ਨਹੀਂ ਅਪਣਾਇਆ। ਸਦੀ ਚੇਤਨਾ ਦੇ ਧਾਰਮਿਕ ਅਤੇ ਅਨੁਭਵੀ ਮੁਹਾਵਰੇ ਰਾਹੀਂ ਇਸ ਦੇ ਨਿੱਕੇ ਲੋਕ-ਹਿੱਤੀ ਮਨੁੱਖੀ ਸਮਾਜਕ ਪੈਂਤੜੇ ਨੂੰ ਹੀ ਸਥਾਪਤ ਕਰਨ ਦਾ ਯਤਨ ਕੀਤਾ।97
ਇਸ ਸੰਬੰਧੀ ਨਜਮ ਹੁਸੈਨ ਸੱਯਦ ਦੀ ਆਲੋਚਨਾ ਵੀ ਪੁਸਟੀ ਹਿੱਤ ਪੇਸ਼ ਕੀਤੀ ਜਾ ਸਕਦੀ ਹੈ। ਸੂਫੀ ਕਾਵਿ ਬਾਰੇ ਕੁਝ ਪ੍ਰਗਤੀਵਾਦੀ ਪੰਜਾਬੀ ਆਲੋਚਕਾਂ ਦੀਆਂ ਟਿੱਪਣੀਆਂ ਅੰਤਰਮੁਖੀ ਅਤੇ ਨਿੱਜੀ ਪ੍ਰਤਿਕਰਮਾ ਤੇ ਆਧਾਰਿਤ ਹੋਣ ਕਾਰਨ ਇਸ ਕਾਵਿ ਲਹਿਰ ਦੀ ਅੰਦਰਲੀ ਵਸਤੂ ਨਾਲ ਨਿਆ ਨਹੀਂ ਕਰ ਸਕੀਆਂ। ਵਿਗਿਆਨਕ ਅਤੇ ਬਾਹਰਮੁਖੀ ਚਿੰਤਨ ਦੀ ਘਾਟ ਕਾਰਨ ਮਕਾਨਕੀ ਅਤੇ ਸਿੱਧੜ ਧਾਰਨਾਵਾਂ ਪ੍ਰਸਤੁਤ ਹੋਈਆਂ। ਇਸੇ ਕਾਰਨ ਸੂਫੀ ਕਾਵਿ ਦਾ ਵਿਸ਼ਲੇਸ਼ਣ ਅਤੇ ਵਿਆਖਿਆ ਵੀ ਸਹੀ ਦਿਸ਼ਾ ਧਾਰਨ ਨਹੀਂ ਕਰ ਸਕੀ।
ਪੰਜਾਬੀ ਕਿੱਸਾ ਕਾਵਿ ਬਾਰੇ ਵੀ ਪ੍ਰਗਤੀਵਾਦੀ ਪੰਜਾਬੀ ਚਿੰਤਕ ਇਕ ਦੂਜੇ ਦੇ ਮੂਲੋਂ ਹੀ ਭਿੰਨ ਤਿੰਨ ਧਾਰਨਾਵਾਂ ਪ੍ਰਸਤੁਤ ਕਰਦੇ ਹਨ। ਨਿਮਨ ਲਿਖਤ ਪ੍ਰਤੀਨਿੱਧ ਕਥਨਾ ਤੋਂ ਵਾਚਿਆ ਜਾ ਸਕਦਾ ਹੈ। ਵਾਰਿਸ ਸ਼ਾਹ ਦੀ ਹੀਰ ਉਪਰਾਮਤਾ ਦੀ ਜੀਂਦੀ ਜਾਗਦੀ ਤਸਵੀਰ ਹੈ। ਦੇਸ ਵਿਚ ਮੁਗਲਾਂ ਦੇ ਵਿਰੁੱਧ ਮਰਹੱਟੇ, ਜਾਟ, ਸਿੱਖ ਅਤੇ ਮੁਸਲਮਾਨ ਹਾਕਮ ਖੁਦ ਤਾਕਤ ਤਿਆਰ ਕਰ ਰਹੇ ਸਨ ਅਧਮੂਲ ਮਚਿਆ ਹੋਇਆ ਸੀ। "98 ਇਸ ਕਥਨ ਤੋਂ ਸਿੱਧੜ, ਸਰਲ ਅਰਥੀ ਅਤੇ ਮਕਾਨਕੀ ਦ੍ਰਿਸ਼ਟੀ ਦਾ ਪਤਾ ਲੱਗਦਾ ਸੀ । ਪ੍ਰਗਤੀਵਾਦੀ ਆਲੋਚਕ ਵਾਰਿਸ ਦੀ ਹੀਰ ਨੂੰ ਸਮਾਜਕ ਕਦਰਾਂ ਕੀਮਤਾਂ ਦੇ ਟਕਰਾਉਂਦੇ ਪ੍ਰਸੰਗ ਵਿਚ ਸਮਝ ਨਹੀਂ ਸਕਿਆ। ਉਸ ਸਮੇਂ ਦੀ ਸਾਮੰਤੀ ਸਮਾਜ ਦੀ ਬਣਤਰ ਦੇ ਵਿਸ਼ੇਸ਼ ਮੁਹਾਵਰੇ ਨੂੰ ਅਤੇ ਰਚਨਾ ਦੇ ਅੰਦਰਲੇ ਸਾਰ ਨੂੰ ਫੜ੍ਹਨ ਚ ਆਲੋਚਕ ਅਸਮਰੱਥ ਹੈ। ਕੁਝ ਪ੍ਰਗਤੀਵਾਦੀ ਆਲੋਚਕ ਇਸ ਨੂੰ ਬਾਹਰਮੁਖੀ ਰੂਪ `ਚ ਇਕ ਸਹੀ ਦਿਸ਼ਾ 'ਚ ਸਮਝਣ ਦਾ ਯਤਨ ਕਰਦੇ ਹਨ। "ਵਾਰਿਸ ਇਕ ਸਬੁੱਧ ਤੇ ਚੇਤਨ ਕਲਾਕਾਰ ਹੈ ਜਿਹੜਾ ਨਾ ਤਾਂ ਕਹਾਣੀ ਨੂੰ ਕੇਵਲ ਕਹਾਣੀ ਵਜੋਂ ਤੇ ਨਾ ਹੀ ਆਪਣੇ ਅਨੁਭਵ ਨੂੰ ਮਨੁੱਖੀ ਘਟਨਾਵਾਂ ਤੇ ਭਾਵਾਂ ਦੇ ਅਰਥਾਂ ਵਿਚ ਉਲਥਾਏ ਬਿਨਾਂ ਉਸ ਨੂੰ ਪੇਸ਼ ਕਰਦਾ ਹੈ। ਉਸਦੀ ਪੇਸਕਾਰੀ ਯਥਾਰਥ ਦਾ ਇਕ ਸਾਰਥਕ ਤੇ ਕੀਮਤੀ ਚਿੱਤਰ ਹੈ।99 ਪੰਜਾਬੀ ਕਿੱਸਾ ਕਾਵਿ ਦੀ ਸਮੁੱਚਤਾ ਬਾਰੇ ਅਜਿਹਾ ਹੀ ਸਾਰਥਕ ਵਿਚਾਰ ਇਕ ਹੋਰ ਚਿੰਤਕ ਦਾ ਹੈ ਜੋ ਸਮੁੱਚੇ ਅਨੁਭਵ ਨੂੰ ਸਹੀ ਦ੍ਰਿਸ਼ਟੀ ਤੋਂ ਗ੍ਰਹਿਣ ਕਰਦਾ ਪ੍ਰਤੀਤ ਹੁੰਦਾ ਹੈ। ਸਮੁੱਚੇ ਤੌਰ ਤੇ ਪੰਜਾਬੀ ਕਿੱਸਾ ਕਾਵਿ ਮੱਧਕਾਲੀਨ ਪੰਜਾਬੀ ਸਭਿਆਚਾਰ ਅਤੇ ਇਸ ਦੇ ਸਮਾਜਕ ਇਤਿਹਾਸਕ ਯਥਾਰਥ ਦਾ ਕਲਾਤਮਿਕ ਚਿੱਤਰ ਪੇਸ਼ ਕਰਨ ਵਿਚ ਰੁਚਿਤ ਹੈ ਜਿਹੜਾ ਆਪਣੇ ਦੌਰ ਦੀਆਂ ਉਭਰਦੀਆਂ ਜਮਾਤੀ ਸ਼ਕਤੀਆਂ, ਲੋਕ ਚੇਤਨਾ ਅਤੇ ਇਤਿਹਾਸਕ ਸ਼ਕਤੀਆਂ ਦੀ ਵਿਚਾਰਧਾਰਾ ਨੂੰ ਆਪਣੇ ਕਲਾਤਮਿਕ ਚਿੱਤਰ ਦਾ ਮੂਲ ਆਧਾਰ ਬਣਾ ਸਕਿਆ ਹੈ। " 100 ਪਰ ਕਿੱਸਾ ਕਾਵਿ ਵਿਚ ਵਾਰਿਸ ਦੀ ਹੀਰ ਪ੍ਰਤੀ ਕੁਝ ਚਿੰਤਕ ਉਲਾਰ ਅਤੇ ਕੱਟੜਤਾ ਦੇ ਸ਼ਿਕਾਰ ਹੈ ਕੇ ਇਹ ਵੀ ਕਹਿ ਜਾਂਦੇ ਹਨ ਕਿ ਵਾਰਿਸ ਤੋਂ ਬਾਅਦ ਪੰਜਾਬੀ ਵਿਚ ਅਜੇ ਤੱਕ ਕੋਈ ਚੋਟੀ ਦਾ ਕਵੀ ਨਹੀਂ ਹੋਇਆ । ਇਸ ਦੇ ਬਾਵਜੂਦ ਪ੍ਰਗਤੀਵਾਦੀ ਆਲੋਚਨਾ ਕਿੱਸਾ ਕਾਵਿ ਦੀ ਸਹੀ ਵਸਤੂ ਨੂੰ ਸਮਝਣ ਲਈ ਮੁੱਲਵਾਨ ਸਥਾਪਨਾਵਾਂ ਕਰਦੀ ਹੈ। ਪੰਜਾਬੀ ਕਿੱਸਾ ਕਾਵਿ ਮੁੱਖ ਰੂਪ ਵਿਚ ਇਸ਼ਕ ਦੇ ਬੁਨਿਆਦੀ ਜਜ਼ਬੇ ਦੇ ਮੁਹਾਵਰੇ ਰਾਹੀਂ ਸਾਮੰਤਕ ਆਰਥਕ ਬਣਤਰ ਦੀਆਂ ਕੀਮਤਾਂ ਦਾ ਵਿਰੋਧ ਕਰਦੀ ਹੈ। ਇਹ ਇਸ਼ਕ ਦੇ ਜਜ਼ਬੇ ਰਾਹੀਂ ਹੀ ਮੱਧਕਾਲੀ ਸਮਾਜ ਦੀਆਂ ਰਸਮਾਂ, ਰਿਵਾਜਾਂ, ਰਹੁ-ਰੀਤਾਂ ਦਾ ਯਥਾਰਥਕ ਚਿਤ੍ਰਣ ਕਰਦੀ ਹੈ ਅਤੇ ਸੁਮੱਚੇ ਯਥਾਰਥ ਨੂੰ ਜਨ-ਹਿੱਤੂ ਨਜ਼ਰੀਏ ਤੋਂ ਵਿਸ਼ਲੇਸ਼ਣ ਕਰਦੀ ਹੈ। ਪ੍ਰਗਤੀਵਾਦੀ ਪੰਜਾਬੀ ਆਲੋਚਨਾ ਇਸ ਨੂੰ ਸਾਹਿਤਕ ਚਿੱਤਰ ਵਜੋਂ ਗ੍ਰਹਿਣ ਕਰਨ ਲਈ ਯਤਨ-ਸ਼ੀਲ ਹੈ।