ਹੈ। ਭਾਵੇਂ ਇਹ ਇਥੇ ਸਿਰਫ ਹਰਿਭਜਨ ਸਿੰਘ ਦੀ ਆਲੋਚਨਾ ਦੇ ਪ੍ਰਸੰਗ ਵਿਚ ਹੈ ਪਰ ਇਹ ਸੰਰਚਨਾਵਾਦੀ ਪੰਜਾਬੀ ਆਲੋਚਨਾ ਦੇ ਪ੍ਰਸੰਗ ਵਿਚ ਵੀ ਉਤਨੀ ਹੀ ਮਹੱਤਵਪੂਰਨ ਹੈ "ਸਾਹਿਤਕ ਰੂਪਾਂ ਦੇ ਪਰਿਵਰਤਨ ਦੇ ਕਾਰਨ ਸਮਾਜਿਕ/ਆਰਥਿਕ/ਰਾਜਨੀਤਿਕ ਵਿਕਾਸ ਜਾਂ ਪਰਿਵਰਤਨ ਵਿਚ ਪਏ ਹੁੰਦੇ ਹਨ। ਤਿਆਨਿਆਵ ਅਤੇ ਜੈਕਬਸਨ ਨੇ 1927 ਵਿਚ ਜਾ ਕੇ ਕਿਤੇ ਇਹ ਗੱਲ ਮੰਨੀ ਕਿ ਸਾਹਿਤ ਦੀ ਖੁਦਮੁਖਤਾਰੀ ਸਾਪੇਖ ਹੈ ਨਿਰਪੇਖ ਨਹੀਂ। ਜਦੋਂ ਕਿ ਸਾਡਾ ਸੰਰਚਨਾਵਾਦੀ ਸਮੀਖਿਆਕਾਰ 1970 ਤੋਂ 1980 ਤੱਕ ਵੀ ਇਸ ਨੂੰ ਨਿਰਪੇਖ ਖੁਦਮੁਖਤਾਰੀ ਹੀ ਮੰਨਦਾ ਰਿਹਾ ।52
ਸਾਹਿਤ ਦੀ ਨਿਰਪੇਖ ਖੁਦਮੁਖਤਾਰੀ ਕਰਕੇ ਬਹੁਤ ਸਾਰੇ ਵਿਵਾਦ ਗ੍ਰਸਤ ਮਸਲੇ ਇਸ ਵਿਧੀ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੇ ਮਹੱਤਵਪੂਰਨ ਪੱਖ ਨੂੰ ਅਗਾਂਹ ਵਿਚਾਰਧਾਰਕ ਪਛਾਣ ਚਿੰਨ੍ਹਾਂ 'ਚ ਪਛਾਨਣ ਦਾ ਯਤਨ ਕਰਾਂਗੇ।
ਪੰਜਾਬੀ ਸੰਰਚਨਾਵਾਦੀ ਆਲੋਚਨਾ ਪੰਜਾਬੀ ਸਾਹਿਤ ਦਾ ਵਿਹਾਰਕ ਅਧਿਐਨ ਵੀ ਪ੍ਰਸਤੁਤ ਕਰਦੀ ਹੈ ਜਿਸਦੀਆਂ ਮੂਲ ਸਥਾਪਨਾਵਾਂ 'ਚੋਂ ਕਈ ਅਹਿਮ ਸਵਾਲ ਉਭਰਦੇ ਹਨ। ਸੰਰਚਨਾਵਾਦੀ ਆਲੋਚਨਾ ਪਾਠਾਂ ਦਾ ਨਿਕਟ ਅਧਿਐਨ ਪੇਸ਼ ਕਰਦੀ ਹੈ ਇਸੇ ਕਾਰਨ ਬਹੁਤੀ ਆਲੋਚਨਾ ਪਾਠ ਆਧਾਰਿਤ ਇਕਹਿਰੇ ਪਾਠਾਂ ਨਾਲ ਸੰਬੰਧਿਤ ਪ੍ਰਾਪਤ ਹੁੰਦੀ ਹੈ। ਇਸ ਵਿਚ ਧਾਰਾਗਤ ਸਾਹਿਤ ਦਾ ਅਧਿਐਨ ਬਹੁਤ ਘੱਟ ਹੈ। ਸਮੁੱਚਾ ਕਿਸੇ ਕਵੀ ਦਾ ਪਾਠ-ਚੁਣ ਲਿਆ ਜਾਂਦਾ ਹੈ । ਰੂਪਵਾਦੀ ਚਿੰਤਨ ਵਲੋਂ ਕੀਤਾ ਗਿਆ ਸਾਹਿਤ ਪਾਠ ਅਜੋਕੀ ਸੰਰਚਨਾਵਾਦੀ ਪੰਜਾਬੀ ਆਲੋਚਨਾ ਦੇ ਮੇਚਦਾ ਨਹੀਂ। ਇਸ ਲਈ ਪਿਛਲੇ ਸਮੇਂ ਦੇ ਇਸ ਸਾਹਿਤ-ਪਾਠ ਦੇ ਅਧਿਐਨ ਨੂੰ ਇਹ ਨਕਾਰਦੀ ਹੈ। "ਪਿਛਲੇ 10-15 ਸਾਲਾਂ ਵਿਚ ਪੰਜਾਬੀ ਸਮੀਖਿਆ ਤਕਨੀਕੀ ਆਧਾਰਾਂ ਤੇ ਰੂਪਵਾਦੀ ਸੰਕਲਪਾਂ ਦੀ ਮੱਦਦ ਨਾਲ ਸਾਹਿਤ ਦੇ ਸਮੂਰਤ ਪਾਠ ਤੋਂ ਪਲਾਇਣ ਕਰਦੀ ਰਹੀ ਹੈ । " ਸੰਰਚਨਾਵਾਦੀ ਆਲੋਚਨਾ ਰਚਨਾਵਾਂ ਦਾ ਪਾਠ ਆਧਾਰਿਤ ਅਧਿਐਨ ਕਰਦੀ ਹੈ। ਇਸ ਆਲੋਚਨਾ ਪ੍ਰਣਾਲੀ ਦਾ ਅਧਿਐਨ ਵਸਤੂ ਕਾਵਿ ਸਿਧਾਂਤ ਤੋਂ ਲੈ ਕੇ ਕਾਵਿ ਸਾਰਥਕਤਾ ਤੱਕ ਦਾ ਹੈ, ਪਰੰਤੂ ਬਹੁਤਾ ਇਸਦਾ ਸਰੋਕਾਰ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਮਾਡਲਾਂ ਦੇ ਇਕਹਿਰੇਪਣ ਨਾਲ ਸੰਬੰਧਿਤ ਹੈ। ਇਸੇ ਕਰਕੇ ਰਚਨਾਵਾਂ ਦੇ ਇਤਿਹਾਸਕ ਮਹੱਤਵ ਨੂੰ ਨਕਾਰ ਦਿੰਦੀ ਹੈ। ਸੰਰਚਨਾਵਾਦੀ ਪੰਜਾਬੀ ਆਲੋਚਨਾ ਵਿਚ ਪੰਜਾਬੀ ਸਾਹਿਤ ਦਾ ਵਿਹਾਰਕ ਅਧਿਐਨ ਗੁਰਮਤਿ, ਸੂਫੀ, ਕਿੱਸਾ, ਵਾਰ ਅਤੇ ਆਧੁਨਿਕ ਸਾਹਿਤ ਤੱਕ ਫੈਲਿਆ ਹੋਇਆ ਹੈ। ਵਿਹਾਰਕ ਆਲੋਚਨਾ ਦੇ ਪਰਿਪੇਖ ਨੂੰ ਦੇਖਦਿਆਂ ਇਸ ਆਲੋਚਨਾ ਵਿਚ ਸਵੈ-ਵਿਰੋਧ, ਦਵੈਖ ਦੀ ਭਾਵਨਾ, ਮਕਾਨਕੀਪਣ ਅਤੇ ਸਿਧਾਂਤਕ ਮੋਹ ਸਦਕਾ ਰਚਨਾਵਾਂ ਨੂੰ ਦੁਜੈਲਾ ਸਥਾਨ ਅਤੇ ਸਿਧਾਂਤ ਨੂੰ ਅਗ੍ਰਭੂਮਨ, ਘਟਾਉਵਾਦੀ ਬਿਰਤੀ ਅਤੇ ਵਿਸ਼ਵ ਚਿੰਤਨ ਦੇ ਹਾਣ ਦਾ ਅਧਿਐਨ ਅਤੇ ਸੰਬਾਦ ਤੋਂ ਕੋਰੇ ਹੋਣਾ ਆਦਿਕ ਸਹਿਜੇ ਹੀ ਦੇਖਿਆ ਜਾ ਸਕਦਾ ਹੈ।
ਸਾਹਿਤ ਰਚਨਾ ਦੇ ਵਿਸ਼ਲੇਸਣ ਨੂੰ ਸਾਹਿਤਕਤਾ ਦੇ ਨਿਰਪੇਖ ਅਤੇ ਅਮੂਰਤ ਵਿਧਾਨ ਵਿਚ ਉਸਾਰਦਿਆਂ ਸੰਰਚਨਾਵਾਦੀ ਸਾਹਿਤ ਸਿਧਾਂਤਕਾਰੀ ਸਾਹਿਤ ਰਚਨਾ ਦੀ ਇਤਿਹਾਸਕ ਮਹੱਤਤਾ ਨੂੰ ਘਟਾਉਣ ਵੱਲ ਰੁਚਿਤ ਹੈ। ਗੁਰਮਤਿ ਸਾਹਿਤ, ਕਿੱਸਾ ਸਾਹਿਤ ਅਤੇ ਸੂਫ਼ੀ ਸਾਹਿਤ ਦੀ ਵਿਹਾਰਕ ਆਲੋਚਨਾ ਇਸਦਾ ਪਰਿਚੈ ਦਿੰਦੀ ਹੈ । ਮੱਧਕਾਲੀ ਪੰਜਾਬੀ ਸਾਹਿਤ ਦੀ ਵਿਆਖਿਆ ਸਮੇਂ ਉਨ੍ਹਾਂ ਇਤਿਹਾਸਕ, ਦਾਰਸ਼ਨਿਕ ਅਤੇ ਸਭਿਆਚਾਰਕ ਸਭ ਸੁਆਲਾਂ ਨੂੰ ਛੱਡ ਦਿੱਤਾ ਗਿਆ ਹੈ ਜਿਨ੍ਹਾਂ ਦੀ ਅਹਿਮੀਅਤ ਸਦਕਾ ਮੱਧਕਾਲੀ ਸਾਹਿਤ ਦੀ ਵਿਲੱਖਣਤਾ ਸਥਾਪਤ ਹੁੰਦੀ ਹੈ। ਯੁੱਗ ਚੇਤਨਾ ਦੇ