ਹਨ । ਇਉਂ ਇਸ ਆਦਰਸ਼ਵਾਦੀ ਪ੍ਰਵਿਰਤੀ ਅਨੁਸਾਰ ਮਨੁੱਖ ਦੀ ਅਕਲ, ਬੌਧਿਕਤਾ, ਵਿਚਾਰ ਮਨੋਰਥ ਜਾਂ ਸਮੁੱਚੇ ਰੂਪ ਵਿਚ ਚੇਤਨਾ ਹੀ ਹੈ ਜੋ ਮਾਨਵੀ ਸਮਾਜ ਨੂੰ ਮਿਥਦੇ ਹਨ।
ਦੋਹਾਂ ਪ੍ਰਵਿਰਤੀਆਂ ਵਿਚੋਂ ਪਦਾਰਥਵਾਦੀ ਪਹੁੰਚ ਵਿਧੀ ਸਮਾਜ, ਸਮਾਜਕ ਅਤੇ ਪ੍ਰਕਿਰਤਕ ਵਰਤਾਰਿਆਂ ਪ੍ਰਤੀ ਸਹੀ, ਵਿਗਿਆਨਕ ਅਤੇ ਬਾਹਰਮੁਖੀ ਆਧਾਰ ਪ੍ਰਦਾਨ ਕਰਦੀ ਹੈ ਜਦੋਂ ਕਿ ਵਿਚਾਰਵਾਦੀ ਪ੍ਰਵਿਰਤੀ ਸਮੁੱਚੇ ਵਰਤਾਰਿਆ ਪ੍ਰਤੀ ਝੂਠਾ, ਅਵਿਗਿਆਨਕ ਅਤੇ ਅੰਤਰਮੁਖੀ ਆਧਾਰ ਪ੍ਰਦਾਨ ਕਰਦੀ ਹੈ। ਇਸ ਲਈ ਹਰ ਵਰਤਾਰੇ ਦੇ ਤਰਕਸੰਗਤ ਵਿਵੇਚਨ ਪ੍ਰਤੀ ਸਾਰਥਕ ਸਿੱਟੇ ਬਾਹਰਮੁਖੀ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਹੀ ਪ੍ਰਯਾਪਤ ਹੋ ਸਕਦੇ ਹਨ। ਦੋਹਾਂ ਪਹੁੰਚ ਵਿਧੀਆਂ ਦੇ ਬੁਨਿਆਦੀ ਅੰਤਰ ਪ੍ਰਤੀ ਵਿਚਾਰ-ਚਰਚਾ ਕਰਦਾ ਹੋਇਆ ਇਕ ਦਰਸ਼ਨਵੇਤਾ ਲਿਖਦਾ ਹੈ, ਭੌਤਿਕਵਾਦੀ ਵਿਸ਼ਵ ਦ੍ਰਿਸ਼ਟੀਕੋਣ, ਵਿਸ਼ਵ ਨੂੰ ਉਸ ਰੂਪ ਵਿਚ ਦੇਖਦਾ ਹੈ, ਜਿਸ ਤਰ੍ਹਾਂ ਦਾ ਉਹ ਹੈ, ਉਸ ਵਿਚ ਬਾਹਰੋਂ ਕੁਝ ਨਹੀਂ ਜੋੜਦਾ ਜਦਕਿ ਭਾਵਵਾਦ (ਵਿਚਾਰਵਾਦ) ਵਿਸ਼ਵ ਦਾ ਗਲਤ ਅਵਲੋਕਨ. ਇਕ ਝੂਠਾ ਵਿਸ਼ਵ-ਦ੍ਰਿਸ਼ਟੀਕੋਣ ਪ੍ਰਸਤੁਤ ਕਰਦਾ ਹੈ।
ਮਾਨਵੀ ਸਮਾਜ ਦਾ ਬੁਨਿਆਦੀ ਆਧਾਰ ਸਮਾਜਕ ਪੈਦਾਵਾਰ ਹੈ । ਇਸ ਪੈਦਾਵਰ ਦੇ ਆਧਾਰ ਤੇ ਹੀ ਮਨੁੱਖ ਸਮਾਜਕ ਸੰਬੰਧਾਂ ਵਿਚ ਬੱਝਦੇ ਹਨ ਅਤੇ ਸਮਾਜ ਦਾ ਸਾਰਾ ਦਾਰੋਮਦਾਰ ਇਸ ਉਪਰ ਹੀ ਨਿਰਭਰ ਕਰਦਾ ਹੈ। ਜਿਸ ਤਰ੍ਹਾਂ ਦੀ ਪੈਦਾਵਰੀ ਪ੍ਰਣਾਲੀ ਦਾ ਸੁਭਾਅ ਹੋਵੇਗਾ ਬਿਲਕੁਲ ਉਸ ਤਰ੍ਹਾਂ ਹੀ ਸਮਾਜਕ ਚੇ ਤਨਾ ਦਾ ਸੁਭਾਅ ਹੋਵੇਗਾ। ਭਾਵ ਸਮਾਜਕ ਚੇਤਨਤਾ ਦਾ ਖ਼ਾਸਾ ਪੈਦਾਵਰੀ ਪ੍ਰਣਾਲੀ ਦੇ ਅਨੁਕੂਲ ਹੁੰਦਾ ਹੈ। ਜੇਕਰ ਪੈਦਾਵਰੀ ਪ੍ਰਣਾਲੀ ਦਾ ਸੁਭਾਅ ਜਮਾਤੀ ਹੈ ਤਾਂ ਸਮਾਜਕ ਚੇਤਨਤਾ ਨਿਸ਼ਚੇ ਹੀ ਜਮਾਤੀ ਸੁਭਾਅ ਅਤੇ ਖਾਸੇ ਵਾਲੀ ਹੋਵੇਗੀ । ਇਸੇ ਸੰਦਰਭ ਵਿਚ ਆਧਾਰ ਅਤੇ ਪਰਾ-ਸੰਰਚਨਾ ਨੂੰ ਕਾਰਲ ਮਾਰਕਸ ਸਾਰਗਰਭਿਤ ਸ਼ਬਦਾਂ ਰਾਹੀਂ ਪ੍ਰਸਤੁਤ ਕਰਦਾ ਹੈ, ਮਨੁੱਖ ਆਪਣੇ ਜੀਵਨ ਦੀ ਸਮਾਜਿਕ ਪੈਦਾਵਰ ਵਿਚ ਅਜਿਹੇ ਨਿਸ਼ਚਿਤ ਸਬੰਧਾਂ ਵਿਚ ਬੱਝਦੇ ਹਨ ਜੋ ਲਾਜ਼ਮੀ ਤੇ ਉਨ੍ਹਾਂ ਦੀ ਇੱਛਾ ਤੋਂ ਸੁਤੰਤਰ ਹੁੰਦੇ ਹਨ। ਪੈਦਾਵਰ ਦੇ ਇਹ ਸੰਬੰਧ ਪੈਦਾਵਰ ਦੀਆਂ ਪਦਾਰਥਕ ਸ਼ਕਤੀਆਂ ਦੇ ਵਿਕਾਸ, ਇਕ ਨਿਸ਼ਚਿਤ ਪੜਾਅ ਦੇ ਅਨੁਸਾਰੀ ਹੁੰਦੇ ਹਨ। ਇਹ ਪੈਦਾਵਰੀ ਸੰਬੰਧਾ ਦਾ ਸਮੁੱਚ ਹੀ ਸਮਾਜ ਦਾ ਆਰਥਕ ਢਾਂਚਾ ਜਾਂ ਅਸਲ ਬੁਨਿਆਦ ਹੈ। ਜਿਸ ਉਤੇ ਕਾਨੂੰਨੀ ਅਤੇ ਰਾਜਨੀਤੀ ਦਾ ਉਸਾਰ ਖੜ੍ਹਾ ਹੁੰਦਾ ਹੈ ਅਤੇ ਇਸਦੇ ਅਨੁਕੂਲ ਹੀ ਸਮਾਜਕ ਚੇਤਨਾ ਦੇ ਨਿਸ਼ਚਿਤ ਰੂਪ ਹੁੰਦੇ ਹਨ। ਪਦਾਰਥਕ ਜੀਵਨ ਦੀ ਪੈਦਾਵਰੀ ਪ੍ਰਣਾਲੀ ਹੀ ਜੀਵਨ ਦੀ ਆਮ ਸਮਾਜਕ ਰਾਜਨੀਤਕ ਅਤੇ ਬੌਧਿਕ ਪ੍ਰਕਿਰਿਆ ਨੂੰ ਨਿਰਧਾਰਿਤ ਕਰਦੀ ਹੈ।
ਵਿਚਾਰਧਾਰਾ ਸਮਾਜਕ ਚੇਤਨਤਾ ਦੇ ਪ੍ਰਗਟਾਅ ਮਾਧਿਅਮ ਵਜੋਂ ਸਮਾਜਿਕ ਚੇਤਨਤਾ ਦੇ ਬਾਕੀ ਰੂਪ ਦਰਸ਼ਨ, ਧਰਮ, ਰਾਜਨੀਤੀ, ਵਿਗਿਆਨ, ਸੁਹਜਾਤਮਿਕ ਵਿਚਾਰ, ਸਾਹਿਤ ਅਤੇ ਕਲਾ ਦਾ ਵਿਚਾਰ ਪ੍ਰਬੰਧ ਹੁੰਦੀ ਹੋਈ ਇਨ੍ਹਾਂ ਸਭ ਨਾਲ ਅੰਤਰ-ਸਬੰਧਿਤ ਵੀ ਹੁੰਦੀ ਹੈ। ਇਸ ਕਾਰਨ ਵਿਚਾਰਧਾਰਾ ਗਿਆਨ ਮੀਮਾਂਸਾ ਦੇ ਖੇਤਰ ਦਾ ਪ੍ਰਵਰਗ ਬਣ ਜਾਂਦੀ ਹੈ । ਵਿਚਾਰਧਾਰਾ ਨੂੰ ਸਮਝਣ ਅਤੇ ਪਰਿਭਾਸ਼ਤ ਕਰਨ ਲਈ ਇਤਿਹਾਸਕ ਪਹੁੰਚ ਵਿਧੀ ਰਾਹੀਂ ਵਿਗਿਆਨਕ ਅਤੇ ਸਾਰਥਕ ਨਤੀਜਿਆਂ ਤੇ ਪਹੁੰਚਿਆ ਜਾ ਸਕਦਾ ਹੈ। ਇਸੇ ਦ੍ਰਿਸ਼ਟੀਕੋਣ ਤੋਂ ਅਸੀਂ ਇਸ ਇਤਿਹਾਸਕ ਪ੍ਰਵਰਗ ਨੂੰ ਤਰਕਸੰਗਤ ਢੰਗ ਨਾਲ ਪ੍ਰਸਤੁਤ ਕਰ ਸਕਦੇ ਹਾਂ।
ਵਿਚਾਰਧਾਰਾ ਦਾ ਸੰਕਲਪ : ਆਮ ਸ਼ਬਦਾਂ ਵਿਚ ਵਿਚਾਰਧਾਰਾ ਨੂੰ ਵਿਚਾਰਾਂ ਦੀ ਪ੍ਰਣਾਲੀ ਜਾਂ ਵਿਚਾਰਾਂ ਦਾ ਵਿਗਿਆਨ ਵੀ ਕਿਹਾ ਜਾਂਦਾ ਹੈ । ਵਿਚਾਰਧਾਰਾ ਦਾ ਬੁਨਿਆਦੀ ਤੌਰ ਤੇ