

ਉਪਰੋਕਤ ਵਿਚਾਰਾਂ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਭਾਵੇਂ ਦੇਵਨਾਗਰੀ, ਫਾਰਸੀ ਅਤੇ ਰੋਮਨ ਲਿਪੀਆਂ ਵੀ ਪੰਜਾਬੀ ਦੇ ਲਿਖਤੀ ਰੂਪ ਲਈ ਵਰਤੀਆਂ ਗਈਆਂ ਹਨ ਪਰ ਇਹਨਾਂ ਦੀ ਥਾਂ ਗੁਰਮੁਖੀ ਹੀ ਅਜਿਹੀ ਲਿਪੀ ਹੈ ਜੋ ਪੰਜਾਬੀ ਲਈ ਸਭ ਤੋਂ ਢੁਕਵੀਂ ਲਿਪੀ ਹੈ।
ਪ੍ਰਸ਼ਨ- ਪੰਜਾਬੀ ਸ਼ਬਦ ਜੋੜਾਂ ਦੀਆਂ ਸਮੱਸਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਭਾਸ਼ਾ ਦੇ ਲਿਖਤੀ ਰੂਪ ਵਿਚ ਸ਼ਬਦ ਜੋੜਾਂ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਭਾਸ਼ਾ ਦਾ ਬੋਲ ਚਾਲੀ ਰੂਪ ਤਾਂ ਵਿਸ਼ੇਸ਼ ਸਮੇਂ, ਸਥਾਨ ਅਤੇ ਸਥਿਤੀ ਨਾਲ ਬੱਝਾ ਹੋਇਆ ਹੁੰਦਾ ਹੈ ਇਸ ਲਈ ਭਾਸ਼ਾ ਦੇ ਬੋਲਾਂ ਦੇ ਅਰਥ ਇਹਨਾਂ ਸਥਿਤੀਆਂ ਵਿਚ ਪ੍ਰਾਪਤ ਕੀਤੇ ਜਾਂਦੇ ਹਨ। ਭਾਸ਼ਾ ਦੇ ਬੋਲ ਰੂਪ ਅਸਥਾਈ ਹੁੰਦੇ ਹਨ ਅਰਥਾਤ ਇਕ ਵਾਰ ਬੋਲੇ ਗਏ ਬੋਲ ਹਵਾ ਵਿਚ ਉੱਡ ਜਾਂਦੇ ਹਨ ਪਰ ਇਸ ਤੋਂ ਉਲਟ ਭਾਸ਼ਾ ਦਾ ਲਿਖਤੀ ਰੂਪ ਸਦੀਵੀ ਹੁੰਦਾ ਹੈ ਜਿਸ ਨੂੰ ਕਿਸੇ ਸਮੇਂ, ਕਿਸੇ ਵੀ ਸਥਾਨ ਜਾਂ ਕਿਸੇ ਵੀ ਪਰਸਥਿਤੀ ਵਿਚ ਮੁੜ ਪੜ੍ਹਿਆ ਜਾ ਸਕਦਾ ਹੈ। ਇਸ ਤੋਂ ਭਾਵ ਇਹ ਹੈ ਕਿ ਭਾਸ਼ਾ ਦਾ ਲਿਖਤੀ ਰੂਪ ਹਵਾ ਵਿਚ ਨਹੀਂ ਉੱਡਦਾ ਸਗੋਂ ਕਾਗਜ਼ਾਂ ਉੱਤੇ ਸਾਂਭਿਆ ਰਹਿੰਦਾ ਹੈ ਅਤੇ ਉਹ ਵੀ ਕਈ ਕਈ ਸਦੀਆਂ ਲਈ ਰਹਿੰਦਾ ਹੈ। ਇਸ ਲਈ ਲਿਖਤੀ ਰੂਪ ਦੀ ਇਹ ਵੱਡੀ ਲੋੜ ਹੈ ਕਿ ਹਰ ਸ਼ਬਦ ਦੇ ਜੋੜ ਹਰ ਲੇਖਕ ਇਕੋ ਤਰ੍ਹਾਂ ਰੱਖੇ। ਅਸੀਂ ਜਾਣਦੇ ਹਾਂ ਕਿ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਜੋੜਾਂ ਵਿਚ ਇਕ ਧਾਰਨਾ ਹੈ ਅਰਥਾਤ ਹਰੇਕ ਸ਼ਬਦ ਲਈ ਵਿਸ਼ੇਸ਼ ਸ਼ਬਦ ਜੋੜ ਵਰਤੇ ਜਾਂਦੇ ਹਨ। ਇਸ ਤੋਂ ਉਲਟ ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਵਿਚ ਅਜਿਹੀ ਇਕਸਾਰਤਾ ਨਹੀਂ ਹੈ।
ਪੰਜਾਬੀ ਸ਼ਬਦ ਜੋੜਾਂ ਵਿਚ ਇਕਸਾਰਤਾ ਦਾ ਨਾ ਹੋਣਾ ਹੀ ਸ਼ਬਦ ਜੋੜਾਂ ਦੀ ਸਮੱਸਿਆ ਹੈ। ਮੋਟੇ ਤੌਰ ਉੱਤੇ ਵੇਖਿਆ ਜਾ ਸਕਦਾ ਹੈ ਕਿ ਕਈ ਲੇਖਕ ਸ਼ਬਦ 'ਇਕ' ਨੂੰ ਅੱਧਕ ਤੋਂ ਬਿਨਾਂ ਲਿਖਦੇ ਹਨ ਅਤੇ ਕਈ ਇਸ ਉੱਤੇ ਅੱਧਕ ਪਾਉਂਦੇ ਹਨ (ਇੱਕ) । ਇਸੇ ਤਰ੍ਹਾਂ ਪੰਜਾਬੀ ਸ਼ਬਦ ਜੋੜਾਂ ਦੀਆਂ ਸਮੱਸਿਆ ਦੇ ਪ੍ਰਮੁੱਖ ਪੱਖ ਹੇਠ ਲਿਖੇ ਅਨੁਸਾਰ ਹਨ।
(1) ਅੱਧਕ ਦੀ ਵਰਤੋਂ
(2) (ਘ, ਝ, ਢ, ਧ, ਭ) ਦਾ ਲਿਖਤੀ ਰੂਪ
(3) (ਹ) ਦਾ ਲਿਖਤੀ ਰੂਪ
(4) ਪੈਰ ਵਿਚ ਪੈਣ ਵਾਲੇ ਅੱਖਰ
(5) ਲਘੂ ਸਵਰਾਂ ਦੇ ਅੱਖਰ
(6) ਫਾਰਸੀ ਅੱਖਰਾਂ ਦੀ ਵਰਤੋਂ
(7) 'ਰ' ਤੋਂ ਪਿਛੋਂ 'ਨ' ਜਾਂ 'ਣ'
(1) ਅੱਧਕ ਦੀ ਵਰਤੋਂ- ਪੰਜਾਬੀ ਸ਼ਬਦ ਜੋੜਾਂ ਵਿਚ ਅੱਧਕ ਦੀ ਵਰਤੋਂ ਵੀ ਕਿ ਸਮੱਸਿਆ ਹੈ। ਸ਼ਬਦ ਇਕ, ਵਿਚ ਆਦਿ ਨੂੰ ਅੱਧਕ ਨਾਲ ਲਿਖਿਆ ਜਾਵੇ ਜਾਂ ਅੱਧਕ ਤੋਂ ਬਿਨਾਂ। ਅਜਿਹੇ ਸ਼ਬਦਾਂ ਦੇ ਲਿਖਤੀ ਰੂਪ ਵਿਚ ਅੱਧਕ ਪਾਇਆ ਜਾ ਨਾ ਪਾਇਆ ਜਾਵੇ ਇਹਨਾਂ ਦੇ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ। ਇਸ ਤੋਂ ਉਲਟ ਪੰਜਾਬੀ ਦੇ ਕਈ ਸ਼ਬਦ ਅਜਿਹੇ ਹਨ ਜਿਹਨਾਂ ਦੇ ਅੱਧਕ ਰਹਿਤ ਰੂਪ ਹੋਰ ਅਰਥ ਰੱਖਦੇ ਹਨ ਅਤੇ ਅੱਧਕ ਸਹਿਤ ਰੂਪ ਵੱਖਰੇ ਅਰਥ, ਜਿਵੇਂ-
ਅੱਧਕ ਰਹਿਤ ਅੱਧਕ ਸਹਿਤ
ਸਤ ਸੱਤ
ਸਦਾ ਸੱਦਾ