ਜਾਂਦਾ ਹੈ। ਸਾਹਿਤਕ ਰਚਨਾਵਾਂ ਦੇ ਵਿਸ਼ਲੇਸ਼ਣ ਲਈ ਇਹ ਦੋਵੇਂ ਪ੍ਰਕਾਰ ਦੇ ਸੰਬੰਧਾ ਦੇ ਅੰਤਰ ਨੂੰ ਨਿਮਨ ਲਿਖਤ ਕਥਨ ਵਧੇਰੇ ਸਪੱਸ਼ਟ ਰੂਪ `ਚ ਸਮਝਣ 'ਚ ਸਹਾਈ ਹੋਵੇਗਾ। ਵਿਨਿਆਸਕ੍ਰਮੀ (Syntagmatic) ਸੰਬੰਧ ਸਮੂਰਤ ਹੁੰਦੇ ਹਨ ਜਦ ਕਿ ਸਹਿਚਾਰੀ (Paradigmatic) ਸੰਬੰਧ ਅਮੂਰਤ ਹੁੰਦੇ ਹਨ। ਵਿਨਿਆਸਕ੍ਰਮੀ ਸੰਬੰਧਾਂ ਦੀ ਸਤਹਿ ਉਚਰਿਤ/ਲਿਖਤ ਭਾਸ਼ਾ ਹੁੰਦੀ ਹੈ ਜਦ ਕਿ ਸਹਿਚਾਰੀ ਸੰਬੰਧਾਂ ਦੀ ਸਤਹਿ ਭਾਸ਼ਾ ਪ੍ਰਯੋਗ ਕਰਨ ਵਾਲੇ ਦੇ ਮਨ ਵਿਚ ਹੁੰਦੀ ਹੈ। ਸੰਖੇਪ ਵਿਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਵਿਨਿਆਸਕ੍ਰਮੀ ਸੰਬੰਧਾਂ ਦੀ ਸਤਹਿ ਭੌਤਿਕ ਤੇ ਸਥੂਲ ਹੁੰਦੀ ਹੈ ਜਦ ਕਿ ਸਹਿਚਾਰੀ ਸੰਬੰਧਾਂ ਦੀ ਸਤਹਿ ਮਾਨਸਿਕ ਹੁੰਦੀ ਹੈ।" 16
ਸੰਰਚਨਾਵਾਦੀ ਆਲੋਚਨਾ ਸਾਸਿਓਰ ਦੇ ਭਾਸ਼ਾਈ ਮਾਡਲ ਨੂੰ ਸਾਹਿਤ ਅਧਿਐਨ ਅਤੇ ਕਾਵਿ-ਸ਼ਾਸਤਰ ਦੀ ਉਸਾਰੀ ਹਿੱਤ ਵਰਤਦੀ ਹੈ । ਰਚਨਾਕਾਰ/ਕਵੀ ਆਪਣੀ ਰਚਨਾ ਵਿਚ ਵਿਚਾਰਾਂ ਦੀ ਪੇਸ਼ਕਾਰੀ ਲਈ ਰੇਖਕੀ ਨਹੀਂ ਸਗੋਂ ਸਹਿਚਾਰੀ ਸੰਬੰਧਾਂ ਰਾਹੀਂ ਵਿਚਰਦਾ ਹੈ। ਰਚਨਾਕਾਰ ਵਾਕਾ ਵਿਚ ਇਕੋ ਜਿਹੇ ਧੁਨੀ ਗੁੱਟਾਂ ਵਿਚੋਂ ਸ਼ਬਦਾਂ ਦੀ ਚੋਣ ਕਰਦਾ ਹੈ। ਉਹ ਚੋਣ ਹੋਰ ਚਿੰਨ੍ਹਾਂ ਦੇ ਸਮਾਨਾਰਥੀ ਹੁੰਦੀ ਹੈ ਪਰੰਤੂ ਰਚਨਾਕਾਰ ਉਨ੍ਹਾਂ ਨੂੰ ਵਿਸ਼ੇਸ਼ ਅਰਥਾਂ ਦੇ ਸੰਚਾਰ ਹਿੱਤ ਵਰਤਦਾ ਹੈ। ਇਹ ਵਿਸ਼ੇਸ਼ ਅਰਥ ਪੈਰਾਡਿਗਮੈਟਿਕ ਸੰਬੰਧਾਂ ਦੀ ਨਿਸ਼ਾਨਦੇਹੀ ਕਰਦੇ ਹਨ।
