ਵੀ ਪੰਜਾਬੀ ਆਲੋਚਨਾਤਮਕ ਸੰਸਕਾਰ ਦਾ ਆਰੰਭ ਇਹੋ ਮੰਨਦਾ ਹੈ।16 ਇਸੇ ਤਰ੍ਹਾ ਸੁਤਿੰਦਰ ਸਿੰਘ, 17 ਮਹਿੰਦਰ ਪਾਲ ਕੋਹਲੀ,18 ਮਨਜੀਤ ਸਿੰਘ19 ਅਤੇ ਸਿੰਦਰਪਾਲ ਸਿੰਘ20 ਆਦਿਕ ਸਾਹਿਤ ਅਧਿਏਤਾ ਬਾਵਾ ਬੁੱਧ ਸਿੰਘ ਤੋਂ ਪੰਜਾਬੀ ਆਲੋਚਨਾ ਦਾ ਆਰੰਭ ਇਤਿਹਾਸਕ ਰੂਪ 'ਚ ਪ੍ਰਵਾਨ ਕਰਦੇ ਹਨ। ਪੰਜਾਬੀ ਆਲੋਚਨਾ ਖੇਤਰ ਵਿਚ ਬਾਵਾ ਬੁੱਧ ਸਿੰਘ ਪਹਿਲਾ ਸਾਹਿਤ ਖੋਜੀ, ਅਧਿਐਨ ਕਰਤਾ ਹੈ। ਉਸ ਤੋਂ ਪਹਿਲਾਂ ਪੰਜਾਬੀ ਸਾਹਿਤ ਦੇ ਆਲੋਚਨਾਤਮਕ ਵਿਵੇਕ ਅਤੇ ਚੇਤਨਾ ਦੀ ਅਣਹੋਂਦ ਸੀ। ਇਕੋ ਸਮੇਂ ਬਾਵਾ ਬੁੱਧ ਸਿੰਘ ਨੇ ਸਾਹਿਤਕ ਖੋਜ, ਟਿੱਪਣੀਆਂ ਆਦਿ ਨਾਲ ਸਮੁੱਚਤਾ ਵਿਚ ਪੰਜਾਬੀ ਸਾਹਿਤ ਨੂੰ ਸਾਹਮਣੇ ਲਿਆਂਦਾ । ਇਸ ਕਾਲ ਵਿਚ ਸਾਹਿਤ ਆਲੋਚਨਾ ਸਾਹਿਤ ਸਿਧਾਂਤ, ਸਾਹਿਤ ਇਤਿਹਾਸ ਅਤੇ ਸਾਹਿਤ ਖੋਜ ਦੇ ਅੱਡੇ ਅੱਡਰੇ, ਨਿੱਖੜਵੇ ਖੇਤਰਾ ਅਤੇ ਰੀਤੀਆ ਦੀ ਪਛਾਣ ਨਹੀਂ ਹੋਈ, ਇਸੇ ਕਰਕੇ ਬਾਵਾ ਬੁੱਧ ਸਿੰਘ ਦੇ ਕਾਰਜ ਵਿਚ ਇਹ ਅਨੁਸ਼ਾਸਨ ਮਿਸ਼ਰਤ ਅਵਸਥਾ ਵਿਚ ਹਨ।21
ਬਾਵਾ ਬੁੱਧ ਸਿੰਘ ਦੀਆਂ ਆਲੋਚਨਾ ਪੁਸਤਕਾਂ ਹੰਸ ਚੋਗ, ਕੋਇਲ ਕੂ, ਬੰਬੀਹਾ ਬੋਲ ਅਤੇ ਪ੍ਰੇਮ ਕਹਾਣੀ ਦੀ ਰਚਨਾ ਰਾਹੀਂ ਆਲੋਚਨਾ ਦੀ ਮੁੱਢਲੀ ਪਛਾਣ ਸਥਾਪਤ ਹੁੰਦੀ ਹੈ। ਇਨ੍ਹਾਂ ਦੁਆਰਾ ਉਸਨੇ ਆਪਣੇ ਪੁਰਾਣੇ ਵਿਰਸੇ ਨੂੰ ਸੰਭਾਲਣ ਦਾ ਮਹੱਤਵਪੂਰਨ ਕਾਰਜ ਅਤੇ ਸਾਹਿਤਕ ਰਚਨਾਵਾਂ ਨੂੰ ਸਾਹਿਤ ਪ੍ਰੇਮੀਆਂ ਲਈ ਇਕੱਠਿਆਂ ਕਰਕੇ ਪ੍ਰਦਾਨ ਕੀਤਾ ਹੈ । ਬਾਵਾ ਬੁੱਧ ਸਿੰਘ ਦਾ ਵਧੇਰੇ ਜ਼ੋਰ ਸਾਹਿਤਕ ਭੰਡਾਰ ਨੂੰ ਇਕੱਠਿਆ ਕਰਨ ਉਪਰ ਸੀ । ਹਰਿਭਜਨ ਸਿੰਘ ਅਨੁਸਾਰ, "ਬਾਵਾ ਬੁੱਧ ਸਿੰਘ ਪੰਜਾਬੀ ਸਾਹਿਤ ਭੰਡਾਰ ਨੂੰ ਇਕ ਥਾਂ ਇਕੱਠਾ ਕਰਨ ਦੇ ਆਹਰ ਵਿਚ ਸੀ।