

ਕਈ ਸਿਆਣੇ ਬੱਚਿਆਂ ਨੂੰ ਖ਼ਬਰਦਾਰ ਕਰਨ ਅਤੇ ਰੱਖਣ ਲਈ ਇਹ ਕਹਿੰਦੇ ਰਹਿੰਦੇ ਹਨ ਕਿ "ਸਮੇਂ ਬਹੁਤ ਖ਼ਰਾਬ ਹੋ ਗਏ ਹਨ।" ਆਪਣੀ ਗੱਲ ਦੀ ਸੱਚਾਈ ਦੀ ਦਲੀਲ ਵਜੋਂ ਉਹ ਦੁਨੀਆ ਵਿੱਚ ਹੋਈਆਂ ਵਾਪਰੀਆਂ ਦੁਰਘਟਨਾਵਾਂ ਦਾ ਲੰਮਾ ਚੌੜਾ ਵਿਆਖਿਆਨ ਵੀ ਕਰਦੇ ਹਨ। ਇਹ ਕੰਮ ਵੀ ਬੱਚਿਆਂ ਵਿੱਚ ਸੁਰੱਖਿਆ ਦੇ ਭਰੋਸੇ ਦੀ ਘਾਟ ਪੈਦਾ ਕਰਦਾ ਹੈ। ਇਹ ਠੀਕ ਹੈ ਕਿ ਦੁਨੀਆ ਪਹਿਲਾਂ ਜਿੰਨੀ ਸੇਫ਼ ਨਹੀਂ ਰਹੀ; ਪਰ ਇਹ ਵੀ ਠੀਕ ਹੈ ਕਿ ਇਸ ਗੱਲ ਦੇ ਘੜੀ-ਮੁੜੀ ਦੁਹਰਾਏ ਜਾਣ ਨਾਲ ਇਹ ਸੇਫ ਨਹੀਂ ਬਣੇਗੀ; ਨਾ ਹੀ ਸਾਡੇ ਵਿਆਖਿਆਨ ਸੁਣ ਕੇ ਬੱਚੇ ਆਪਣੀ ਹਿਫ਼ਾਜ਼ਤ ਕਰਨ ਵਿੱਚ ਮਾਹਿਰ ਹੋ ਜਾਣਗੇ। ਸਾਨੂੰ ਆਪਣਾ ਕੰਮ ਆਪ ਕਰਨਾ ਪਵੇਗਾ। ਬੱਚਿਆ ਦੀ ਹਿਫ਼ਾਜ਼ਤ ਸਾਡਾ ਕੰਮ ਹੈ; ਸਾਨੂੰ ਕਰਨਾ ਚਾਹੀਦਾ ਹੈ। ਇਸ ਬਾਰੇ ਕੋਈ ਲੈਕਚਰ ਕਰ ਕੇ ਅਸੀਂ ਸੁਬਕ-ਦੋਸ਼ੀ ਨਹੀਂ ਹੋ ਸਕਦੇ।
ਮਾਪੇ ਅਤੇ ਅਧਿਆਪਕ ਬੱਚਿਆਂ ਨੂੰ ਓਪਰਿਆਂ ਤੋਂ ਹੁਸ਼ਿਆਰ ਅਤੇ ਪਰੇ ਰਹਿਣ ਦੀ ਸਿੱਖਿਆ ਦਿੰਦੇ ਹਨ।"ਕਿਸੇ ਦੇ ਨਾਲ ਨਹੀਂ ਜਾਣਾ: ਕਿਸੇ ਕੋਲੋਂ ਕੁਝ ਲੈ ਕੇ ਨਹੀਂ ਖਾਣਾ," ਇਹ ਸਿੱਖਿਆ ਬਹੁਤ ਆਮ ਹੈ। ਇਸ ਸਿੱਖਿਆ ਨੂੰ ਹਾਨੀਕਾਰਕ ਕਹਿ ਕੇ ਕਈ ਲੋਕਾਂ ਦੀ ਨਜ਼ਰ ਵਿੱਚ ਅਣਜਾਣ ਬਣਨ ਤੋਂ ਡਰਦਾ ਹੋਇਆ ਵੀ ਮੈਂ ਇਸ ਦਾ ਵਿਰੋਧ ਕਰਨ ਲਈ ਮਜਬੂਰ ਹਾਂ। ਓਪਰਿਆਂ ਕੋਲੋਂ ਡਰਨਾ ਬੱਚਿਆਂ ਦੀ ਪਰਵਿਰਤੀ ਵਿੱਚ ਹੈ: ਇਹ ਸਾਡੀ ਸਿੱਖਿਆ ਨਾਲ ਨਹੀਂ ਉਪਜਦਾ; ਪਹਿਲਾਂ ਤੋਂ ਹੀ ਹੁੰਦਾ ਹੈ। ਇਹ ਵੀ ਬੱਚਿਆਂ ਦੀ ਪਰਵਿਰਤੀ ਵਿੱਚ ਹੈ ਕਿ ਉਹ ਭਰਮਾਏ, ਵਰਗਲਾਏ ਜਾ ਸਕਦੇ ਹਨ। ਚੰਗਾ ਇਹ ਹੈ ਕਿ ਇੱਕ ਖਾਸ ਉਮਰ ਤਕ ਕਿਸੇ ਬੱਚੇ ਨੂੰ ਕਿਸੇ ਓਪਰੇ ਦੀ ਸੰਗਤ-ਸੁਹਬਤ ਵਿੱਚ ਇਕੱਲਾ ਹੋਣ ਦਾ ਮੌਕਾ ਹੀ ਨਾ ਬਣਨ ਦਿੱਤਾ ਜਾਵੇ ਅਤੇ ਨਾ ਹੀ ਉਸ ਦੇ ਮਨ ਵਿੱਚ ਇਹ ਚੇਤਨਾ ਉਪਜਣ ਦਿੱਤੀ ਜਾਵੇ ਕਿ ਉਸ ਨੂੰ ਓਪਰਿਆਂ ਤੋਂ ਦੂਰ ਰੱਖਣ ਦੇ ਉਚੇਚੇ ਉਪਰਾਲੇ ਕੀਤੇ ਜਾ ਰਹੇ ਹਨ।
ਨਿੱਕੇ ਨਿੱਕੇ ਖ਼ਤਰਿਆਂ ਤੋਂ ਭੈ-ਭੀਤ ਆਤਕਿਤ ਜਾਂ ਦਹਿਸ਼ਤਜ਼ਦਾ ਹੋਣ ਵਾਲੇ ਵਿਅਕਤੀਆਂ ਨੂੰ ਬੱਚਿਆਂ ਦੀ ਦੇਖ-ਰੇਖ ਅਤੇ ਪਾਲਣ-ਪੋਸਣ ਦਾ ਕੰਮ ਨਹੀਂ ਸੌਂਪਿਆ ਜਾਣਾ ਚਾਹੀਦਾ। ਇਹ ਠੀਕ ਹੈ ਕਿ ਬਹੁਤ ਛੋਟੇ ਬੱਚਿਆਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਕਰਨ ਦੀ ਸੋਝੀ ਨਹੀਂ ਹੁੰਦੀ, ਪਰੰਤੂ ਜਿਵੇਂ ਜਿਵੇਂ ਉਹ ਆਪਣੇ ਹੱਥਾਂ-ਪੈਰਾਂ ਅਤੇ ਲੱਤਾਂ-ਬਾਹਵਾਂ ਦੀ ਵਰਤੋਂ ਦੀ ਜਾਚ ਸਿਖਦੇ ਜਾਂਦੇ ਹਨ, ਤਿਵੇਂ ਤਿਵੇਂ ਆਪਣੀ ਸੁਰੱਖਿਆ ਵੱਲੋਂ ਵੀ ਚੇਤੰਨ ਹੁੰਦੇ ਜਾਂਦੇ ਹਨ। ਇਹ ਠੀਕ ਹੈ ਕਿ ਅਸੀਂ ਕਿਸੇ ਬੱਚੇ ਨੂੰ ਚਾਕੂ, ਛੁਰੀ ਆਦਿਕ ਨਾਲ ਖੇਡਣ ਨਹੀਂ ਦਿਆਂਗੇ, ਪਰ ਇਹ ਠੀਕ ਨਹੀਂ ਕਿ ਜੇ ਕਿਸੇ ਬੱਚੇ ਦੇ ਹੱਥ ਕਿਸੇ ਤਰ੍ਹਾਂ ਕੋਈ ਚਾਕੂ, ਫਰੀ ਆ ਜਾਵੇ ਤਾਂ ਅਸੀਂ ਏਨੇ ਆਤੰਕਿਤ ਜਾਂ ਪੈਨਿਕੀ ਹੋ ਜਾਈਏ ਕਿ ਸਾਡੀ ਘਬਰਾਹਟ ਵੱਲ ਵੇਖ ਕੇ ਬੱਚਾ ਡਰ ਜਾਵੇ ਅਤੇ ਆਪਣੇ ਹੱਥ ਵਿਚਲੀ ਛੁਰੀ ਆਪਣੇ ਹੱਥ-ਪੈਰ ਉੱਤੇ ਮਾਰ ਲਵੇ ਬਹੁਤ ਸਾਰੇ ਨਿੱਕੇ ਨਿੱਕੇ ਹਾਦਸੇ ਸੁਰੱਖਿਆ ਦੀ ਸਿਖਲਾਈ ਦਾ ਕੰਮ ਕਰਦੇ ਹਨ। ਇਨ੍ਹਾਂ ਹਾਦਸਿਆਂ ਦੇ ਵਾਪਰਨ ਤੋਂ ਪਹਿਲਾਂ ਇਨ੍ਹਾਂ ਦੀ ਭਿਆਨਕਤਾ ਦਾ ਅਹਿਸਾਸ ਅਤੇ ਇਨ੍ਹਾਂ ਤੋਂ ਖ਼ਬਰਦਾਰ ਰਹਿਣ ਦੀ ਤਾਕੀਦ ਕਰਨ ਤੋਂ ਚੰਗਾ ਹੈ ਕਿ ਜਦੋਂ ਅਜਿਹੇ ਕਿਸੇ ਹਾਦਸੇ