ਰੋਮਨ ਜੈਕਬਸਨ ਜੋ ਮੂਲ ਤੌਰ ਤੇ ਭਾਸ਼ਾ ਵਿਗਿਆਨੀ ਸੀ, ਜਿਸ ਨੇ ਸਾਹਿਤ 'ਚ ਕਾਵਿ ਭਾਸ਼ਾ ਤੇ ਵਿਹਾਰ ਭਾਸ਼ਾ ਦਾ ਸੰਰਚਨਾਤਮਕ ਪੱਧਰ ਤੇ ਨਿਖੇੜਾ ਕਰਕੇ ਕਾਵਿ-ਸ਼ਾਸਤਰੀ ਅੰਤਰ ਦ੍ਰਿਸਟੀ ਉਤਪੰਨ ਕੀਤੀ। ਉਸ ਨੇ ਸਾਸਿਓਰ ਦੇ ਸਿੰਗਟੈਗਮੈਟਿਕ ਸੰਬੰਧਾਂ ਦੀ ਮਹੱਤਤਾ ਨੂੰ ਸਵੀਕਾਰ ਕਰਕੇ ਸਾਹਿਤ ਅਧਿਐਨ ਲਈ ਪੈਰਾਡਿਗਮੈਟਿਕ ਸੰਬੰਧਾਂ ਨੂੰ ਤਰਜੀਹ ਦਿੱਤੀ। ਇਸ ਨਾਲ ਹੀ ਉਸਨੇ ਮੈਟਾਫਰ (ਰੂਪਕ) ਮਿਟਾਨੋਮੀ (ਸੰਗਲੀ) ਦੀ ਸਿਰਜਣਾ ਰਾਹੀਂ ਸਾਹਿਤਕ ਸੰਰਚਨਾਵਾਂ ਨੂੰ ਸਮਝਣ ਦਾ ਯਤਨ ਕੀਤਾ। ਰੋਮਨ ਜੈਕਬਸਨ ਨੇ ਇਨ੍ਹਾਂ ਨੂੰ ਕਮਵਾਰ ਰੂਪਕ ਅਤੇ ਸੰਗਲੀ ਦਾ ਨਾਮ ਦਿੱਤਾ । ਵਸਤੂ ਅਤੇ ਸ਼ਬਦ ਵਿਚ ਸਾਂਝ ਦੀ ਪਛਾਣ ਨੂੰ ਰੂਪਕ ਆਖਿਆ ਜਾਂਦਾ ਹੈ । ਸਬਦਾਂ ਨੂੰ ਇਕ ਦੂਸਰੇ ਨਾਲ ਜੋੜ ਕੇ ਵਾਕ ਰਚਨਾ ਦਾ ਅਮਲ ਸ਼ੁਰੂ ਹੁੰਦਾ ਹੈ। ਇਸ ਨੂੰ ਜਾਕੇਬਸਨ ਸੰਗਲੀ ਸੰਗਠਨ ਦਾ ਨਾਮ ਦਿੰਦਾ ਹੈ।"17
ਰੂਪਕ ਦਾ ਕੇਂਦਰੀ ਲੱਛਣ ਸਮਾਨਤਾ ਹੁੰਦਾ ਹੈ। ਜਦੋਂ ਰਚਨਾਕਾਰ ਕਿਸੇ ਨੂੰ ਦੂਸਰੇ ਉਪਮਾਂ ਰਾਹੀਂ ਉਸਾਰਦਾ ਹੈ ਤਾਂ ਉਸ ਵਕਤ ਰੂਪਕ ਦੀ ਸਿਰਜਣਾ ਕਰਦਾ ਹੈ। ਕਵੀ ਦੋਹਾਂ ਵਿਚ ਅਜਿਹੀ ਸਮਾਨਤਾ ਪੈਦਾ ਕਰਦਾ ਹੈ ਕਿ ਇਕ ਦੂਸਰੇ ਦਾ ਬਦਲ ਬਣ ਜਾਂਦਾ ਹੈ । ਭਾਵ ਇਕ ਦੀ ਦੂਸਰੇ ਨਾਲ ਤਦਰੂਪੀ ਸਥਿਤੀ ਉਤਪੰਨ ਕਰਦਾ ਹੈ। ਜਿਵੇਂ:
ਮੈਂ ਦਰਦ ਕਹਾਣੀ ਰਾਤਾਂ ਦੀ
ਮੈਨੂੰ ਕੋਈ ਸਵੇਰਾ ਕੀ ਜਾਣੇ
ਜੋ ਰਾਤ ਪਈ ਸੌ ਜਾਂਦਾ ਹੈ
ਉਹ ਪੰਧ ਲੰਮੇਰਾ ਕੀ ਜਾਣੇ ।18
ਇਥੇ ਕਵੀ ਆਪਣੀ ਹੋਂਦ ਨੂੰ ਪ੍ਰਗਟਾਉਣ ਲਈ ਰੂਪਕਾਂ ਦੀ ਘਾੜਤ ਕਰ ਰਿਹਾ ਹੈ ਜਿਵੇਂ ਰਾਤਾਂ ਆਦਿ। ਇਹ ਰੂਪਕ ਦੀ ਘਾੜਤ ਨੂੰ ਰੋਮਨ ਜਾਕਬਸਨ ਮੈਟਾਫਰ ਦੀ ਸੰਗਿਆ ਦਿੰਦਾ ਹੈ। ਸੰਗਲੀ ਸੰਗਠਨ ਵਿਚ ਸਮਾਜਕ ਯਥਾਰਥ ਦੇ ਹੂ-ਬ-ਹੂ ਚਿਤ੍ਰਣ ਤੇ ਜ਼ੋਰ ਦਿੱਤਾ ਜਾਂਦਾ ਹੈ।