22 ਸਾਹਿਤਕ ਵਿਰਸੇ ਨੂੰ ਸੰਭਾਲਣ ਦੇ ਨਾਲ ਨਾਲ ਉਸਨੇ ਜੀਵਨੀ ਮੂਲਕ ਵਿਆਖਿਆ ਵੀ ਕੀਤੀ। ਬਾਵਾ ਬੁੱਧ ਸਿੰਘ ਜੀਵਨ ਦੇ ਵਿਚੋਂ ਸੰਬੰਧੀ ਵੇਰਵਿਆਂ ਨੂੰ ਚੁਣਕੇ ਫਿਰ ਸਾਹਿਤਕ ਰਚਨਾ ਦੀ ਪ੍ਰਭਾਵਮਈ ਵਿਆਖਿਆ ਕਰਦਾ ਹੈ। ਹੰਸ ਚੋਗ ਪੁਸਤਕ ਵਿਚ ਉਹ ਗੁਰੂ ਸਾਹਿਬਾਨਾਂ ਦੇ ਵੇਰਵਿਆਂ ਨੂੰ ਜਨਮ ਸਾਖੀਆਂ ਪ੍ਰਾਪਤ ਕਰਕੇ ਫਿਰ ਗੁਰਬਾਣੀ ਦੇ ਸਰਲ ਅਰਥੀ ਸਾਰ ਨੂੰ ਵਿਅਕਤ ਕਰਦਾ ਹੈ। ਉਸਦਾ ਅਧਿਐਨ ਕਾਰਜ ਸੁਚੇਤ ਰੂਪ ਵਿਚ ਸਿਧਾਂਤ-ਰਹਿਤ ਸੀ ਜਿਸ ਕਰਕੇ ਉਹ ਖਾਸ ਅਧਿਐਨ ਦ੍ਰਿਸਟੀ ਨੂੰ ਗ੍ਰਹਿਣ ਕੀਤਿਆਂ ਸਾਹਿਤ ਨੂੰ ਪ੍ਰਭਾਵਾਤਮਕ ਅਤੇ ਪ੍ਰਸੰਸਾਮਈ ਨਜ਼ਰੀਏ ਤੋਂ ਦੇਖਦਾ ਰਿਹਾ ਹੈ। ਇਸੇ ਕਰਕੇ ਉਸਦਾ ਅਧਿਐਨ ਕਾਰਜ ਆਪਣੀ ਵਿਸ਼ੇਸ਼ ਪਛਾਣ ਵਿਚਾਰਧਾਰਕ ਤੌਰ ਤੇ ਸਥਾਪਤ ਨਹੀਂ ਕਰ ਸਕਿਆ। ਭਾਵੇਂ ਵਿਚਾਰਧਾਰਕ ਤੌਰ ਤੇ ਉਹ ਆਦਰਸ਼ਵਾਦੀ ਹੈ ਪਰੰਤੂ ਪੂਰਨ ਭਾਂਤ ਚ ਉਹ ਇਸ ਪੱਖੋਂ ਅਚੇਤ ਹੈ। ਇਸੇ ਕਰਕੇ ਇਕ ਆਲੋਚਕ ਨੇ ਬਾਵਾ ਬੁੱਧ ਸਿੰਘ ਤੋਂ ਸੰਤ ਸਿੰਘ ਸੇਖੋਂ ਦੀ ਆਲੋਚਨਾ ਤੱਕ ਦੀ ਆਲੋਚਨਾ ਪ੍ਰਵਿਰਤੀ ਨੂੰ ਅਚੇਤ ਵਿਚਾਰਧਾਰਕ ਪਹੁੰਚ ਦਾ ਦੌਰ23 ਦੀ ਆਲੋਚਨਾ ਕਿਹਾ ਹੈ।
ਬਾਵਾ ਬੁੱਧ ਸਿੰਘ ਦੀ ਆਲੋਚਨਾ ਆਦਰਸ਼ਵਾਦੀ ਦ੍ਰਿਸ਼ਟੀਕੋਣ ਦੇ ਕਰਕੇ ਯਥਾਰਥਕ ਰੂਪ ਵਿਚ ਕਿਸੇ ਵੀ ਸਾਹਿਤਕ ਸੱਚ ਨੂੰ ਗ੍ਰਹਿਣ ਕਰਨ ਤੋਂ ਵਾਂਝੀ ਰਹੀ ਹੈ, ਇਸੇ ਕਰਕੇ ਤਰਕਮਈ ਅਤੇ ਵਿਵੇਕਪੂਰਨ ਨਹੀਂ ਬਣ ਸਕੀ। ਉਹ ਸਾਹਿਤ ਦੇ ਅਹਿਮ ਤੱਤਾਂ ਦਾ ਗਲਪੀਕਰਨ ਕਰ ਦਿੰਦੀ ਹੈ। ਮਿਸਾਲ ਵਜੇ, 'ਖਿਆਲ ਤਾਂ ਸਾਨੂੰ ਕੁਦਰਤ ਦੇ ਸਮੇਂ ਦੇ ਬਾਜ਼ਾਰ ਤੋਂ ਮਿਲੇ ਪਰ ਸੋਚ ਦੀ ਟਕਸਾਲ ਵਿਚ ਕਿਹੜੀ ਮਸ਼ੀਨ ਏ ਜੋ ਇਸ ਖਿਆਲ ਨੂੰ ਅਚਰਜ ਸਾਚੇ ਵਿਚ ਢਾਲ ਦਿੰਦੀ ਏ । ਇਹ ਮਸ਼ੀਨ ਰੱਬੀ ਦਾਤ ਏ। ਇਕ ਕਵੀ ਆਪਣੀ ਮਾਂ ਦੇ ਪੇਟ ਵਿਚੋਂ ਈ ਉਚੀ ਸੋਚ ਨੂੰ ਲੈ ਕੇ ਜੰਮਦਾ