ਮੱਧਕਾਲੀ ਸਾਹਿਤ ਦੇ ਵਿਸ਼ਲੇਸ਼ਣ ਤੋਂ ਬਿਨਾਂ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਆਧੁਨਿਕ ਸਾਹਿਤ ਬਾਰੇ ਵੀ ਬਾਹਰਮੁਖੀ ਪਰਿਪੇਖ ਉਸਾਰਦੀ ਹੈ। ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦਾ ਆਧੁਨਿਕ ਸਾਹਿਤ ਪ੍ਰਤੀ ਵਿਸ਼ੇਸ਼ ਝੁਕਾਅ ਰਿਹਾ ਹੈ। ਆਧੁਨਿਕ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਅਤੇ ਸਮੁੱਚੇ ਸਾਹਿਤ ਪ੍ਰਤੀ ਇਸ ਆਲੋਚਨਾ ਵਿਚ ਭਾਵੇਂ ਕਈ ਪੱਖਾਂ ਤੋਂ ਬੁਨਿਆਦੀ ਅੰਤਰ ਹੈ ਪਰ ਮੱਧਕਾਲੀ ਸਾਹਿਤ ਆਲੋਚਨਾ ਨਾਲੋਂ ਇਸ ਦੀ ਇਹ ਵਿਸ਼ੇਸ਼ਤਾ ਅਵੇਸ਼ ਹੈ ਕਿ ਨਿੱਜੀ ਪ੍ਰਤਿਕਰਮਾਂ ਤੇ ਦੂਰ ਵਿਗਿਆਨਕ ਢੰਗ ਨਾਲ ਤਰਕ ਪੇਸ਼ ਕਰਦੀ ਹੈ। ਇਸ ਸਮੇਂ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਅੰਤਰ-ਰਾਸ਼ਟਰੀ ਪੱਧਰ ਤੇ ਵਿਕਸਤ ਵਿਭਿੰਨ ਆਲੋਚਨਾ ਪ੍ਰਣਾਲੀਆਂ ਤੋਂ ਪ੍ਰਾਪਤ ਦ੍ਰਿਸਟੀਆਂ ਨਾਲ ਵੀ ਸਾਹਿਤ ਦੇ ਗੰਭੀਰ ਅਰਥਾਂ ਪ੍ਰਤੀ ਰੁਚਿਤ ਹੋਈ ਹੈ ਅਤੇ ਉਸਦੀ ਅੰਦਰਲੀ ਵਸਤੂ ਨੂੰ ਸਹੀ ਦਿਸ਼ਾ 'ਚ ਉਘਾੜਦੀ ਵੀ ਹੈ।
ਆਧੁਨਿਕ ਸਾਹਿਤ ਦੀ ਅਸਲ ਆਧਾਰਸ਼ਿਲਾ ਉਸ ਸਮੇਂ ਸੁਰੂ ਹੁੰਦੀ ਹੈ ਜਦੋਂ ਮਨੁੱਖ ਦੀ ਚੇਤਨਾ ਦਿੱਬ-ਕੇਂਦਰਿਤ ਨਾ ਰਹਿ ਕੇ ਮਾਨਵ-ਕੇਂਦਰਿਤ ਹੋ ਜਾਦੀ ਹੈ। ਇਹ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਦੇ ਆਗਮਨ ਨਾਲ ਸ਼ੁਰੂ ਹੋ ਜਾਂਦੀ ਹੈ । ਇਸ ਸਮੇਂ ਪੈਦਾਵਾਰੀ ਰਿਸ਼ਤੇ ਅਤੇ ਪੈਦਾਵਾਰੀ ਸ਼ਕਤੀ ਸਾਮੰਤੀ ਅਤੇ ਜਾਗੀਰੂ ਬਣਤਰ ਦੇ ਅਨੁਸਾਰੀ ਨਾ ਹੋ ਕੇ ਪੂੰਜੀਵਾਦੀ ਲੀਹਾਂ ਦੇ ਅਨੁਸਾਰੀ ਬਣਨ ਲਗਦੇ ਹਨ। ਇਸ ਦਾ ਨਿਰੰਤਰ ਵਿਕਾਸ ਮਾਨਵ ਕੇਂਦਰਿਤ ਚੇਤਨਾ ਦਾ ਵਿਕਾਸ ਨਿਸਚਿਤ ਕਰਦਾ ਹੈ ਤੇ ਮਨੁੱਖ ਵਿਗਿਆਨਕ ਸੋਝੀਆਂ ਨਾਲ ਵੀ ਦੋ-ਚਾਰ ਹੁੰਦਾ ਹੈ। ਇਸ ਤਰ੍ਹਾਂ ਜਗੀਰੂ ਕਦਰਾਂ ਕੀਮਤਾਂ ਤੇ ਨਿਰੰਤਰ ਹਮਲਾ ਅਤੇ ਪੂੰਜੀਵਾਦੀ ਕੀਮਤਾਂ ਦੀ ਸਥਾਪਨਾ ਸਮੁੱਚੀ ਜੀਵਨ ਜਾਚ ਵਿਚ ਇਕ ਨਵੀਂ ਚੇਤਨਾ ਦਾ ਉਦੈ ਕਰਦੀ ਹੈ, ਇਸੇ ਨੂੰ ਆਧੁਨਿਕ ਸਮੇਂ ਦੀ ਸਾਹਿਤ ਚੇਤਨਾ ਦਾ ਆਧਾਰ ਮਿਥਿਆ ਜਾ ਸਕਦਾ ਹੈ। ਇਸ ਸਮੇਂ ਤੋਂ ਉਤਪੰਨ ਸਾਹਿਤ ਹੁਣ ਤੱਕ ਵਿਭਿੰਨ ਧਾਰਾਵਾ ਦੇ ਨਾਅ ਨਾਲ ਵੀ ਜਾਣਿਆ ਜਾਂਦਾ ਹੈ। ਪੰਜਾਬੀ ਸਾਹਿਤ ਵਿਚ ਅਜਿਹੇ ਅਧੁਨਿਕਤਾ ਦੇ ਪ੍ਰਭਾਵ ਥੱਲੇ ਕਈ ਨਵੇਂ ਸਾਹਿਤ ਰੂਪ ਵੀ ਪੈਦਾ ਹੋਏ ਜਿਵੇਂ ਨਾਵਲ, ਨਾਟਕ, ਕਹਾਣੀ ਆਦਿਕ।
ਇਨ੍ਹਾਂ ਸਾਰੇ ਰੂਪਾਂ ਬਾਰੇ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਨਿੱਠ ਕੇ ਵਿਚਾਰ ਕੀਤਾ ਹੈ. ਭਾਵੇਂ ਅਜਿਹੇ ਬਹੁਤ ਸਾਰੇ ਵਿਚਾਰ ਮਿਲਦੇ ਹਨ ਜਿਹੜੇ ਇਕ ਦੂਸਰੇ ਦੇ ਵਿਰੋਧ ਵਿਚ ਸਥਾਪਤ ਹੁੰਦੇ ਹਨ। ਆਧੁਨਿਕ ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦੀ ਕਾਵਿ-ਧਾਰਾ ਪ੍ਰਮੁੱਖ ਤੇ ਸੁਚੇਤ ਕਾਵਿ- ਧਾਰਾ ਹੈ ਪਰ ਇਸ ਬਾਰੇ ਵੀ ਆਲੋਚਕਾਂ ਦੇ ਵਿਚਾਰ ਇਕ ਦੂਜੇ ਨਾਲੋਂ ਮੂਲ ਹੀ ਭਿੰਨ ਹਨ। "ਇਸ ਦੌਰ ਵਿਚ ਪੰਜਾਬੀ ਕਵਿਤਾ ਇਕ ਵਿਸ਼ਾਲ ਸਮਾਜਕ ਇਨਕਲਾਬ ਦੇ ਜੈਸੀਲੇ ਉਤਸ਼ਾਹ ਨਾਲ ਹੁਲਾਰੇ ਵਿਚ ਆਈ ਪਰ ਇਸਦੇ ਸਨਮੁੱਖ ਜਿਹੜੇ ਰਚਨਾਤਮਿਕ ਮਾਡਲ ਸਨ ਉਹ ਬਾਹਰੋਂ ਵਿਸ਼ੇਸ ਕਰਕੇ ਉਰਦੂ ਤੋਂ ਆਏ ਸਨ। ਇਉਂ ਕਵਿਤਾ ਦੀ ਰੁਚੀ ਯਥਾਰਥ ਉਤੇ ਆਰੋਪਿਤ ਹੋਣ ਦੀ ਬਣ ਗਈ । ਯਥਾਰਥ ਨਾਲ ਸੰਘਰਸ਼ ਵਿਚੋਂ ਉਪਜਣ ਦੀ ਨਹੀਂ । ਸਮੁੱਚੇ ਪ੍ਰਗਤੀਵਾਦੀ ਵੇਗ ਵਿਚ ਪੰਜਾਬੀ ਕਵਿਤਾ ਇਕ ਵੀ ਅਜਿਹਾ ਬਿੰਬ ਨਾ ਸਿਰਜ ਸਕੀ ਜਿਹੜਾ ਸਥਾਨਕ ਮਿੱਥ ਵਿਚ ਸਥਿਤ ਹੋਵੇ ।"101 ਇਸੇ ਤਰ੍ਹਾਂ ਦਾ ਭਾਵ-ਅਰਥ ਰੱਖਦੀਆਂ ਇਸ ਵਿਚਾਰ ਦੀਆਂ ਸਤਰਾਂ ਹਨ ਪਰ ਇਹ ਇਕ ਵਿੱਥ ਜ਼ਰੂਰ ਥਾਪਦੀਆਂ ਹਨ, ਵਰਗ ਸੰਘਰਸ਼ ਦੀ ਚੇਤਨਾ ਵਸਤੂ ਯਥਾਰਥ ਦੇ ਵਿਵੇਕ ਦੀ ਉਪਜ ਨਾ ਹੋ ਕੇ ਵਿਚਾਰਧਾਰਾਈ ਚੇਤੰਨਤਾ ਤੇ ਆਧਾਰਿਤ ਸੀ । ਇਸ ਲਈ ਇਹ ਚੇਤਨਾ ਕ੍ਰਾਂਤੀ ਦੇ ਜਿਸ ਆਦਰਸ਼ ਦੀ ਅਰਾਧਨਾ ਕਰਦੀ ਸੀ । ਉਹ ਯਥਾਰਥ ਦੇ ਕਲਪਿਤ ਅਥਵਾ ਰੋਮਾਂਟਿਕ ਆਧਾਰ ਨੂੰ ਹੀ ਆਪਣੇ ਵਿਚਾਰਧਾਰਾਈ ਆਸੇ ਦੀ ਟੇਕ ਬਣਾਉਣ ਲਈ ਮਜਬੂਰ ਸੀ ।"102