ਧੁਨੀ ਬਿੰਬ (ਚਿੰਨ੍ਹਕ) ਅਤੇ ਸੰਕਲਪ (ਚਿੰਨ੍ਹਤ) ਦਾ ਸੰਬੰਧ ਹੈ । ਚਿੰਨ੍ਹਕ ਅਤੇ ਚਿੰਨ੍ਹਤ ਆਪਸ ਵਿਚ ਪੂਰੀ ਤਰ੍ਹਾ ਜੁੜੇ ਹੁੰਦੇ ਅਤੇ ਇਕ ਦੂਸਰੇ ਉਪਰ ਨਿਰਭਰ ਕਰਦੇ ਹਨ। ਇਹ ਮਾਨਸਿਕ ਪ੍ਰਕਿਰਿਆ ਦੇ ਧਾਰਨੀ ਹਨ। ਕਿਸੇ ਵੀ ਚੀਜ਼ ਦਾ ਸੰਕਲਪ ਮਨੁੱਖੀ ਦਿਮਾਗ਼ ਵਿਚ ਬਣਿਆ ਹੁੰਦਾ ਹੈ। ਇਸ ਸੰਕਲਪ ਲਈ ਉਸ ਕੋਲ ਧੁਨੀ ਬਿੰਬ ਵੀ ਮੌਜੂਦ ਹੁੰਦਾ ਹੈ। ਸੰਕਲਪ ਨੂੰ ਧੁਨੀ ਬਿੰਬ ਨਾਲ ਸੰਬੰਧਿਤ ਕਰਕੇ ਦਿਮਾਗ ਉਚਾਰਨ ਅੰਗਾਂ ਨੂੰ ਉਦੇਸ਼ ਦਿੰਦਾ ਹੈ ਜਿਸਦੇ ਕਾਰਨ ਉਸ ਲਈ ਵਰਤਿਆ ਜਾਂਦਾ ਚਿੰਨ੍ਹ ਉਚਾਰਿਆ ਜਾਂਦਾ ਹੈ। ਇਸ ਨੂੰ ਹੋਰ ਸਪੱਸ਼ਟਤਾ ਲਈ ਨਿਮਨ ਲਿਖਤ ਚਿੱਤਰ ਤੋਂ ਸਮਝਿਆ ਜਾ ਸਕਦਾ ਹੈ।
ਇਹ ਚਿੰਨ੍ਹ ਪ੍ਰਬੰਧ ਟ੍ਰੈਫਿਕ ਸਿਸ਼ਟਮ ਨਾਲ ਸੰਬੰਧਿਤ ਹੈ । ਟ੍ਰੈਫਿਕ ਸਿਸਟਮ: ਲਾਲ -ਪੀਲੀ -ਹਰੀ ਬੱਤੀ
ਚਿੰਨ੍ਹਕ ਅਤੇ ਚਿੰਨ੍ਹਤ ਦਾ ਸੰਬੰਧ ਪ੍ਰਕਿਰਤਿਕ ਨੇਮਾਂ ਦੇ ਅਨੁਸਾਰ ਨਹੀਂ ਹੈ ਸਗੋਂ ਇਹ ਸੰਬੰਧ ਉਪਜਾਇਆ ਗਿਆ ਹੈ। ਇਹ ਮਾਨਵ ਸਿਰਜਤ ਹੈ ਜਿਹੜਾ ਆਪਣੇ ਅਰਥਾਂ ਦਾ ਸੰਚਾਰ ਵੀ ਮਾਨਵੀ ਸਮਾਜ ਵਿਚ ਹੀ ਕਰ ਸਕਦਾ ਹੈ। ਇਹ ਚਿੰਨ੍ਹ ਸਿਸਟਮ ਚਿੰਨ੍ਹ ਵਿਗਿਆਨ ਅਖਵਾਉਂਦਾ ਹੈ।
ਭਾਵੇਂ ਚਿੰਨ੍ਹ, ਚਿੰਨ੍ਹ ਵਿਗਿਆਨ ਦਾ ਬੁਨਿਆਦੀ ਤੱਤ ਹੈ ਪਰੰਤੂ ਸੰਰਚਨਾਤਮਕ ਅਧਿਐਨ ਚਿੰਨ੍ਹ - ਚਿੰਨ੍ਹਕ ਅਤੇ ਚਿੰਨ੍ਹਤ ਮਾਡਲ ਨੂੰ ਇਕ ਸੂਝ ਮਾਡਲ ਵਜੋਂ ਵਰਤ ਕੇ ਸਾਹਿਤਕ ਕਿਰਤਾ ਨੂੰ ਸਮਝਦਾ ਹੈ। ਸਾਹਿਤ ਸਿਸਟਮ ਤੇ ਸਾਹਿਤ ਸੰਰਚਨਾ ਨੂੰ ਚਿਹਨ ਸਿਸਟਮ ਵਜੇ ਅਧਿਐਨ ਹੇਠ ਲਿਆਂਦਾ ਜਾਂਦਾ ਹੈ। ਸਾਹਿਤ ਚਿਹਨਕ ਵੀ ਕੁਝ ਵਿਚਾਰਾਂ/ਭਾਵਾਂ ਨੂੰ ਚਿਹਨਤ ਕਰਦੇ ਹਨ। ਸਾਹਿਤ ਦੇ ਚਿਹਨਕਾਂ ਅਤੇ ਚਿਹਨਤਾਂ ਦਾ ਆਪਸੀ ਸੰਬੰਧ ਵੀ ਇਕ ਪੱਧਰ ਤੇ ਆਪ-ਹੁਦਰਾ ਹੁੰਦਾ ਹੈ ।"12
