

ਮੇਰੇ ਪਾਠਕ ਕਹਿਣਗੇ ਜਾਂ ਕਹਿ ਸਕਦੇ ਹਨ ਕਿ ਮੈਂ ਪ੍ਰਸੰਨਤਾ ਲਈ ਬਹੁਤ ਕਠੋਰ ਸ਼ਰਤਾਂ ਲਾ ਰਿਹਾ ਹਾਂ; ਜਾਂ ਇਹ ਕਿ ਮੈਂ ਪ੍ਰਸੰਨਤਾ ਦਾ ਬਹੁਤ ਵੱਡਾ ਮੁੱਲ ਤਾਰਨ ਲਈ ਕਹਿ ਰਿਹਾ ਹਾਂ। ਪਰੰਤੂ ਮੈਂ ਕਹਿੰਦਾ ਹਾਂ ਕਿ ਪਿਆਰ, ਮਿੱਤ੍ਰਤਾ, ਭਰੱਪਣ, ਸਤਿਕਾਰ ਅਤੇ ਸੁੰਦਰ ਮਰਿਆਦਾ ਜਾਂ ਸ਼ਿਸ਼ਟਾਚਾਰ ਅਪਣਾਉਣਾ ਕਿਸੇ ਤਰ੍ਹਾਂ ਵੀ ਕਿਸੇ ਚੀਜ਼ ਦਾ ਮੁੱਲ ਤਾਰਨ ਵਾਲੀ ਗੱਲ ਨਹੀਂ। ਇਹ ਤਾਂ ਬਹੁਤ ਵਡਮੁੱਲਾ ਧਨ ਸੰਚਣ ਵਾਲੀ ਗੱਲ ਹੈ। ਪ੍ਰਸੰਨਤਾ ਦੇ ਮੁੱਲ ਵਜੋਂ ਜੇ ਕੋਲੋਂ ਕੁਝ ਦੇਣ ਨੂੰ ਕਹਿ ਰਿਹਾ ਹਾਂ ਤਾਂ ਸਿਰਫ਼ ਮੁਕਾਬਲੇ, ਸੰਘਰਸ਼, ਜਿੱਤ, ਉੱਨਤੀ, ਆਦਿਕ ਦਾ ਮੋਹ ਅਤੇ ਈਰਖਾ ਦੀ ਭਾਵਨਾ ਦੇ ਤਿਆਗ ਦੇ ਰੂਪ ਵਿੱਚ। ਇਹ ਆਖਿਆ ਜਾ ਸਕਦਾ ਹੈ ਕਿ ਈਰਖਾ ਦਾ ਤਿਆਗ ਚੰਗੀ ਗੱਲ ਹੈ। ਹੈ ਭਾਵੇਂ ਔਖੀ ਗੱਲ, ਪਰ ਜਿੱਤ, ਮੁਕਾਬਲੇ ਅਤੇ ਉੱਨਤੀ ਦੀ ਇੱਛਾ ਦਾ ਤਿਆਗ ਨਾ ਸੋਖਾ ਹੈ, ਨਾ ਸੁਖਾਵਾਂ ਹੈ, ਕਿਉਂਜ ਉੱਨਤੀ ਕੋਈ ਬੁਰੀ ਚੀਜ਼ ਨਹੀਂ, ਇਸੇ ਨੂੰ ਵਿਕਾਸ ਆਖਿਆ ਜਾਂਦਾ ਹੈ।
ਮੈਂ ਇਸ ਤਰਕ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ। ਜਿੱਤ ਦੀ ਇੱਛਾ ਦੂਜਿਆ ਨੂੰ ਹਰਾਉਣ ਦੀ ਇੱਛਾ ਹੈ; ਇਸ ਲਈ ਨਾ ਸੁਹਾਣੀ ਹੈ, ਨਾ ਸੁਖਾਵੀਂ। ਮੁਕਾਬਲਾ ਜਾਂ ਸੰਘਰਸ਼ ਸਾਡੀ ਮਾਨਸਿਕ ਸੰਕੀਰਣਤਾ ਦੇ ਕਾਰਨ ਬਣ ਜਾਂਦੇ ਹਨ। ਉੱਨਤੀ ਹੁੰਦੀ ਆ ਰਹੀ ਹੈ ਅਤੇ ਇਸ ਨੇ ਹੁੰਦੀ ਰਹਿਣਾ ਹੈ; ਪਰ ਇਸ ਨੂੰ ਉਦੇਸ਼ ਮੰਨ ਕੇ ਅਪਣਾਇਆ ਹੋਇਆ ਵਤੀਰਾ ਈਰਖਾ ਵਿੱਚ ਵਾਧਾ ਅਤੇ ਪ੍ਰਸੰਨਤਾ ਵਿੱਚ ਘਾਟਾ ਕਰੇਗਾ।
ਨਾ ਹੀ ਮਿੱਤ੍ਰਤਾ, ਮਰਿਆਦਾ, ਪਿਆਰ, ਸਤਿਕਾਰ, ਸਹਿਯੋਗ ਅਤੇ ਸਹਾਇਤਾ ਭਰਪੂਰ ਸਮਾਜ ਦੀ ਉਸਾਰੀ ਕੋਈ ਅਜਿਹਾ ਸੁਪਨਾ ਹੈ, ਜਿਸ ਦੀ ਸਾਕਾਰਤਾ ਅਸੰਭਵ ਹੈ। ਹਰ ਮਨੁੱਖ ਨੂੰ ਸੱਭਿਅ ਸਮਾਜਿਕ ਜੀਵਨ ਜੀਣ ਲਈ ਮਰਿਆਦਾ, ਮਿੱਤ੍ਰਤਾ ਅਤੇ ਸਹਿਯੋਗ ਦੀ ਲੋੜ ਹੈ। ਹਰ ਆਦਮੀ ਆਪਣੀ ਲੋੜ ਅਨੁਸਾਰ ਆਪਣੇ ਉਦਾਲੇ ਮਿੱਤ੍ਰਤਾ ਅਤੇ ਸਹਾਇਤਾ ਦਾ ਇੱਕ ਘੇਰਾ ਉਪਜਾਉਂਦਾ ਹੈ; ਲੱਭਦਾ ਹੈ; ਕਿਉਂਜੁ ਇਸ ਬਿਨਾਂ ਜੀਵਨ ਸੰਭਵ ਨਹੀਂ। ਅਸਾਂ ਆਪਣੀ ਮਿੱਤ੍ਰਤਾ ਅਤੇ ਸਹਿਯੋਗ ਦੇ ਘੇਰੇ ਨੂੰ ਨਵੇਂ ਸਿਰਿਉ ਬਣਾਉਣਾ ਜਾ ਉਸਾਰਨਾ ਨਹੀਂ, ਸਗੋਂ ਪਹਿਲਾਂ ਬਣੇ ਹੋਏ ਨੂੰ ਖੁੱਲ੍ਹਾ ਕਰਨਾ ਹੈ; ਵਿਸ਼ਾਲ ਕਰਨਾ ਹੈ: ਵਧਾਉਣਾ-ਵਿਕਸਾਉਣਾ ਹੈ। ਇਸੇ ਕੰਮ ਨੂੰ ਜ਼ਿੰਦਾ-ਦਿਲੀ ਆਖਿਆ ਜਾਂਦਾ ਹੈ ਅਤੇ ਜ਼ਿੰਦਾ-ਦਿਲ ਉਹੀ ਹੋ ਸਕਦਾ ਹੈ, ਜਿਸ ਨੂੰ ਸੰਸਾਰ ਇੱਕ ਸੁਰੱਖਿਅਤ ਥਾਂ ਭਾਸਦੀ ਹੋਵੇ।
ਇਸ ਭਰੋਸੇ ਨੂੰ ਪੈਦਾ ਕਰਨ ਲਈ ਮਨੁੱਖੀ ਬਚਪਨ ਦਾ ਲੰਮੇਰਾ ਅਤੇ ਸੁਰੱਖਿਅਤ ਹੋਣਾ ਜ਼ਰੂਰੀ ਹੈ।
ਮਮਤਾ ਪਿਆਰ ਦਾ ਇੱਕ ਰੂਪ ਹੈ ਅਤੇ ਬੱਚੇ ਦੀ ਸੁਰੱਖਿਆ ਇਸ ਦਾ ਮਨੋਰਥ ਹੈ। ਪਰੰਤੂ ਸਾਡਾ ਮਨੋਰਥ ਬੱਚੇ ਦੀ ਕੇਵਲ ਮਾਤ੍ਰ ਸੁਰੱਖਿਆ ਨਹੀਂ ਸਗੋਂ ਉਸ ਦੇ ਮਨ ਵਿੱਚ ਇਹ ਭਰੋਸਾ ਪੈਦਾ ਕਰਨਾ ਹੈ ਕਿ ਦੁਨੀਆ ਇੱਕ ਸੁਰੱਖਿਅਤ ਥਾਂ ਹੈ। ਹਰ ਸੁਰੱਖਿਅਤ ਜੀਵ ਸੁਰੱਖਿਆ ਦੇ ਭਰੋਸੇ ਵਿੱਚ ਨਹੀਂ ਹੁੰਦਾ। ਸੁਰੱਖਿਆ ਦੀ ਬਹੁਤੀ ਚਿੰਤਾ ਸੁਰੱਖਿਆ ਦੀ ਅਤੇ ਸੁਰੱਖਿਆ ਦੇ ਭਰੋਸੇ ਦੀ ਅਣਹੋਂਦ ਜਾਂ ਘਾਟ ਦੀ ਲਖਾਇਕ ਹੈ। ਜਿਨ੍ਹਾਂ ਬੱਚਿਆਂ ਨੇ ਇਹ