Back ArrowLogo
Info
Profile
ਦਾ ਸ਼ਿਕਾਰ ਹੋ ਕੇ ਬੱਚਾ ਨਿੱਕੀ-ਮੋਟੀ ਝਰੀਟ ਲਵਾ ਲਵੇ ਤਾਂ ਉਸ ਨਾਲ ਹਮਦਰਦੀ ਜ਼ਾਹਿਰ ਕੀਤੀ ਜਾਵੇ; ਅਜਿਹੇ ਹਾਦਸਿਆਂ ਨੂੰ ਜੀਵਨ ਦਾ ਜ਼ਰੂਰੀ ਹਿੱਸਾ ਸਮਝਣ ਵਿੱਚ ਉਸ ਦੀ ਸਹਾਇਤਾ ਕੀਤੀ ਜਾਵੇ।

ਇਹ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਮੈਂ ਬੱਚਿਆਂ ਨੂੰ ਗੰਭੀਰ ਖ਼ਤਰਿਆਂ ਸਾਹਮਣੇ ਅਰੱਖਿਅਤ ਕਰਨ ਦੀ ਸਲਾਹ ਨਹੀਂ ਦੇ ਰਿਹਾ।

ਉੱਨਤ ਦੇਸਾਂ ਵਿੱਚ ਬੱਚਿਆਂ ਦੀਆਂ ਪਾਰਕਾਂ ਅਤੇ ਸਕੂਲਾਂ ਆਦਿਕ ਵਿੱਚ ਅਜਿਹੇ ਸਾਧਨ ਬਣਾਏ ਜਾਂਦੇ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਬੱਚੇ ਸਾਹਸੀ ਹੋਣ ਦੀ ਸਿਖਲਾਈ ਲੈਂਦਿਆਂ ਹੋਇਆਂ ਗੰਭੀਰ ਖ਼ਤਰਿਆਂ ਦੇ ਸਨਮੁਖ ਨਹੀਂ ਹੁੰਦੇ। ਪਰੰਤੂ ਘਰਾਂ ਦੀ ਬਣਤਰ, ਬਨਾਵਟ ਓਥੇ ਵੀ ਅਜਿਹੀ ਨਹੀਂ ਕਿ ਬੱਚਾ ਆਪਣੀ ਮਰਜ਼ੀ ਨਾਲ ਜਿੱਧਰ ਚਾਹਵੇ ਦੌੜ-ਭੱਜ ਸਕੇ। ਦਰਵਾਜ਼ੇ ਵਿੱਚ ਹੱਥ ਆਉਣ ਦਾ ਡਰ ਹੈ; ਪੌੜੀਆਂ ਉੱਤੋਂ ਡਿੱਗਣ ਦਾ ਡਰ ਹੈ ; ਗੁਸਲਖਾਨੇ ਵਿੱਚ ਤਿਲਕਣ ਦਾ ਡਰ ਹੈ; ਰਸੋਈ ਵਿੱਚ ਕਿਸੇ ਗਰਮ ਬਰਤਨ ਨੂੰ ਹੱਥ ਲੱਗ ਜਾਣ ਦਾ ਡਰ ਹੈ; ਬਿਜਲੀ ਦੀਆਂ ਸਾਕਟਾਂ ਵਿੱਚ ਉਂਗਲੀ ਦੇ ਕੇ ਸ਼ੱਕ ਲਗਵਾ ਲੈਣ ਦਾ ਡਰ ਹੈ; ਘਰ ਵਿੱਚ ਰੱਖੇ ਫਰਨੀਚਰ (ਮੇਜ਼ ਆਦਿਕ) ਦੀ ਨੁੱਕਰ ਨਾਲ ਮੱਥਾ ਭੰਨਵਾ ਲੈਣ ਦਾ ਡਰ ਹੈ; ਫ਼ਰਸ਼ ਉੱਤੇ ਪਈ ਕਿਸੇ ਚੀਜ਼ ਨੂੰ ਮੂੰਹ ਵਿੱਚ ਪਾ ਕੇ ਸੰਘ ਵਿੱਚ ਫਸਾਅ ਲੈਣ ਦਾ ਡਰ ਹੈ; ਸੀਦੀ ਪਰੋਂਦੀ ਮਾਂ ਕੋਲ ਪਈ ਕੈਂਚੀ ਅਤੇ ਸੂਈ-ਸਲਾਈ ਨੂੰ ਹੱਥ ਪਾ ਲੈਣ ਦਾ ਡਰ ਹੈ; ਘਰ ਵਿੱਚ ਪਈਆਂ ਦਵਾਈਆਂ ਤੋਂ ਨੁਕਸਾਨ ਹੋਣ ਦਾ ਡਰ ਹੈ; ਘਰ ਵਿੱਚ ਰੱਖੀਆਂ ਕਿਤਾਬਾਂ-ਕਾਪੀਆਂ ਦਾ ਨੁਕਸਾਨ ਕਰ ਕੇ ਝਿੜਕੇ ਜਾਣ ਦਾ ਡਰ ਹੈ। ਏਨੇ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਕਈ ਡਰਾ ਨਾਲ ਭਰੇ-ਭਕੁੰਨੇ ਘਰ ਨੂੰ ਬੱਚਾ ਆਪਣੇ ਲਈ ਸੁਰੱਖਿਅਤ ਥਾਂ ਨਹੀਂ ਸਮਝ ਸਕਦਾ; ਅਤੇ ਅਸਾਂ ਅਜੇ ਆਪਣੇ ਘਰਾਂ ਨੂੰ ਬੱਚਿਆਂ ਦੀਆਂ ਲੋੜਾਂ ਅਨੁਸਾਰ ਵਿਉਂਤਣਾ ਸ਼ੁਰੂ ਨਹੀਂ ਕੀਤਾ। ਘਰ ਬੱਚੇ ਦੀ ਦੁਨੀਆ ਹੈ। ਇਸ ਦੁਨੀਆ ਦੇ ਵਸੇਬੇ ਤੋਂ ਹੀ ਬੱਚੇ ਨੇ ਬਾਹਰਲੀ ਦੁਨੀਆ ਸੰਬੰਧੀ ਆਪਣੇ ਵਿਸ਼ਵਾਸ ਬਣਾਉਣੇ ਹੁੰਦੇ ਹਨ। ਬਹੁਤੇ ਅਚੰਭੇ ਵਾਲੀ ਗੱਲ ਨਹੀਂ ਕਿ ਦੁਨੀਆ ਦੇ ਬਹੁਤੇ ਆਦਮੀ ਇਸ ਦੁਨੀਆ ਨੂੰ ਬੇ-ਵਸਾਹੀ ਅਤੇ ਸ਼ੱਕ ਨਾਲ ਵੇਖਦੇ ਹਨ।

ਬੱਚਿਆਂ ਲਈ ਘਰਾਂ ਵਿੱਚ ਖੁੱਲ੍ਹੇ ਅਤੇ ਸੁਰੱਖਿਅਤ ਖੇਡ-ਕਮਰਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਕਮਰਿਆਂ ਵਿੱਚ ਖ਼ੁਦਮੁਖ਼ਤਾਰੀ ਅਤੇ ਸੁਰੱਖਿਆ ਦਾ ਹੁਲਾਰਾ ਮਾਣਦੇ ਹੋਏ ਬੱਚੇ ਆਪਣੇ ਮਾਪਿਆਂ ਨੂੰ ਬੇ-ਲੋੜੀਆਂ ਚਿੰਤਾਵਾਂ ਤੋਂ ਮੁਕਤ ਕਰੀ ਰੱਖ ਸਕਦੇ ਹਨ। ਬੱਚਿਆਂ ਦੀ ਸੁਰੱਖਿਆ ਦੀ ਬੇ-ਲੋੜੀ ਅਤੇ ਬਹੁਤੀ ਚਿੰਤਾ ਕਰਨ ਵਾਲੇ ਮਾਪੇ ਆਪਣੇ ਬੱਚਿਆਂ ਦੇ ਮਨਾਂ ਵਿੱਚ ਆਪਣੇ ਪ੍ਰਤੀ ਘਿਰਣਾ ਤਕ ਪੈਦਾ ਕਰ ਲੈਂਦੇ ਹਨ। ਮੇਰੇ ਇੱਕ ਮਿੱਤ੍ਰ ਨੇ ਆਪਣੀਆਂ ਦੋ ਬੱਚੀਆਂ ਦੀ ਸੁਰੱਖਿਆ ਦੀ ਏਨੀ ਚਿੰਤਾ ਕੀਤੀ ਹੈ ਕਿ ਅਠਾਈ ਅਤੇ ਪੰਝੀ ਸਾਲਾਂ ਦੀਆਂ ਹੋ ਜਾਣ ਉੱਤੇ ਵੀ ਉਨ੍ਹਾਂ ਨੂੰ ਚਾਹ ਦੀ ਪਿਆਲੀ ਬਣਾਉਣ ਦੀ ਇਜਾਜ਼ਤ (ਜਾਂ ਆਪਣੀ ਯੋਗਤਾ ਦਾ ਸਬੂਤ ਦੇਣ ਦੀ ਇਜਾਜ਼ਤ) ਇਸ ਲਈ ਨਹੀਂ ਦਿੱਤੀ ਕਿ ਗੈਸ ਕੁੱਕਰ ਤੋਂ ਅੱਗ ਲੱਗ ਜਾਣ ਦਾ ਡਰ ਸੀ। ਦੋਵੇਂ ਭੈਣਾਂ ਆਪਣੇ ਬੇਵਕੂਫ ਬਾਬਲ ਨੂੰ ਆਪਣੀ ਅਕਲ ਦੇ ਪਿੰਜਰੇ ਵਿੱਚ ਫੜਫੜਾਉਂਦਾ ਛੱਡ ਕੇ ਵੱਖਰੇ ਫਲੈਟ ਵਿੱਚ ਰਹਿੰਦੀਆਂ ਹਨ। ਇੱਕ ਡਾਕਟਰ (ਐੱਮ.ਬੀ.ਬੀ.ਐੱਸ.) ਹੈ ਅਤੇ ਛੋਟੀ ਦਫ਼ਤਰ ਵਿੱਚ ਕੰਮ ਕਰਦੀ ਹੈ। ਗੈਸ ਕੁੱਕਰ ਦੀ ਪੂਰੀ ਵਰਤੋਂ ਕਰਦੀਆਂ ਹਨ: ਕੋਈ ਹਾਦਸਾ ਨਹੀਂ ਹੋਇਆ, ਪਿਉ ਅਜੇ ਵੀ ਆਸ ਲਾਈ ਬੈਠਾ ਹੈ ਕਿ ਮੂੰਹ-ਸਿਰ ਸੜਵਾ ਕੇ ਇੱਕ ਦਿਨ ਜ਼ਰੂਰ ਵਾਪਸ ਆਉਣਗੀਆਂ। ਇਹ ਉਸ ਦੀਆਂ ਕਈ ਭਵਿੱਖ-ਬਾਣੀਆਂ ਵਿੱਚੋਂ ਇੱਕ ਹੈ। ਬਾਕੀ ਸਾਰੀਆਂ ਵਾਂਗ ਇਸ ਦੇ ਸੱਚ ਹੋਣ ਦੀ ਵੀ ਕੋਈ ਆਸ ਨਹੀਂ।

96 / 174
Previous
Next