ਚਿੰਨ੍ਹ ਸਮਾਜਕ ਜੀਵਨ ਦੇ ਵਿਵਧ ਖੇਤਰਾਂ ਵਾਂਗ ਹੀ ਵਿਸ਼ਾਲ ਅਤੇ ਵਿਸਤ੍ਰਿਤ ਹੁੰਦੇ ਹਨ ਜਿਵੇਂ ਰਾਜਨੀਤਕ ਚਿੰਨ੍ਹ, ਸਭਿਆਚਾਰਕ ਚਿੰਨ੍ਹ ਧਾਰਮਿਕ ਚਿੰਨ੍ਹ ਅਤੇ ਸੁਹਜਾਤਮਕ ਚਿੰਨ੍ਹ ਆਦਿ। ਸਾਹਿਤਕ ਖੇਤਰ ਵਿਚ ਸਭਿਆਚਾਰਕ ਅਤੇ ਸੁਹਜਾਤਮਕ ਚਿੰਨ੍ਹਾਂ ਦਾ ਵਧੇਰੇ ਮਹੱਤਵ ਹੈ । ਸੁਹਜਾਤਮਕ ਚਿੰਨ੍ਹ ਮਾਨਵੀ ਸਮਾਜ ਵਿਚ ਵਿਚਾਰਾਂ/ਭਾਵਾਂ ਦੀ ਸ਼ਕਤੀ ਨੂੰ ਵਧੇਰੇ ਸ਼ਕਤੀਸ਼ਾਲੀ ਢੰਗ ਨਾਲ ਸੰਚਾਰਦੇ ਹਨ। ਸਾਹਿਤਕ ਸੰਰਚਨਾਵਾਂ ਵਿਚ ਹਰ ਤਰ੍ਹਾਂ ਦੇ ਚਿੰਨ੍ਹਾਂ ਨੂੰ ਦੇਖਿਆ ਜਾ ਸਕਦਾ ਹੈ ਪਰੰਤੂ ਉਨ੍ਹਾਂ ਦੀ ਅਹਿਮੀਅਤ ਤਾਂ ਹੀ ਹੁੰਦੀ ਹੈ ਜੇਕਰ ਉਨ੍ਹਾਂ ਵਿਚ ਸਾਹਿਤਕ ਗੁਣ ਹੋਣ ਸਾਹਿਤਕਤਾ ਤੋਂ ਬਿਨ੍ਹਾਂ ਉਹ ਸੁਹਜਾਤਮਕ ਅਰਥਾਂ ਰਾਹੀਂ ਸੰਚਾਰੇ ਨਹੀਂ ਜਾ ਸਕਦੇ। ਇਸ ਲਈ ਰਚਨਾਕਾਰ ਚਿੰਨ੍ਹ ਦੀ ਵਰਤੋਂ ਵਿਅਕਤੀਗਤ ਪ੍ਰਤਿਭਾ ਅਤੇ ਅਨੁਭਵ ਆਧਾਰਿਤ ਕਰਦਾ ਹੈ। ਸਾਹਿਤਕਾਰ ਚਿੰਨ੍ਹਾ ਰਾਹੀਂ ਆਪਣੇ ਅਰਥਾਂ ਨੂੰ ਸੰਚਾਰਦਾ ਹੈ ਅਤੇ ਚਿੰਨ੍ਹ ਆਪਣੇ ਵਿਚ ਅਰਥ ਦੀ ਬਹੁਪੱਖੀ ਪਰਤਾਂ ਨੂੰ ਸੰਜੋਅ ਕੇ ਰੱਖਦੇ ਹਨ। ਸੰਰਚਨਾਵਾਦੀ ਆਲੋਚਕ ਸਾਹਿਤਕ ਸੰਰਚਨਾ ਦੇ ਆਂਤਰਿਕ ਵਿਵੇਕ ਨੂੰ ਚਿੰਨ੍ਹਾਂ ਰਾਹੀਂ ਪਕੜਦਾ ਹੈ ਅਤੇ ਉਨ੍ਹਾਂ ਨੂੰ ਡੀਕੋਡ ਕਰਕੇ ਜਿਥੇ ਅਰਥਾਂ ਨੂੰ ਵਿਸਤਾਰਦਾ ਹੈ ਉਥੇ ਚਿੰਨ੍ਹ ਦੀ ਜਟਿਲਤਾ ਅਤੇ ਸਾਹਿਤ ਦੇ ਪ੍ਰਸੰਗ ਯੁਕਤ ਅਰਥਾਂ ਨੂੰ ਵੀ ਪ੍ਰਗਟ ਕਰਦਾ ਹੈ।