ਸਾਹਿਤ, ਆਲੋਚਨਾ ਅਤੇ ਵਿਚਾਰਧਾਰਾ ਦਾ
ਸਿਧਾਂਤਕ ਪਰਿਪੇਖ
ਵਿਚਾਰਧਾਰਾ ਮਾਨਵੀ ਇਤਿਹਾਸ ਅਤੇ ਸਮਾਜਕ ਪ੍ਰਕਿਰਿਆ ਨਾਲ ਜੁੜਿਆ ਹੋਣ ਕਰਕੇ ਸਮਾਜਕ ਚੇਤਨਤਾ ਦਾ ਇਕ ਪ੍ਰਗਟਾਅ ਮਾਧਿਅਮ ਹੈ। ਇਸ ਦਾ ਮਾਨਵੀ ਸਮਾਜ ਦੇ ਆਰੰਭ ਤੋਂ ਹੀ ਸਮਾਜੀ ਵਿਕਾਸ ਦੀ ਪ੍ਰਕਿਰਿਆ ਦੀ ਨਿਰੰਤਰਤਾ ਨਾਲ ਆਪਣਾ ਸਰੂਪ ਅਤੇ ਸੁਭਾਅ ਪ੍ਰਵਰਤਿਤ ਹੁੰਦਾ ਰਿਹਾ ਹੈ। ਇਹ ਸਮਾਜਕ ਚੇਤਨਤਾ ਅਤੇ ਬਾਹਰਮੁਖੀ ਯਥਾਰਥ ਦੀ ਅੰਤਰਕਿਰਿਆ ਦਾ ਨਤੀਜਾ ਹੋਣ ਕਰਕੇ ਇਸ ਦੇ ਆਧਾਰ ਨੂੰ ਇਤਿਹਾਸਕ ਸਮਾਜਕ ਪ੍ਰਸੰਗ ਰਾਹੀਂ ਸਮਝਣਾ ਹੀ ਅਨਿਵਾਰੀ ਹੈ। ਵਿਚਾਰਧਾਰਾ ਅਤੇ ਵਿਚਾਰਧਾਰਕ ਆਧਾਰਾਂ ਨੂੰ ਸਮਝਣ ਪ੍ਰਤੀ ਮਾਨਵੀ ਚਿੰਤਨ ਵਿਚ ਦੋ ਪ੍ਰਮੁੱਖ ਰੁਝਾਨ ਪ੍ਰਾਪਤ ਹੁੰਦੇ ਹਨ ਜਿਹੜੇ ਕਿ ਬੁਨਿਆਦੀ ਤੌਰ ਤੇ ਚੇਤਨਾ ਅਤੇ ਪਦਾਰਥ ਦੀ ਪ੍ਰਾਥਮਿਕਤਾ ਨਾਲ ਸੰਬੰਧਿਤ ਹਨ। ਚੇਤਨਾ ਅਤੇ ਪਦਾਰਥ ਦਾ ਰਿਸ਼ਤਾ ਵਿਸ਼ਵ ਦੇ ਸਮੁੱਚੇ ਦਰਸ਼ਨ ਦਾ ਮੁੱਖ ਅਤੇ ਬੁਨਿਆਦੀ ਸੁਆਲ ਰਿਹਾ ਹੈ। ਇਸੇ ਕਾਰਨ ਹੀ ਦਰਸ਼ਨ ਵਿਚ ਦੇ ਚਿੰਤਨ ਧਾਰਾਵਾਂ ਉੱਭਰ ਕੇ ਸਾਹਮਣੇ ਆਈਆਂ, ਜੋ ਇਸੇ ਸੁਆਲ ਉਤੇ ਮੁੱਢੋਂ ਹੀ ਵੱਖਰੀਆਂ ਅਤੇ ਬੇਜੋੜ ਹਨ। "ਭੌਤਿਕਵਾਦ ਅਤੇ ਭਾਵਵਾਦ ਦਰਸ਼ਨ ਸ਼ਾਸਤਰ ਦੇ ਦੇ ਪ੍ਰਧਾਨ ਦਲ ਹਨ, ਜਿਨ੍ਹਾਂ ਦਾ ਭੇਦ ਦਰਸ਼ਨ ਸ਼ਾਸਤਰ ਦੇ ਮੁੱਖ ਸੁਆਲ ਦੇ ਪ੍ਰਤੀ ਉਸਦੇ ਭਿੰਨ ਰੁਖ ਦੇ ਕਾਰਨ ਹੈ। ਉਹ ਮੁੱਖ ਸੁਆਲ ਹੈ ਮਨ ਅਤੇ ਭੂਤ, ਵਿਚਾਰ ਅਤੇ ਅਸਤਿਤਵ ਦੇ ਪਰਸਪਰ ਸਬੰਧਾਂ ਦਾ ਸੁਆਲ ।"