ਪ੍ਰਗਤੀਵਾਦੀ ਸਾਹਿਤਧਾਰਾ ਦੇ ਇਹ ਮੂਲ ਸਿਧਾਂਤਕ ਸੰਕਲਪ ਸਨ ਜਿਨ੍ਹਾਂ ਵਿਚ ਮਾਨਵਵਾਦੀ ਅਤੇ ਉਦਾਰਵਾਦੀ ਵਿਚਾਰਾਂ ਦੀ ਸ਼ਾਮੂਲੀਅਤ ਸੀ । ਉਪਰੋਕਤ ਵਿਚਾਰਧਾਰਕ ਪਹਿਲੂ ਸਮੁੱਚੀ ਸਥਾਪਤੀ ਦੇ ਵਿਰੋਧ ਵਿਚ ਜਨਤਕ ਉਭਾਰ ਨੂੰ ਉਸਾਰਨ ਵਿਚ ਆਪਣੀ ਇਤਿਹਾਸਕ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਨੇ ਜੋ ਮਾਨਵੀ ਚੇਤਨਾ ਵਿਚ ਇਕ ਪਰਿਵਰਤਨ ਲਿਆਂਦਾ ਉਸਨੂੰ ਇਕ ਚਿੰਤਕ ਨਿਮਨ ਲਿਖਤ ਸ਼ਬਦਾਂ ਵਿਚ ਅਭਿਵਿਅਕਤ ਕਰਦਾ ਹੈ।
ਆਪਣੀ ਚੜ੍ਹਤ ਦੇ ਇਸ ਦੌਰ ਵਿਚ ਪ੍ਰਗਤੀਸ਼ੀਲ ਲਹਿਰ ਦੀ ਇਹ ਇਕ ਬਹੁਤ ਵੱਡੀ ਇਤਿਹਾਸਕ ਪ੍ਰਾਪਤੀ ਅਤੇ ਭੂਮਿਕਾ ਸੀ ਕਿ ਇਸ ਨੇ ਪੁਰਾਣੀ ਸਭਿਆਚਾਰਕ ਜਕੜ ਨੂੰ ਤੋੜਦਿਆਂ ਕੌਮੀ ਆਜਾਦੀ ਸਾਮਰਾਜ ਅਤੇ ਫਾਸ਼ੀਵਾਦ ਆਦਿ ਦੀਆਂ ਭਾਵਨਾਵਾਂ ਨੂੰ ਜੀਵਨ ਦੇ ਹਰ ਖੇਤਰ ਅਤੇ ਲੋਕ ਚੇਤਨਾ ਦਾ ਇਕ ਸ਼ਕਤੀਸ਼ਾਲੀ ਮੁਹਾਵਰਾ ਬਣਾਉਣ ਵਿਚ ਸਫਲ ਰਹੀ। ਇਤਿਹਾਸਕ ਪ੍ਰਸੰਗ ਵਿਚ ਨਿਰਸੰਦੇਹ ਇਕ ਬਹੁਤ ਵੱਡੀ ਰਾਸ਼ਟਰ ਵਿਆਪੀ ਇਤਿਹਾਸਕ ਪ੍ਰਾਪਤੀ ਸੀ ।22
ਪ੍ਰਗਤੀਵਾਦੀ ਲਹਿਰ ਦੇ ਵਿਚਾਰਧਾਰਕ ਪਹਿਲੂਆਂ ਵਿਚ ਫਾਸ਼ੀਵਾਦ, ਨਾਜੀਵਾਦ ਦਾ ਵਿਰੋਧ ਪ੍ਰਮੁੱਖ ਸੀ। ਭਾਰਤ ਦੇ ਲੋਕ ਬਰਤਾਨਵੀ ਸਾਮਰਾਜ ਦੀ ਲੁੱਟ ਦਾ ਸ਼ਿਕਾਰ ਸਨ। ਪ੍ਰਗਤੀਵਾਦੀ ਲੇਖਕਾਂ ਨੇ ਇਸ ਨਿਜ਼ਾਮ ਦੇ ਵਿਰੁੱਧ ਲਿਖ ਕੇ ਸਮੂਹਕ ਸੁਤੰਤਰਤਾ ਦੀ ਭਾਵਨਾ ਜਗਾਈ। ਬਰਤਾਨਵੀ ਸਾਮਰਾਜ ਦੇ ਵਿਰੋਧ ਵਿਚ ਚੱਲੀ ਸੁਤੰਤਰਤਾ ਸੰਗਰਾਮ ਦੀ ਲਹਿਰ ਦੇ ਹੱਕ ਵਿਚ ਭਾਰਤੀ ਸਾਹਿਤਕਾਰਾਂ ਨੇ ਰਾਸ਼ਟਰਵਾਦੀ ਭਾਵਨਾ ਨੂੰ ਜਗਾਇਆ ਅਤੇ ਆਜ਼ਾਦੀ ਦੀ ਲਹਿਰ ਵਿਚ ਭਰਵਾਂ ਯੋਗਦਾਨ ਪਾਇਆ। ਦੇਸ਼ ਦੀ ਪ੍ਰਗਤੀ ਅਤੇ ਸਮਾਜ ਵਿਚ ਆ ਰਹੇ ਪਰਿਵਰਤਨਾਂ ਨੂੰ ਅਪਣਾਉਂਦਿਆਂ ਕਿਹਾ ਕਿ. ਭਾਰਤੀ ਸਾਹਿਤਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਭਾਰਤੀ ਜੀਵਨ ਵਿਚ ਪੈਦਾ ਹੋਣ ਵਾਲੀ ਕ੍ਰਾਂਤੀ ਨੂੰ ਸ਼ਾਬਦਕ ਰੂਪ ਦੇਣ ਅਤੇ ਰਾਸ਼ਟਰ ਨੂੰ ਪ੍ਰਗਤੀ ਦੇ ਮਾਰਗ ਉਤੇ ਚਲਾਉਣ ਵਿਚ ਸਹਾਇਕ ਸਿੱਧ ਹੋਣ।23 ਪੰਜਾਬੀ ਕਵਿਤਾ ਵਿਚ ਨਿਜ਼ਾਮ ਵਿਰੁੱਧ ਕ੍ਰਾਂਤੀਕਾਰੀ ਭਾਵਨਾ ਪ੍ਰਚੰਡ ਰੂਪ ਧਾਰਨ ਕਰਕੇ ਪ੍ਰਸਤੁਤ ਹੁੰਦੀ ਹੈ।
ਤਬਾਹ ਦੀ ਬਣਕੇ ਤਬਾਹੀ ਮੈਂ ਆਵਾਂ
ਜੋ ਖਲਕਤ ਮੁਕਾਵੇ ਮੈਂ ਉਸਨੂੰ ਮੁਕਾਵਾਂ।
ਮੈਂ ਨੀਰੋ ਦਾ ਦੁਸ਼ਮਣ ਮੈਂ ਕਾਰੂ ਦਾ ਵੈਰੀ।
ਮੈਂ ਇਨ੍ਹਾਂ ਲਈ ਅਯਦਹਾ ਨਾਗ ਜ਼ਹਿਰੀ।