਜਿਵੇਂ ਜਿਵੇਂ ਕੁਦਰਤ ਨੂੰ ਜੀਵ ਵਿੱਚ ਵਿਕਾਸ ਦੀ ਲੋੜ ਪੈਂਦੀ ਗਈ ਹੈ, ਤਿਵੇਂ ਤਿਵੇਂ ਕੁਦਰਤ ਜੀਵ ਦੀ ਜੀਵਨ-ਚੰਦ ਨੂੰ ਲੰਮੇਰੀ ਕਰਨ ਦੇ ਨਾਲ ਨਾਲ ਉਸ ਦੀ ਰੱਖਿਆ ਦੀ ਜ਼ਿੰਮੇਦਾਰੀ ਦੂਜਿਆਂ ਉੱਤੇ ਸੁੱਟ ਕੇ ਉਸ ਨੂੰ ਇਸ ਪਾਸਿਓਂ ਅਵੇਸਲਾ ਹੋਣ ਦਾ ਅਵਸਰ ਦਿੰਦੀ ਗਈ ਹੈ। ਪਸ਼ੂਆਂ ਦੇ ਬੱਚਿਆਂ ਨੂੰ ਜੰਮਦਿਆਂ ਹੀ ਆਪਣੀ ਸੁਰੱਖਿਆ ਦੀ ਚਿੰਤਾ ਨਹੀਂ ਪੈ ਜਾਂਦੀ, ਜਿਵੇਂ ਕੀਜੇ-ਪਤੰਗਿਆਂ ਨੂੰ ਪੈ ਜਾਂਦੀ ਹੈ। ਪਸ਼ੂ, ਮਮਤਾ ਵੱਸ, ਲੰਮੇ ਸਮੇਂ ਤਕ ਆਪਣੇ ਬੱਚਿਆਂ ਦੀ ਰੱਖਿਆ-ਸੁਰੱਖਿਆ ਦੀ ਚਿੰਤਾ ਕਰਦੇ ਹਨ। ਉੱਚੀ ਸ਼੍ਰੇਣੀ ਦੇ ਜੀਵਾਂ ਵਿੱਚ ਪਿਆਰ ਦਾ ਪਹਿਲਾ ਪ੍ਰਗਟਾਵਾ ਜਿਨਸੀ ਸੰਜੋਗ ਦੀ ਇੱਛਾ ਦੇ ਰੂਪ ਵਿੱਚ ਹੁੰਦਾ ਹੈ ਅਤੇ ਇਸ ਦਾ ਮਨੋਰਥ ਉਤਪਤੀ ਹੁੰਦਾ ਹੈ। ਪਿਆਰ ਦਾ ਦੂਜਾ ਰੂਪ ਮਮਤਾ ਰਾਹੀਂ ਪ੍ਰਗਟ ਹੁੰਦਾ ਹੈ ਅਤੇ ਇਸ ਦਾ ਮੂਲ ਮਨੋਰਥ ਨਵੇਂ ਜੀਵਨ ਦੀ ਰੱਖਿਆ ਹੈ।
ਪਸ਼ੂ-ਪੰਛੀਆਂ ਵਿਚਲੀ ਮਮਤਾ ਦੀ ਉਮਰ ਬਹੁਤੀ ਲੰਮੀ ਨਹੀਂ ਹੁੰਦੀ। ਜਦੋਂ ਉਨ੍ਹਾਂ ਦੇ ਬੱਚੇ ਆਪਣੀ ਰੱਖਿਆ ਕਰਨ ਦੇ ਯੋਗ ਹੋ ਜਾਂਦੇ ਹਨ, ਉਦੋਂ ਉਨ੍ਹਾਂ ਦੀ ਮਮਤਾ ਨਵੇਂ ਰਸਤੇ ਅਪਣਾਅ ਲੈਂਦੀ ਹੈ। ਮਨੁੱਖ ਦੀ ਗੱਲ ਵੱਖਰੀ ਹੈ। ਮਨੁੱਖੀ ਬਚਪਨ ਬਹੁਤ ਲੰਮਾ ਹੁੰਦਾ ਹੈ; ਮਨੁੱਖ ਦਾ ਬੁਢਾਪਾ ਵੀ ਬਚਪਨ ਵਾਂਗ ਹੀ ਲੰਮਾ ਅਤੇ ਪ੍ਰਾਧੀਨ ਹੁੰਦਾ ਹੈ। ਨਤੀਜਾ ਇਹ ਹੈ ਕਿ ਮਨੁੱਖੀ ਮਨ ਵਿੱਚ ਆਪਣੇ ਬੱਚਿਆਂ ਪ੍ਰਤੀ ਮਮਤਾ ਅਤੇ ਆਪਣੇ ਮਾਪਿਆਂ ਪ੍ਰਤੀ ਸਹਾਨੁਭੂਤੀ ਅਤੇ ਸਤਿਕਾਰ ਦੇ ਭਾਵਾਂ ਦੀ ਲੰਮੀ ਉਮਰ ਦੀ ਲੋੜ ਹੈ। ਇਸ ਲੇਖ ਵਿੱਚ ਮੈਂ ਸੁਰੱਖਿਆ ਦੀ ਗੱਲ ਕਰਨੀ ਚਾਹੁੰਦਾ ਹਾਂ। ਸਤਿਕਾਰ ਅਤੇ ਸਹਾਨੁਭੂਤੀ ਦੀ ਗੱਲ ਅਗਲੇ ਲੇਖ ਵਿੱਚ ਕਰਾਂਗਾ।
ਮਮਤਾ ਪਿਆਰ ਦਾ ਬਹੁਤ ਹੀ ਸਤਿਕਾਰਯੋਗ, ਪਵਿੱਤਰ, ਸੁੰਦਰ ਅਤੇ ਲਾਭਦਾਇਕ ਰੂਪ ਹੈ। ਤਿਆਗ ਇਸ ਰੂਪ ਦੀ ਸਭ ਤੋਂ ਵੱਡੀ ਸੁੰਦਰਤਾ ਹੈ ਅਤੇ ਇਸ ਸੁੰਦਰਤਾ ਦੇ ਬਾਵਜੂਦ ਵੀ ਮਮਤਾ ਨਿਸ਼ਕਾਮ ਪਿਆਰ ਨਹੀਂ। ਪ੍ਰਗਟ ਰੂਪ ਵਿੱਚ ਬੱਚੇ ਦੀ ਰੱਖਿਆ ਦੀ ਕਾਮਨਾ ਇਸ ਪ੍ਰਵਿਰਤੀ ਦੀ ਪ੍ਰੇਰਕ ਹੈ ਅਤੇ ਪਰੋਖ ਵਿੱਚ ਬੁਢਾਪੇ ਦੀ ਨਿਰਬਲਤਾ। ਬੱਚਿਆਂ ਨੂੰ ਮਾਪਿਆਂ ਵੱਲੋਂ ਮਿਲਣ ਵਾਲੇ ਪਿਆਰ ਪਿੱਛੇ ਉਸ ਦੀ ਸੁਰੱਖਿਆ ਦੀ ਪ੍ਰਬਲ ਭਾਵਨਾ ਕੰਮ ਕਰ ਰਹੀ ਹੁੰਦੀ ਹੈ। ਬੱਚੇ ਨੂੰ ਇੱਕ ਪ੍ਰਸੰਨ ਵਿਅਕਤੀ ਜਾਂ ਜ਼ਿੰਦਾ-ਦਿਲ ਆਦਮੀ ਬਣਾਉਣ ਲਈ ਇਹ