1
ਆਦਰਸ਼ਵਾਦੀ ਚਿੰਤਨਧਾਰਾ ਚੇਤਨਾ ਨੂੰ ਪ੍ਰਾਥਮਿਕਤਾ ਦੇ ਕੇ ਪ੍ਰਕਿਰਤੀ ਅਤੇ ਸਮਾਜ ਦੇ ਨੇ ਮਾਂ ਦੀ ਸਮਝ ਦਾ ਆਧਾਰ ਪ੍ਰਯਾਪਤ ਕਰਦੀ ਹੈ, ਜਦੋਂ ਕਿ ਪਦਾਰਥਵਾਦ ਪਦਾਰਥ ਦੀ ਪ੍ਰਾਥਮਿਕਤਾ ਤੇ ਬਲ ਦੇ ਕੇ ਚੇਤਨਾ ਨੂੰ ਦਵੰਦਾਤਮਕ ਨੇਮ ਰਾਹੀਂ ਜਾਨਣ ਦਾ ਆਧਾਰ ਪ੍ਰਸਤੁਤ ਕਰਦਾ ਹੈ। ਇਨ੍ਹਾਂ ਦੋਹਾਂ ਧਾਰਾਵਾਂ ਵਿਚ ਵਿਚਾਰਧਾਰਾ ਦਾ ਸਰੂਪ ਅਤੇ ਸੁਭਾਅ ਮੂਲੇ ਹੀ ਵੱਖਰਾ ਹੈ।
"ਇਸੇ ਲਈ ਪਲੈਟੋ ਤੋਂ ਹੀਗਲ ਤੱਕ ਅਤੇ ਉਸ ਤੋਂ ਬਾਅਦ ਦੀ ਸਮੁੱਚੀ ਆਦਰਸ਼ਵਾਦੀ ਚਿੰਤਨ-ਧਾਰਾ ਦੇ ਪ੍ਰਸੰਗ ਵਿਚ ਵਿਚਾਰਧਾਰਾ ਦੇ ਸੰਕਲਪ ਦਾ ਇਕ ਮੂਲੋਂ ਵੱਖਰਾ ਸੁਭਾਅ ਤੇ ਅਰਥ ਹੈ। ਪਦਾਰਥਵਾਦੀ ਦਰਸ਼ਨ ਦੇ ਅੰਤਰਗਤ ਮਾਰਕਸ ਤੇ ਏਂਗਲਜ਼ ਦੁਆਰਾ ਵਿਕਸਿਤ ਇਤਿਹਾਸਕ ਪਦਾਰਥਵਾਦ ਦੇ ਅੰਤਰਗਤ ਵਿਚਾਰਧਾਰਾ ਪਹਿਲੀ ਵਾਰ ਵਿਗਿਆਨਕ ਅਰਥਾਂ ਵਾਲੇ ਮੂਲੋਂ ਵੱਖਰੇ ਇਕ ਇਤਿਹਾਸਕ ਪ੍ਰਵਰਗ ਦੇ ਰੂਪ ਵਿਚ ਸਥਾਪਤ ਹੁੰਦੀ ਹੈ।"2 ਵਿਚਾਰਧਾਰਾ ਨੂੰ ਇਕ ਇਤਿਹਾਸਕ ਸੰਕਲਪ ਜਾਂ ਪ੍ਰਵਰਗ ਵਜੋਂ ਸਮਝਣ ਲਈ ਇਸ ਨੂੰ ਸਮਾਜਕ ਚੇਤਨਤਾ ਦੇ ਪ੍ਰਗਟਾਅ ਮਾਧਿਅਮ