

ਪਰਿਵਾਰ ਅਤੇ ਪ੍ਰਸੰਨਤਾ
(4)
ਸਤਿਕਾਰ
ਆਦਰ ਜਾਂ ਸਤਿਕਾਰ ਦਾ ਵਤੀਰਾ, ਮੇਰੀ ਜਾਚੇ, ਪਰਵਿਰਤੀ ਮੂਲਕ ਨਹੀਂ। ਇਹ ਆਪਣੀ ਕਮਜ਼ੋਰੀ ਦੇ ਅਹਿਸਾਸ (1), ਯੋਗਤਾ ਦੀ ਲਗਨ (2), ਅਤੇ ਇਸ ਲਗਨ ਦੀ ਦਿਸ਼ਾ ਵਿੱਚ ਮਿਲਨ ਵਾਲੀ ਸਹਾਇਤਾ ਦੇ ਸ਼ੁਕਰਾਨੇ (3), ਦਾ ਰਲਿਆ ਮਿਲਿਆ ਪ੍ਰਗਟਾਵਾ ਹੈ। ਆਦਰ ਕੇਵਲ ਮਨੁੱਖੀ ਵਤੀਰਾ ਹੈ; ਪਸ਼ੂਆਂ ਵਿੱਚ ਇਸ ਦੀ ਚੇਤਨਾ ਨਹੀਂ। ਮੇਰੀ ਜਾਚੇ ਜੰਗਲੀ ਮਨੁੱਖ ਵਿੱਚ ਵੀ ਸਤਿਕਾਰ ਦੀ ਚੇਤਨਾ ਨਹੀਂ ਸੀ: ਉਸ ਵਿੱਚ ਕਮਜ਼ੋਰੀ ਦਾ ਅਹਿਸਾਸ ਸੀ, ਜੋ ਭੈ ਦੇ ਰੂਪ ਵਿੱਚ ਪ੍ਰਗਟ ਹੁੰਦਾ ਸੀ। ਸਤਿਕਾਰ ਸੱਭਿਅਤਾ ਦੀ ਦੇਣ ਹੈ। ਸ਼ਾਇਦ ਇਹ ਸੱਭਿਅਤਾ ਦੀ ਸਭ ਤੋਂ ਵੱਧ ਸੁੰਦਰ ਦੇਣ ਹੈ।
ਸੱਭਿਅਤਾ ਦੇ ਵਿਕਾਸ ਨਾਲ ਸਤਿਕਾਰ ਦੀ ਹਾਨੀ ਹੁੰਦੀ ਗਈ ਹੈ। ਇਸ ਦਾ ਕਾਰਨ (ਸ਼ਾਇਦ) ਇਹ ਹੈ ਕਿ ਸੱਭਿਅਤਾ ਦਾ ਵਿਕਾਸ ਸ਼ਕਤੀ, ਭੈ, ਹਿੰਸਾ, ਹੱਤਿਆ ਅਤੇ ਬੇ-ਵਸਾਹੀ ਦੇ ਸਹਾਰੇ ਹੋਇਆ ਹੈ। ਜੀਵਨ ਦੀ ਲਗਾਤਾਰੀ ਮਹਾਂਭਾਰਤ ਵਿੱਚ ਕਮਜ਼ੋਰਾਂ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ; ਉਨ੍ਹਾਂ ਵਿਚਲੀ ਯੋਗਤਾ ਦੀ ਲਗਨ ਦਾ ਲਿਹਾਜ਼ ਨਹੀਂ ਕੀਤਾ ਗਿਆ। ਉਨ੍ਹਾਂ ਵਿਚਲੀ ਭੈ ਦੀ ਪਰਵਿਰਤੀ ਨੂੰ ਉਭਾਰ ਕੇ ਉਨ੍ਹਾਂ ਨੂੰ ਆਪਣੇ ਅਧੀਨ ਕਰਨ ਅਤੇ ਰੱਖਣ ਦਾ (ਸਫਲ) ਜਤਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਅਧੀਨਗੀ ਅਤੇ ਭੈ ਵਿੱਚੋਂ ਉਪਜੇ ਹੋਏ ਵਤੀਰੇ ਨੂੰ (ਆਪਣੇ ਲਈ) ਆਦਰ ਸਮਝਿਆ ਜਾਂਦਾ ਰਿਹਾ ਹੈ। ਇਸ ਤਰ੍ਹਾਂ ਸੱਭਿਅਤਾ ਦੀ ਸਭ ਤੋਂ ਵੱਧ ਵਿਵਹਾਰਕ ਸੁੰਦਰ ਦੇਣ ਦਾ ਨਿਰਾਦਰ ਕੀਤਾ ਜਾਂਦਾ ਰਿਹਾ ਹੈ; ਹੁਣ ਤਕ ਕੀਤਾ ਜਾਂਦਾ ਹੈ।
ਇਸ ਸੰਬੰਧ ਵਿੱਚ ਸੰਸਾਰ ਦੇ ਸਮਾਜਕ, ਧਾਰਮਕ, ਰਾਜਨੀਤਕ, ਵਿੱਦਿਅਕ, ਵਪਾਰਕ ਜਾਂ ਪਰਿਵਾਰਕ ਕਿਸੇ ਵੀ ਪ੍ਰਬੰਧ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਮਨੁੱਖ ਦੇ ਸੁਧਾਰ, ਵਿਕਾਸ ਅਤੇ ਕਲਿਆਣ ਦੇ ਕੰਮ ਵਿੱਚ ਭੈ ਦੀ ਪ੍ਰਧਾਨਤਾ ਨੂੰ ਹਰ ਕਿਸੇ ਨੇ ਪਰਵਾਨ ਕੀਤਾ ਹੈ। ਮਨੁੱਖਤਾ ਦੇ ਵਿਸ਼ਵ-ਵਿਖਿਆਨ ਪ੍ਰਥਮ ਹਿਤੂ ਮਹਾਤਮਾ ਬੁੱਧ ਨੇ ਵੀ ਪੁਨਰ ਜਨਮ ਅਤੇ ਆਵਾਗਉਣ ਦੇ ਰੂਪ ਵਿੱਚ ਭੈ ਦਾ ਸਹਾਰਾ ਲੈਣਾ ਜ਼ਰੂਰੀ ਸਮਝਿਆ ਸੀ। ਭੈ ਦੀ ਸਸਤੀ ਗੋਲੀ ਸਾਰੀਆਂ ਸਮਾਜਕ ਅਤੇ ਧਾਰਮਕ ਅਹੁਰਾਂ ਦਾ ਇਲਾਜ ਕਰਨ ਦੇ ਸਮਰੱਥ ਸੀ; ਆਦਰ ਦੇ ਭਾਵ ਨੂੰ ਵਿਕਸਾਉਣ ਵੱਲ ਧਿਆਨ ਕਿਉਂ ਦਿੱਤਾ ਜਾਂਦਾ ? ਮੱਧਕਾਲ ਵਿੱਚ ਹਰ ਕਿਸੇ ਨੂੰ ਆਦਰਯੋਗ ਵੀ ਨਹੀਂ ਸੀ ਮੰਨਿਆ ਜਾਂਦਾ।
ਹੁਣ ਡਰ ਨੂੰ ਵਿਅਕਤੀਗਤ ਅਤੇ ਸਮਾਜਕ ਬੁਰਾਈਆਂ ਦੇ ਕਾਰਨਾਂ ਵਿੱਚੋਂ ਇੱਕ ਆਖਿਆ ਜਾਣ ਲੱਗ ਪਿਆ ਹੈ। ਭਵਿੱਖ ਵਿੱਚ ਭੈ ਦੇ ਵਤੀਰੇ ਨੂੰ ਆਦਰ ਆਖਿਆ ਜਾਣਾ